ਪੰਜਾਬ ਦੀ ਰਾਜਨੀਤੀ ‘ਚ ਨਵਾਂ ਫਰੰਟ ਖੜ੍ਹਾ ਕਰਨ ਦੀਆਂ ਤਿਆਰੀਆਂ

ਪੰਜਾਬ ਦੀ ਰਾਜਨੀਤੀ ‘ਚ ਨਵਾਂ ਫਰੰਟ ਖੜ੍ਹਾ ਕਰਨ ਦੀਆਂ ਤਿਆਰੀਆਂ

ਲੁਧਿਆਣਾ ਵਿਚ ਮੌਜੂਦ ਸਿਆਸੀ ਆਗੂ ਬਲਵੰਤ ਸਿੰਘ ਰਾਮੂਵਾਲੀਆ, ਬੀਰ ਦਵਿੰਦਰ, ਸੁਖਪਾਲ ਸਿੰਘ ਖਹਿਰਾ ਤੇ ਹੋਰ।
ਲੁਧਿਆਣਾ/ਬਿਊਰੋ ਨਿਊਜ਼ :
ਪੰਜਾਬ ਦੀ ਰਾਜਨੀਤੀ ਵਿਚ ਨਵੇਂ ਸਿਆਸੀ ਮੁਹਾਜ਼ ਲਈ ਪੇਸ਼ਬੰਦੀਆਂ ਸ਼ੁਰੂ ਹੋ ਗਈਆਂ ਹਨ। ਆਉਣ ਵਾਲੇ ਦਿਨਾ ਦੌਰਾਨ ਇਸ ਬਾਬਤ ਕੋਈ ਗੱਲਬਾਤ ਸ਼ੁਰੂ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਸੂਬੇ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਖ਼ਿਲਾਫ਼ ਮੋਰਚਾ ਖੜ੍ਹਾ ਕੀਤੇ ਜਾਣ ਦੇ ਸੰਕੇਤ ਇੱਥੇ ਹੋਏ ਇਕ ਸਮਾਗਮ ਦੌਰਾਨ ਉਸ ਵੇਲੇ ਨਜ਼ਰ ਆਏ ਜਦੋਂ ਵਿਰੋਧੀ ਧਿਰ ‘ਆਪ’ ਦੇ ਆਗੂ ਸੁਖਪਾਲ ਸਿੰਘ ਖਹਿਰਾ, ਜਗਮੀਤ ਸਿੰਘ ਬਰਾੜ, ਬੀਰ ਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਸੁੱਚਾ ਸਿੰਘ ਛੋਟੇਪੁਰ ਤੇ ਧਰਮਵੀਰ ਗਾਂਧੀ ਨੇ ਵਿਧਾਇਕ ਬੈਂਸ ਭਰਾਵਾਂ ਦੇ ਪਿਤਾ ਦੇ ਭੋਗ ਵਿੱਚ ਇਕੱਠਿਆਂ ਸ਼ਮੂਲੀਅਤ ਕੀਤੀ।
ਉਨ੍ਹਾਂ ਇਸ ਮੌਕੇ ਬੈਂਸ ਭਰਾਵਾਂ ਨਾਲ ਮਿਲ ਕੇ ਨਵਾਂ ਮੋਰਚਾ ਬਣਾਉਣ ਦਾ ਇਸ਼ਾਰਾ ਦਿੱਤਾ ਗਿਆ ਹੈ। ਤਮਾਮ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਸਾਰੇ ਇੱਕ ਮੰਚ ‘ਤੇ ਇਕੱਠੇ ਹੋਣ ਲਈ ਤਿਆਰ ਹਨ, ਪਰ ਇਸ ਲਈ ਪਹਿਲਾਂ ਠੋਸ ਰਣਨੀਤੀ ਤੈਅ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਭੋਗ ਸਮਾਗਮ ਹੋਣ ਕਾਰਨ ਸਾਰੇ ਆਗੂ ਇਸ਼ਾਰਿਆਂ ਵਿੱਚ ਹੀ ਲੁੱਕਵੇਂ ਜਿਹੇ ਢੰਗ ਨਾਲ ਗੱਠਜੋੜ ਬਾਰੇ ਗੱਲਬਾਤ ਕਰਦੇ ਨਜ਼ਰ ਆਏ।
ਸੂਤਰਾਂ ਮੁਤਾਬਕ ਨਵੇਂ ਮੋਰਚੇ ਲਈ ਵਿਧਾਇਕ ਬੈਂਸ ਭਰਾਵਾਂ ਤੇ ‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੂਬੇ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲਿਆਂ ਵਿੱਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਵਿੱਚ ਦੇਰੀ ਦੇ ਮੁੱਦੇ ‘ਤੇ 14 ਸਤੰਬਰ ਨੂੰ ਵੱਖ-ਵੱਖ ਧਿਰਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਸਿਆਸੀ ਧਿਰਾਂ, ਇਨਸਾਫ਼ ਮੋਰਚਾ, ਪੰਥਕ ਮੋਰਚਾ, ਕਿਸਾਨ ਯੂਨੀਅਨ ਅਤੇ ਹੋਰਾਂ ਨੂੰ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਕਾਰਵਾਈ ਲਈ ਸਰਕਾਰ ਨੂੰ 40 ਦਿਨ ਦਾ ਅਲਟੀਮੇਟਮ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਪੰਜਾਬ ਵਿੱਚ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ, ਬੀਰ ਦਵਿੰਦਰ ਸਿੰਘ ਤੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਵੀ ਨਵੇਂ ਧੜੇ ਦੇ ਹੱਕ ਵਿੱਚ ਹਾਮੀ ਭਰੀ।