ਕਾਂਗਰਸੀ ਵਿਧਾਇਕਾਂ ਦੇ ਅਸਤੀਫ਼ੇ ਮਹਿਜ਼ ‘ਡਰਾਮਾ’ ਹੀ ਨਿਕਲੇ

ਕਾਂਗਰਸੀ ਵਿਧਾਇਕਾਂ ਦੇ ਅਸਤੀਫ਼ੇ ਮਹਿਜ਼ ‘ਡਰਾਮਾ’ ਹੀ ਨਿਕਲੇ

ਤਨਖ਼ਾਹਾਂ-ਭੱਤੇ ਸਭ ਲਏ
ਚੰਡੀਗੜ੍ਹ/ਬਿਊਰੋ ਨਿਊਜ਼ :
ਪਿਛਲੀ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ 41 ਕਾਂਗਰਸੀ ਮੈਂਬਰਾਂ ਵੱਲੋਂ ਨਦੀ ਜਲ ਵਿਵਾਦ ਤੇ ਐਸ.ਵਾਈ.ਐਲ. ਨਹਿਰ ਦੇ ਮਾਮਲੇ ਨੂੰ ਲੈ ਕੇ 11 ਨਵੰਬਰ 2016 ਨੂੰ ਸੁਪਰੀਮ ਕੋਰਟ ਦੇ ‘ਫੈਸਲੇ’ ਵਿਰੁੱਧ ਦਿੱਤੇ ਗਏ ਰੋਸ ਵਜੋਂ ਅਸਤੀਫ਼ੇ ਕੇਵਲ ‘ਡਰਾਮਾ’ ਹੀ ਸਾਬਤ ਹੋਏ। ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਇਹ ਪ੍ਰਗਟਾਵਾ ਕੀਤਾ ਕਿ ਉਦੋਂ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਨਹੀਂ ਸਨ ਕੀਤੇ ਤੇ ਉਨ੍ਹਾਂ ਨੇ ਇਨ੍ਹਾਂ ਸਾਰੇ ਕਾਂਗਰਸੀਆਂ ਨੂੰ ਵਾਰ-ਵਾਰ ਬੁਲਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਕਿ ”ਉਹ ਮੇਰੇ ਸਾਹਮਣੇ ਪੇਸ਼ ਹੋ ਕੇ ਦੱਸਣ ਕਿ ਉਨ੍ਹਾਂ ਨੇ ਅਸਤੀਫਿਆਂ ਦਾ ਇਹ ਕਦਮ ਆਪਣੀ ਜ਼ਮੀਰ ਦੇ ਅਨੁਸਾਰ ਚੁੱਕਿਆ ਜਾਂ ਕਿਸੇ ਦੇ ਦਬਾਓ ਹੇਠ ਆ ਕੇ ਤਾਂ ਨਹੀਂ ਅਸਤੀਫੇ ਦਿੱਤੇ?” ਡਾ. ਅਟਵਾਲ ਨੇ ਤਤਕਾਲੀਨ ਕਾਂਗਰਸ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਲਿਖਤੀ ਰੂਪ ਵਿਚ ਵੀ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਆਮ ਤੌਰ ‘ਤੇ ਚੁੱਪ ਰਹਿਣਾ ਹੀ ਉਚਿਤ ਸਮਝਿਆ, ਉਨ੍ਹਾਂ ਡਾ. ਅਟਵਾਲ ਨੂੰ ਕਹਿਲਾ ਭੇਜਿਆ ਸੀ ਕਿ ”ਅਸੀਂ ਤਾਂ ਅਸਤੀਫਿਆਂ ਦਾ ਕਦਮ ਰੋਸ ਵਜੋਂ ਚੁੱਕਿਆ ਹੈ ਤੁਸੀਂ ਇਨ੍ਹਾਂ ਨੂੰ ਉਚਿਤ ਸਮਝ ਕੇ ਪ੍ਰਵਾਨ ਕਰ ਲਓ। ਇਸ ਪਿੱਛੋਂ ਸਪੀਕਰ ਤੇ ਦੂਜੀ ਧਿਰ ਨੇ ਵੀ ਇਸ ਬਾਰੇ ਚੁੱਪ ਵੱਟ ਲਈ ਸੀ ਪਰ ਅੱਜ ਜਦੋਂ ਇਸ ਸਬੰਧ ਵਿਚ ਪੰਜਾਬ ਵਿਧਾਨ ਸਭਾ ਸਕੱਤਰੇਤ ਦੀ ਅਕਾਊਂਟ ਸ਼ਾਖਾ ਅਨੁਸਾਰ ਇਨ੍ਹਾਂ ਵਿਧਾਇਕਾਂ ਨੇ ਤਨਖਾਹ ਤੇ ਭੱਤੇ ਵਸੂਲ ਕਰ ਲਏ ਹਨ। ਪਿਛਲੀ ਪੰਜਾਬ ਵਿਧਾਨ ਸਭਾ ਦੀ ਮਿਆਦ ਤਾਂ ਇਸ ਸਾਲ 18 ਮਾਰਚ ਨੂੰ ਖ਼ਤਮ ਹੋ ਗਈ ਸੀ ਤੇ ਉਕਤ ਵਿਧਾਇਕਾਂ ਨੇ 84 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਦੂਜੇ ਭੱਤੇ ਵਸੂਲ ਕਰ ਲਏ ਹਨ ਜਾਂ ਇਹ ਧਨ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਾਈ ਜਾ ਚੁੱਕੀ ਹੈ।