ਸੁਖਬੀਰ ਬਾਦਲ ਨੇ ਜਥੇਦਾਰ ਬਡਾਲੀ ਨੂੰ ਪਾਰਟੀ ‘ਚੋਂ ਕੱਢਿਆ

ਸੁਖਬੀਰ ਬਾਦਲ ਨੇ ਜਥੇਦਾਰ ਬਡਾਲੀ ਨੂੰ ਪਾਰਟੀ ‘ਚੋਂ ਕੱਢਿਆ

ਰਣਜੀਤ ਸਿੰਘ ਗਿੱਲ ਨੂੰ ਹਲਕਾ ਇੰਚਾਰਜ ਥਾਪਿਆ
ਕੁਰਾਲੀ/ਬਿਊਰੋ ਨਿਊਜ਼ :
ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਖਰੜ ਵਿੱਚ ਪਾਰਟੀ ਉਮੀਦਵਾਰ ਦੀ ਹੋਈ ਹਾਰ ਦੀ ਗਾਜ਼ ਹੁਣ ਪਾਰਟੀ ਦੇ ਆਗੂਆਂ ਉਤੇ ਡਿੱਗਣੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਤੇ ਹਲਕਾ ਖਰੜ ਦੇ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਜਥੇਦਾਰ ਬਡਾਲੀ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਸਵਾਂ ਮਾਰਗ ਸਥਿਤ ਫਤਿਹਗੜ੍ਹ ਪੈਲੇਸ ਵਿੱਚ ਕੀਤਾ।
ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਪਿਛਲੇ ਪੰਜ ਸਾਲ ਹਲਕਾ ਇੰਚਾਰਜ ਰਹੇ ਜਥੇਦਾਰ ਉਜਾਗਰ ਸਿੰਘ ਬਡਾਲੀ ਪਿਛਲੇ ਕਾਫ਼ੀ ਅਰਸੇ ਤੋਂ ਅਕਾਲੀ ਦਲ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੇ ਪ੍ਰਧਾਨ ਸਨ। ਹਲਕਾ ਮੋਰਿੰਡਾ ਤੋਂ ਅਕਾਲੀ ਦਲ ਦੀ ਟਿਕਟ ਉਤੇ ਚੋਣ ਲੜ ਕੇ ਵਿਧਾਇਕ ਬਣਨ ਵਾਲੇ ਜਥੇਦਾਰ ਬਡਾਲੀ 2012 ਵਿੱਚ ਖਰੜ ਹਲਕੇ ਤੋਂ ਵਿਧਾਨ ਸਭਾ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਪਿਛਲੇ ਪੰਜ ਸਾਲਾਂ ਦੌਰਾਨ ਜਥੇਦਾਰ ਬਡਾਲੀ ਹਲਕਾ ਖਰੜ ਦੇ ਇੰਚਾਰਜ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਪਰ 2017 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਵਲੋਂ ਖਰੜ ਹਲਕੇ ਦੀ ਟਿਕਟ ਜਥੇਦਾਰ ਬਡਾਲੀ ਦੀ ਥਾਂ ਰਣਜੀਤ ਸਿੰਘ ਗਿੱਲ ਨੂੰ ਦਿੱਤੇ ਜਾਣ ਤੋਂ ਬਾਅਦ ਜਥੇਦਾਰ ਬਡਾਲੀ ਨਰਾਜ਼ ਚਲੇ ਆ ਰਹੇ ਸਨ।
ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਬਡਾਲੀ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਦੀ ਅਕਾਲੀ ਦਲ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਕਿਹਾ ਕਿ ਭਾਵੇਂ ਪਾਰਟੀ ਨੇ ਜਥੇਦਾਰ ਬਡਾਲੀ ਨੂੰ ਹਾਰ ਦੇ ਬਾਵਜੂਦ ਪੂਰਾ ਮਾਣ ਸਤਿਕਾਰ ਦਿੱਤਾ ਪਰ ਫਿਰ ਵੀ ਪਾਰਟੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ। ਉਨ੍ਹਾਂ ਐਲਾਨ ਕੀਤਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪਾਰਟਾ ਨੂੰ ਦਗਾ ਦੇਣ ਵਾਲੇ ਕਿਸੇ ਵੀ ਆਗੂ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ।
ਇਸੇ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਹੁਣ ਤੋਂ ਰਣਜੀਤ ਸਿੰਘ ਗਿੱਲ ਪਾਰਟੀ ਵਲੋਂ ਹਲਕਾ ਖਰੜ ਦੇ ਸੇਵਾਦਾਰ ਹੋਣਗੇ ਅਤੇ ਹਰ ਸਮੇਂ ਹਲਕੇ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।
ਜ਼ਿਕਰਯੋਗ ਹੈ ਕਿ ਜਥੇਦਾਰ ਬਡਾਲੀ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਪਰਮਜੀਤ ਕੌਰ ਬਡਾਲੀ ਤੇ ਦਾਮਾਦ ਸਾਹਿਬ ਸਿੰਘ ਬਡਾਲੀ ਸਮੇਤ ਉਨ੍ਹਾਂ ਦੇ ਕਈ ਸਮਰਥਕਾਂ ਨੂੰ ਪਹਿਲਾਂ ਹੀ ਪਾਰਟੀ ਵਿਚੋਂ ਕੱਢਿਆ ਜਾ ਚੁੱਕਾ ਹੈ।