ਮ੍ਰਿਤਕ ਡਾਂਸਰ ਕੁਲਵਿੰਦਰ ਕੌਰ ਦੇ ਪਤੀ ਦੀ ਵੀ ਭੇਤਭਰੀ ਹਾਲਤ ਵਿੱਚ ਮੌਤ

ਮ੍ਰਿਤਕ ਡਾਂਸਰ ਕੁਲਵਿੰਦਰ ਕੌਰ ਦੇ ਪਤੀ ਦੀ ਵੀ ਭੇਤਭਰੀ ਹਾਲਤ ਵਿੱਚ ਮੌਤ

ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ :
ਜ਼ਿਲ੍ਹਾ ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਮੈਰਿਜ ਪੈਲੇਸ ਵਿੱਚ ਚੱਲੀ ਗੋਲੀ ਨਾਲ ਮਾਰੀ ਗਈ ਆਰਕੈਸਟਰਾ ਡਾਂਸਰ ਦੇ ਪਤੀ ਦੀ ਮਲੋਟ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਆਰਕੈਸਟਰਾ ਡਾਂਸਰ ਕੁਲਵਿੰਦਰ ਕੌਰ ਉਰਫ਼ ਜਾਨੂੰ ਮਲੋਟ ਦੀ ਰਹਿਣ ਵਾਲੀ ਸੀ। ਉਸ ਦਾ ਪਤੀ ਹਰਜਿੰਦਰ ਸਿੰਘ ਆਪਣੇ ਸਹੁਰੇ ਘਰ ਮਲੋਟ ਰਹਿ ਰਿਹਾ ਸੀ, ਜਿੱਥੇ ਉਸ ਦੀ ਮੌਤ ਹੋਈ ਹੈ। ਥਾਣਾ ਸਿਟੀ ਮਲੋਟ ਦੀ ਪੁਲੀਸ ਨੇ ਹਾਲ ਦੀ ਘੜੀ ਮ੍ਰਿਤਕ ਹਰਜਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨ ਦਰਜ ਕਰ ਕੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਹਰਜਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ ਡੇਢ ਸਾਲ ਪਹਿਲਾਂ ਹਰਜਿੰਦਰ ਅਤੇ ਕੁਲਵਿੰਦਰ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹ ਦੋਵੇਂ ਮਲੋਟ ਛੱਡ ਕੇ ਬਠਿੰਡਾ ਰਹਿਣ ਲੱਗੇ ਸੀ। ਹਰਜਿੰਦਰ ਨੇ ਕੁਲਵਿੰਦਰ ‘ਤੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਵਿਰੁੱਧ ਕੇਸ ਕੀਤਾ ਹੋਇਆ ਸੀ, ਜਿਸ ਦੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਹਰਜਿੰਦਰ ਦੀ ਸੱਸ ਮਨਜੀਤ ਉਰਫ਼ ਭੋਲੀ ਅਤੇ ਸਹੁਰਾ ਬਲਦੇਵ ਸਿੰਘ, ਕੁਲਵਿੰਦਰ ਦੇ ਕਤਲ ਕੇਸ ਦੇ ਕਥਿਤ ਦੋਸ਼ੀਆਂ ਨਾਲ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਪਰ ਹਰਜਿੰਦਰ ਸਮਝੌਤੇ ਦੇ ਹੱਕ ਵਿੱਚ ਨਹੀਂ ਸੀ। ਸਹੁਰਾ ਪਰਿਵਾਰ ਹਰਜਿੰਦਰ ਦੇ ਬਿਮਾਰ ਹੋਣ ਮਗਰੋਂ ਉਸ ਨੂੰ ਇਸ ਕਰਕੇ ਸਰਕਾਰੀ ਹਸਪਤਾਲ ਨਹੀਂ ਲੈ ਕੇ ਗਿਆ ਕਿ ਉਥੇ ਪੁਲੀਸ ਕੇਸ ਪੈ ਜਾਵੇਗਾ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ।
ਪੁਲੀਸ ਨੇ ਸੁਖਦੇਵ ਸਿੰਘ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਲਾਸ਼ ਸਰਕਾਰੀ ਹਸਪਤਾਲ ਮਲੋਟ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ। ਥਾਣੇਦਾਰ ਜਗਦੀਸ਼ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨਾਂ ‘ਤੇ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸੇ ਦੌਰਾਨ ਹਰਜਿੰਦਰ ਦੇ ਸਹੁਰਾ ਪਰਿਵਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਹਰਜਿੰਦਰ ਅਚਾਨਕ ਬਿਮਾਰ ਹੋ ਗਿਆ। ਉਨ੍ਹਾਂ ਨੇ ਉਸ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਹ ਉਸ ਨੂੰ ਹਸਪਤਾਲ ਵੀ ਲੈ ਕੇ ਗਏ ਪਰ ਉਸ ਦੀ ਮੌਤ ਹੋ ਗਈ।