ਪੰਜਾਬੀ ਕਲਚਰਲ ਸੁਸਾਇਟੀ ਆਫ਼ ਸ਼ਿਕਾਗੋ ਵਲੋਂ ਕਰਵਾਏ ‘ਰੰਗਲਾ ਪੰਜਾਬ’ ਨੇ ਲਾਈਆਂ ਰੌਣਕਾਂ

200 ਪ੍ਰਤੀਯੋਗੀਆਂ ਨੇ 32 ਆਈਟਮਾਂ ਪੇਸ਼ ਕੀਤੀਆਂ
ਸ਼ਿਕਾਗੋ/ਬਿਊਰੋ ਨਿਊਜ਼ :
ਪੰਜਾਬੀ ਕਲਚਰਲ ਸੁਸਾਇਟੀ ਆਫ਼ ਸ਼ਿਕਾਗੋ ਵਲੋਂ ‘ਰੰਗਲਾ ਪੰਜਾਬ-2017’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਵਿਚ ਹਰ ਉਮਰ ਵਰਗ ਦੇ ਪੰਜਾਬੀ ਭਾਈਚਾਰੇ ਨੇ ਹਿੱਸਾ ਲਿਆ। ਰੋਲਿੰਗ ਮੈਡੋਜ਼ ਵਿਚ ਮੈਡੋਜ਼ ਕਲੱਬ ਵਿਚ 4 ਘੰਟੇ ਚੱਲੇ ਇਸ ਪ੍ਰੋਗਰਾਮ ਨੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਿਆ। ਮੀਂਹ ਤੇ ਥੋੜ੍ਹਾ ਖ਼ਰਾਬ ਮੌਸਮ ਹੋਣ ਦੇ ਬਾਵਜੂਦ ਇਕ ਹਜ਼ਾਰ ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ 200 ਪ੍ਰਤੀਯੋਗੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ 32 ਆਈਟਮਾਂ ਪੇਸ਼ ਕੀਤੀਆਂ। ਪਾਰਕਿੰਗ ਪੂਰੀ ਤਰ੍ਹਾਂ ਭਰਨ ਕਾਰਨ ਲੋਕਾਂ ਨੂੰ ਥੋੜ੍ਹੀ ਦਿੱਕਤ ਹੋਈ।
ਪ੍ਰਤੀਯੋਗੀਆਂ ਨੇ ਇਕ ਤੋਂ ਬਾਅਦ ਇਕ ਜੋਸ਼ੀਲੀ ਪੇਸ਼ਕਾਰੀ ਦਿੱਤੀ, ਜਿਸ ਨਾਲ ਹਾਲ ਤਾੜੀਆਂ ਨਾਲ ਗੂੰਜ ਉਠਿਆ। ਇਹ ਟੀਮਾਂ ਸ਼ਿਕਾਗੋ ਤੋਂ ਇਲਾਵਾ ਵਿਸਕੋਨਸਿਨ ਤੇ ਇੰਡਿਆਨਾ ਤੋਂ ਵੀ ਆਈਆਂ ਸਨ। ਜ਼ਿਆਦਾਤਰ ਪ੍ਰਤੀਯੋਗੀਆਂ ਨੂੰ ਪੀ.ਸੀ.ਐਸ. ਵਲੰਟੀਅਟਰ ਇੰਸਟਰਕਟਰਾਂ ਵਲੋਂ ਸਿਖਲਾਈ ਦਿੱਤੀ ਗਈ ਸੀ, ਜੋ ਕਦੇ ਖ਼ੁਦ ਇਨ੍ਹਾਂ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ਰਹੇ ਹਨ।
ਬੋਰਡ ਆਫ਼ ਐਡਵਾਈਜ਼ਰਜ਼ ਸੁਰਿੰਦਰ ਸਿੰਘ ਸੰਘਾ ਨੇ ਦਰਸ਼ਕਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਗੁਰਮਤਿ ਸਕੂਲ ਐਸ.ਆਰ.ਐਸ. ਪੈਲਾਟਾਈਨ ਦੇ ਬੱਚਿਆਂ ਵਲੋਂ ਸ਼ਬਦ ਗਾਇਨ ਨਾਲ ਹੋਈ। ਇਸ ਤੋਂ ਬਾਅਦ ਹਰ ਉਮਰ ਵਰਗ ਦੇ ਬੱਚਿਆਂ ਨੇ ਆਪਣਾ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਭੰਗੜੇ ਤੇ ਗਿੱਧੇ ਦੀਆਂ ਪੇਸ਼ਕਾਰੀਆਂ ਨੇ ਹਾਲ ਵਿਚ ਬੈਠੇ ਸਾਰੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਉਨ੍ਹਾਂ ਦੇ ਪੈਰ ਵੀ ਨਾਲ ਨਾਲ ਥਿਰਕ ਰਹੇ ਸਨ ਤੇ ਕੁਝ ਲੋਕ ਨਾਲ ਨਾਲ ਬੋਲੀਆਂ ਪਾ ਰਹੇ ਸਨ। ਗਿੱਧੇ ਦੀਆਂ ਟੀਮਾਂ ਵਿਚ ਬਾਲੀਵੁੱਡ ਆਰਟਸ ਅਕੈਡਮੀ, ਸ਼ੌਂਕਣਾਂ ਸ਼ਿਕਾਗੋ ਦੀਆਂ, ਮਿਲਵਾਕੀ ਗਿੱਧਾ ਤੇ ਸ਼ਿਕਾਗੋ ਗਰਲਜ਼ ਗਿੱਧਾ ਸ਼ਾਮਲ ਸਨ ਜਦਕਿ ਭੰਗੜੇ ਦੀਆਂ ਟੀਮਾਂ ਵਿਚ ਨਵੀਂ ਪਨੀਰੀ, ਪੰਜਾਬੀ ਕੌਮ, ਵਾਰੀਅਰਜ਼ ਭੰਗੜਾ ਸਮੇਤ ਹੋਰਨਾਂ ਨੇ ਹਿੱਸਾ ਲਿਆ। ਸ਼ਿਕਾਗੋ ਦੇ ਗਾਇਕਾਂ ਮਾਹੀਜੀਤ ਵਿਰਦੀ, ਮੋਨਾ ਭੱਲਾ, ਮੈਡੀ ਸਿੰਘ, ਪਰੀਨਾ ਮਹਿਰੋਤਰਾ ਤੇ ਐਸ਼ਲੇ ਸਿੰਘ ਨੇ ਵੀ ਖੂਬ ਰੌਣਕਾਂ ਲਾਈਆਂ।
ਚਾਰ ਹਿੱਸਿਆਂ ਵਿਚ ਵੰਡੇ ਪ੍ਰੋਗਰਾਮਾਂ ਦਾ ਸਟੇਜ ਸੰਚਾਲਨ ਰਸਕਿਰਥ ਸਿੰਘ, ਪਰਵਿੰਦਰ ਸਿੰਘ ਨਨੂੰ, ਮੋਨਾ ਭੱਲਾ ਤੇ ਪਾਲ ਸਿੰਘ ਲਾਲੀ ਨੇ ਕੀਤਾ। ਪ੍ਰੋਗਰਾਮ ਪ੍ਰਬੰਧਕਾਂ ਵਿਚੋਂ ਇਕ ਰਜਿੰਦਰ ਸਿੰਘ ਮਗੋ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ। ਪ੍ਰਧਾਨਗੀ ਛੱਡ ਰਹੇ ਗੁਰਮੀਤ ਸਿੰਘ ਢਿਲੋਂ, ਚੇਅਰਮੈਨੀ ਛੱਡ ਰਹੇ ਹਰਕੇਵਲ ਸਿੰਘ ਲਾਲੀ ਨੂੰ ਮੋਮੈਂਟੋ ਦਿੱਤੇ ਗਏ। ਨਵੇਂ ਆ ਰਹੇ ਪ੍ਰਧਾਨ ਸੁਖਮੇਲ ਸਿੰਘ ਅਟਵਾਲ ਤੇ ਚੇਅਰਮੈਨ ਹਰਦਿਆਲ ਸਿੰਘ ਦਿਓਲ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਇਆ ਗਿਆ। ਪ੍ਰਧਾਨ ਸੁਖਮੇਲ ਸਿੰਘ ਅਟਵਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਬੋਰਡ ਆਫ਼ ਡਾਇਰੈਕਟਰਜ਼ ਦੀ ਜਾਣ-ਪਛਾਣ ਕਰਵਾਈ।
ਪ੍ਰੋਗਰਾਮ ਦੇ ਗਰੈਂਡ ਸਪਾਂਸਰ ਡਾ. ਭੁਪਿੰਦਰ ਸਿੰਘ ਸੈਣੀ ਅਤੇ ਮੁੱਖ ਮਹਿਮਾਨ ਦਰਸ਼ਨ ਸਿੰਘ ਧਾਲੀਵਾਲ ਸਮੇਤ ਹੋਰਨਾਂ ਸਪਾਂਸਟਰਾਂ ਦਾ ਸਨਮਾਨ ਕੀਤਾ ਗਿਆ। ਸ਼ਿਕਾਗੋ ਵਿਚ ਭਾਰਤੀ ਕੌਂਸਲ ਡੀ.ਬੀ. ਭੱਟੀ, ਕੌਂਸਲ ਜਨਰਲ ਨੀਟਾ ਭੂਸ਼ਣ, ਸ਼ਿਕਾਗੋ ਵਿਚ ਪਾਕਿਸਤਾਨ ਦੇ ਕੌਂਸਲ ਜਨਰਲ ਫੈਜ਼ਲ ਨਿਆਜ਼ ਤਿਰਮੀਜ਼ੀ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਵੈਂਟ ਦੇ ਗੋਲਡ ਸਪਾਂਸਰਾਂ ਵਿਚ ਭੁਪਿੰਦਰ ਸਿੰਘ ਧਾਲੀਵਾਲ ਅਤੇ ਹਰਦਿਆਲ ਸਿੰਘ ਦਿਓਲ ਸ਼ੁਮਾਰ ਰਹੇ ਜਦਕਿ ਸਿਲਵਰ ਸਪਾਂਸਰਾਂ ਵਿਚ ਮੋਹੀਨਾ ਆਹਲੁਵਾਲੀਆ, ਹਰਕੇਵਲ ਲਾਲੀ, ਸੁਖਮੇਲ ਸਿੰਘ ਅਟਵਾਲ, ਸਨੀ ਕੁਲਾਰ, ਪੰਜਾਬੀ ਕਲਚਰਲ ਸੁਸਾਇਟੀ ਆਫ਼ ਮਿਸ਼ੀਗਨ, ਅਵਤਾਰ ਸਿੰਘ ਭੂਰਾ, ਜਸਵਿੰਦਰ ਸਿੰਘ ਸੰਧੂ, ਨਿਕ ਬਲਿਵੰਦਰ ਸਿੰਘ, ਮੇਜਰ ਗੁਰਚਰਨ ਸਿੰਘ ਝੱਜ, ਗੁਰਦੀਪ ਸਿੰਘ ਨਰਿੰਦਰ, ਨਿਊ ਯਾਰਕ ਲਾਈਫ਼, ਓਂਕਾਰ ਸਿੰਘ ਸੰਘਾ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਨਿਕ ਗਾਖਲ, ਜੈਦੇਵ ਸਿੰਘ ਭੱਠਲ, ਡਾ. ਅਮਰਜੀਤ ਸਿੰਘ, ਡਾ. ਹਰਜਿੰਦਰ ਸਿੰਘ ਖਹਿਰਾ, ਗੁਲਜ਼ਾਰ ਮੁਲਤਾਨੀ, ਸਲਵਾਨ ਟਰੇਡਿੰਗ, ਸੁਗਾ ਬਿਲਡਰ, ਸੰਤੋਖ ਸਿੰਘ, ਜਸਪਾਲ ਸਿੰਘ ਕਲੇਰ, ਅਮਰੀਕਪਾਲ ਸਿੰਘ, ਲਖਬੀਰ ਸਿੰਘ ਸੰਧੂ, ਲਖਵੀਰ ਸਿੰਘ ਸਹੋਤਾ ਤੇ ਜਗਜੀਤ ਸਿੰਘ ਢੀਂਡਸਾ ਨੇ ਵੀ ਸਹਿਯੋਗ ਦਿੱਤਾ। ਇਸ ਮੌਕੇ ਮਾਤ ਸਿੰਘ ਢਿੱਲੋਂ ਦੀ ਕਿਤਾਬ ‘ਸਿਆਸਤਦਾਨ’ ਵੀ ਰਿਲੀਜ਼ ਕੀਤੀ ਗਈ।
ਜ਼ਿਕਰਯੋਗ ਹੈ ਕਿ ‘ਪੀ.ਸੀ.ਐਸ. ਯੂਥਸ ਗਰੈਜੁਏਸ਼ਨ ਨਾਈਟ’ ਅਤੇ ‘ਰੰਗਲਾ ਪੰਜਾਬ ਪਾਰਟੀਸਪੈਂਟਸ ਐਪਰੀਸੀਏਸ਼ਨ ਨਾਈਟ’ 11 ਜੂਨ ਨੂੰ ਵਾਇਸਰਾਇ ਆਫ਼ ਇੰਡੀਅਨ ਰੇਸਤਰਾਂ, ਲੋਮਬਾਰਡ ਇਲਿਨੋਇਸ ਵਿਖੇ ਮਨਾਈ ਜਾਵੇਗੀ। ‘ਪੀ.ਸੀ.ਪੀ. ਸਪੋਰਟਸ ਫੈਸਟੀਵਲ’ ਅਗਸਤ ਵਿਚ ਹੋਵੇਗਾ। ‘ਪੀ.ਸੀ.ਐਸ. ਇੰਟਰਨੈਸ਼ਨਲ ਭੰਗੜਾ ਐਂਡ ਗਿੱਧਾ ਕੰਪੀਟਸ਼ਨ ਨਵੰਬਰ ਵਿਚ ਅਤੇ ‘ਥੈਂਕਸਗਿਵਿੰਗ ਡੇਅ ਪਰੇਡ’ ਨਵੰਬਰ ਵਿਚ ਹੋਵੇਗੀ।