ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਪਰਤੇ

ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਪਰਤੇ

ਚੰਡੀਗੜ੍ਹ/ਬਿਊਰੋ ਨਿਊਜ਼ :
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਮਰੀਕੀ ਦੌਰੇ ਪਿੱਛੋਂ ਚੰਡੀਗੜ੍ਹ ਪਰਤ ਆਏ ਹਨ। ਮੁੱਖ ਮੰਤਰੀ 8 ਫਰਵਰੀ ਨੂੰ ਨਿਊਯਾਰਕ ਵਿਖੇ ਡਾਕਟਰੀ ਜਾਂਚ ਲਈ ਨਿੱਜੀ ਯਾਤਰਾ ‘ਤੇ ਗਏ ਸਨ। ਮੁੱਖ ਮੰਤਰੀ ਨਿਵਾਸ ਸਾਹਮਣੇ ਰਾਜਿੰਦਰਾ ਪਾਰਕ ਵਿਚ ਚੰਡੀਗੜ੍ਹ ਪੁੱਜਣ ‘ਤੇ ਉਨ੍ਹਾਂ ਦਾ ਸਵਾਗਤ ਰਾਜ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਅਤੇ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ. ਕੇ. ਸੰਧੂ ਵੱਲੋਂ ਕੀਤਾ ਗਿਆ। ਜਦੋਂਕਿ ਮੁੱਖ ਮੰਤਰੀ ਦੇ ਕੁਝ ਨਿੱਜੀ ਸਟਾਫ਼ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ। ਮੁੱਖ ਮੰਤਰੀ ਜੋ ਕਰੀਬ 15 ਘੰਟੇ ਦੀ ਹਵਾਈ ਉਡਾਣ ਤੋਂ ਬਾਅਦ ਚੰਡੀਗੜ੍ਹ ਪੁੱਜੇ ਖ਼ੁਸ਼ ਨਜ਼ਰ ਆ ਰਹੇ ਸਨ। ਮੁੱਖ ਮੰਤਰੀ ਸਕੱਤਰੇਤ ਵੱਲੋਂ ਦੱਸਿਆ ਗਿਆ ਕਿ ਮੁੱਖ ਮੰਤਰੀ ਬੁੱਧਵਾਰ ਤੋਂ ਬਾਕਾਇਦਾ ਕੰਮ ਕਾਜ ਸ਼ੁਰੂ ਕਰ ਦੇਣਗੇ। ਉਨ੍ਹਾਂ ਮੁੱਖ ਸਕੱਤਰ ਸਮੇਤ ਕੁਝ ਸੀਨੀਅਰ ਅਧਿਕਾਰੀਆਂ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਮੁੱਦੇ ‘ਤੇ ਇਨੈਲੋ ਵੱਲੋਂ ਪੰਜਾਬ ਵਿਚ ਨਹਿਰ ਦੀ ਪੁਟਾਈ ਦੀ ਦਿੱਤੀ ਗਈ ਧਮਕੀ ਅਤੇ 22 ਫਰਵਰੀ ਨੂੰ ਸੁਪਰੀਮ ਕੋਰਟ ਵਿਚ ਇਸ ਮੁੱਦੇ ‘ਤੇ ਕੇਸ ਦੀ ਸੁਣਵਾਈ ਦੇ ਮੁੱਦੇ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਵਰਨਣਯੋਗ ਹੈ ਕਿ ਮੁੱਖ ਮੰਤਰੀ ਜਿਨ੍ਹਾਂ ਕਾਫ਼ੀ ਸਾਲ ਪਹਿਲਾਂ ਨਿਊਯਾਰਕ ਤੋਂ ਆਪਰੇਸ਼ਨ ਕਰਵਾਇਆ ਸੀ, ਨੂੰ ਡਾਕਟਰਾਂ ਵੱਲੋਂ ਕੁਝ ਵਕਫੇ ਬਾਅਦ ਚੈੱਕਅਪ ਕਰਵਾਉਂਦੇ ਰਹਿਣ ਲਈ ਕਿਹਾ ਗਿਆ ਸੀ। ਪਰ ਮਗਰਲੇ ਕੁਝ ਸਾਲ ਰੁਝੇਵੇਂ ਹੋਣ ਕਾਰਨ ਉਹ ਚੈੱਕਅਪ ਲਈ ਨਹੀਂ ਜਾ ਸਕੇ ਸਨ। ਇਸ ਲਈ ਚੋਣਾਂ ਤੋਂ ਬਾਅਦ ਉਨ੍ਹਾਂ ਵੱਲੋਂ ਨਿਊਯਾਰਕ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।