‘ਦਿ ਬਲੈਕ ਪ੍ਰਿੰਸ’ ਦੇ ਅਦਾਕਾਰ ਸਤਿੰਦਰ ਸਰਤਾਜ ਤੇ ਅਦਾਕਾਰਾ ਸ਼ਬਾਨਾ ਆਜ਼ਮੀ ਲੁਧਿਆਣਾ ਪੁੱਜੇ

‘ਦਿ ਬਲੈਕ ਪ੍ਰਿੰਸ’ ਦੇ ਅਦਾਕਾਰ ਸਤਿੰਦਰ ਸਰਤਾਜ ਤੇ ਅਦਾਕਾਰਾ ਸ਼ਬਾਨਾ ਆਜ਼ਮੀ ਲੁਧਿਆਣਾ ਪੁੱਜੇ

ਲੁਧਿਆਣਾ/ਬਿਊਰੋ ਨਿਊਜ਼ :
‘ਦਿ ਬਲੈਕ ਪ੍ਰਿੰਸ’ ਦੇ ਅਦਾਕਾਰ ਸਤਿੰਦਰ ਸਰਤਾਜ ਤੇ ਅਦਾਕਾਰਾ ਸ਼ਬਾਨਾ ਆਜ਼ਮੀ ਫ਼ਿਲਮ ਦੀ ਪ੍ਰਮੋਸ਼ਨ ਲਈ ਹੋਟਲ ਹਿਆਤ ਵਿਚ ਪੁੱਜੇ। ਫ਼ਿਲਮ ਵਿਚ ਸਤਿੰਦਰ ਸਰਤਾਜ ਮਹਾਰਾਜਾ ਦਲੀਪ ਸਿੰਘ ਅਤੇ ਅਦਾਕਾਰਾ ਸ਼ਬਾਨਾ ਆਜ਼ਮੀ ਮਹਾਰਾਣੀ ਜਿੰਦਾਂ ਦੀ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ‘ਦਿ ਬਲੈਕ ਪ੍ਰਿੰਸ’ 21 ਜੁਲਾਈ ਨੂੰ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਫੀਜ਼ੀ ਵਿਚ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਭਾਸ਼ਾ ਦੇ ਵਿਚ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਵਿਚ ਪੰਜਾਬ ਦੇ ਆਖਰੀ ਸ਼ਾਸ਼ਕ ਮਹਾਰਾਜ ਦਲੀਪ ਸਿੰਘ ਦੀ ਅਣਕਹੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ, ਜੋ ਭਾਰਤ ਦੀ ਅਮੀਰ ਵਿਰਾਸਤ ਦੇ ਆਖਰੀ ਵਾਰਿਸ ਨੂੰ ਆਈਆਂ ਮੁਸ਼ਕਲਾਂ ਨੂੰ ਪਰਦੇ ‘ਤੇ ਰੂਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਹਾਲੇ 21 ਜੁਲਾਈ ਨੂੰ ਰਿਲੀਜ਼ ਹੋਣੀ ਹੈ, ਪਰ ਇਸ ਦੀ ਕੌਮੀ ਤੇ ਕੌਮਾਂਤਰੀ ਫ਼ਿਲਮ ਫੈਸਟੀਵਲਾਂ ਵਿਚ ਤਾਰੀਫ਼ ਨਾਲ ਫ਼ਿਲਮ ਦੀ ਪੂਰੀ ਟੀਮ ਖੁਸ਼ ਹੈ। ਫ਼ਿਲਮ ਦੇ ਨਿਰਦੇਸ਼ਕ ਕਵੀ ਰਾਜ਼ ਨੇ ਬੜੀ ਹੀ ਸੁਚੱਜੇ ਤਰੀਕੇ ਨਾਲ ਇਤਿਹਾਸ ਨੂੰ ਬਾਖੂਬੀ ਪੇਸ਼ ਕਰਕੇ ਕੀਤਾ ਹੈ ਅਤੇ ਫ਼ਿਲਮ ਸਾਗਾ ਮਿਊਜ਼ਿਕ ਕੰਪਨੀ ਤੇ ਯੂਨੀਸਿਸ ਇੰਨਫੋਸੋਲਿਊਸ਼ਨਜ਼ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ। ਅਦਾਕਾਰ ਸਤਿੰਦਰ ਸਰਤਾਜ ਨੇ ਕਿਹਾ ਕਿ ਫ਼ਿਲਮ ਵਿਚ 1947 ਵਿਚ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਖੁਲਾਸਾ ਕਰੇਗੀ। ਜ਼ਿਕਰਯੋਗ ਹੈ ਕਿ ਫ਼ਿਲਮ ਲਈ ਸ਼ਬਾਨਾ ਆਜ਼ਮੀ ਨੂੰ ਲਾਸ ਏਂਜਲੈਸ ਫ਼ਿਲਮ ਐਵਾਰਡ ਵਿਚ ਸਰਵੋਤਮ ਅਦਾਕਾਰਾ ਅਤੇ ਸਤਿੰਦਰ ਸਰਤਾਜ ਨੂੰ ਲੰਡਨ ਇੰਡੀਪੈਂਡੈਂਟ ਫ਼ਿਲਮ ਫੈਸਟੀਵਲ ਵਿਚ ਸਰਵੋਤਮ ਨਿਊ ਕਮਰ ਦਾ ਪੁਰਸਕਾਰ ਮਿਲ ਚੁੱਕਾ ਹੈ।