ਕਾਂਗਰਸ ਨੇ ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਵੀ ਕੀਤਾ ਕਬਜ਼ਾ

ਕਾਂਗਰਸ ਨੇ ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਵੀ ਕੀਤਾ ਕਬਜ਼ਾ

ਅੰਮ੍ਰਿਤਸਰ/ਬਿਊਰੋ ਨਿਊਜ਼ :
ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਮੁੜ ਵੱਡੇ ਫਰਕ ਨਾਲ ਜਿੱਤ ਹਾਸਲ ਹੋਈ ਹੈ। ਉਨ੍ਹਾਂ ਨੇ 1 ਲੱਖ 99 ਹਜ਼ਾਰ 189 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰ ਕੇ ਨਵਾਂ ਇਤਿਹਾਸ ਰਚਿਆ ਹੈ। ਸ੍ਰੀ ਔਜਲਾ ਨੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਹਰਾਇਆ ਹੈ। ਸ੍ਰੀ ਔਜਲਾ ਨੂੰ 5,08,153 ਵੋਟਾਂ ਜਦੋਂ ਕਿ ਸ੍ਰੀ ਛੀਨਾ ਨੂੰ 3,08,964 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਉਪਕਾਰ ਸਿੰਘ ਸੰਧੂ ਨੇ 1,49,984 ਵੋਟਾਂ ਪ੍ਰਾਪਤ ਕੀਤੀਆਂ।  ਇਸ ਜ਼ਿਮਨੀ ਚੋਣ ਲਈ ਕੁਲ 9 ਉਮੀਦਵਾਰ ਮੈਦਾਨ ਵਿਚ ਸਨ। ਬਾਕੀ ਉਮੀਦਵਾਰਾਂ ਵਿਚੋਂ ਸੀਪੀਆਈ ਦੀ ਦਸਵਿੰਦਰ ਕੌਰ ਨੂੰ 17886 ਵੋਟਾਂ, ਆਪਣਾ ਪੰਜਾਬ ਪਾਰਟੀ ਦੇ ਗੁਰਿੰਦਰ ਸਿੰਘ ਬਾਜਵਾ ਨੂੰ 5542, ਆਜ਼ਾਦ    ਉਮੀਦਵਾਰ ਪਰਮਜੀਤ ਸਿੰਘ ਜਿਜੇਆਣੀ ਨੂੰ 4261, ਸ਼੍ਰੋਮਣੀ ਲੋਕ ਦਲ ਪਾਰਟੀ ਦੇ ਗੁਲਜ਼ਾਰ ਸਿੰਘ ਨੂੰ 3940, ਆਜ਼ਾਦ  ਉਮੀਦਵਾਰ ਡਾ. ਇੰਦਰਪਾਲ ਨੂੰ 3261, ਚੈਲੰਜਰ ਪਾਰਟੀ ਦੇ ਡੀ ਦੁਰਗਾ ਪ੍ਰਸਾਦਿ ਨੂੰ 2751 ਵੋਟਾਂ ਮਿਲੀਆਂ ਹਨ ਜਦੋਂਕਿ 9747 ਵੋਟਰਾਂ ਨੇ ਨੋਟਾ ਦਾ ਬਟਨ ਦਬਾ ਕੇ ਸਮੂਹ ਉਮੀਦਵਾਰਾਂ ਨੂੰ ਰੱਦ ਕੀਤਾ ਹੈ। ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਇਹ ਸੀਟ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕ ਸਭਾ ਤੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਹੈ। ਉਨ੍ਹਾਂ ਨੇ ਐਸਵਾਈਐਲ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਪੰਜਾਬ ਵਿਰੋਧੀ ਫੈਸਲੇ ਦੇ ਰੋਸ ਵਜੋਂ ਅਸਤੀਫਾ ਦਿੱਤਾ ਸੀ।