ਗ਼ਦਰੀ ਬਾਬਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਲਾਮ ਕਰਦਿਆਂ ਸਮਾਪਤ ਹੋਇਆ ‘ਮੇਲਾ ਗ਼ਦਰੀ ਬਾਬਿਆਂ ਦਾ’

ਗ਼ਦਰੀ ਬਾਬਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਲਾਮ ਕਰਦਿਆਂ ਸਮਾਪਤ ਹੋਇਆ ‘ਮੇਲਾ ਗ਼ਦਰੀ ਬਾਬਿਆਂ ਦਾ’

ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਸਿਰਜਿਆ ਉਸਾਰੂ ਮਾਹੌਲ
ਫਰਿਜ਼ਨੋ/ਬਿਊਰੋ ਨਿਊਜ਼ :
ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋਂ ਵਲੋਂ ਭਾਈਚਾਰੇ ਦੇ ਸਹਿਯੋਗ ਨਾਲ ’17ਵਾਂ ਮੇਲਾ ਗ਼ਦਰੀ ਬਾਬਿਆਂ ਦਾ’ ਕਰਵਾਇਆ ਗਿਆ। ਮੇਲੇ ਦੀ ਪ੍ਰਧਾਨਗੀ ਗੁਰਦੀਪ ਗਿੱਲ ਘੋਲੀਆ, ਡਾ. ਹਰਮੇਸ਼ ਕੁਮਾਰ ਅਤੇ ਜਸਵੰਤ ਸਿੰਘ ਮਾਨ ਨੇ ਕੀਤੀ। ਇੰਡੋ ਅਮੈਰਿਕਨ ਹੈਰੀਟੇਜ ਫੋਰਮ ਵਲੋ ਹਰਜਿੰਦਰ ਢੇਸੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਮੇਲੇ ਵਿਚ ਸ਼ਹੀਦਾਂ ਦੇ ਵਾਰਿਸਾਂ ਨੇ ਹੁੰਮ-ਹੁਮਾ ਕੇ ਹਾਜ਼ਰੀ ਭਰੀ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਮੁੱਖ ਮਹਿਮਾਨ ਤੇ ਬੁਲਾਰੇ ਪ੍ਰੋ. ਨਰੰਜਨ ਸਿੰਘ ਢੇਸੀ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਅਤੇ ਗ਼ਦਰੀ ਬਾਬਿਆਂ ਨੇ ਜੋ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਦੁਆਈ ਹੈ, ਅੱਜ ਉਸ ਦੀ ਬਦੌਲਤ ਆਪਾਂ ਸਭ ਪ੍ਰਦੇਸ਼ਾਂ ਵਿਚ ਵੀ ਮਾਣ ਸਤਿਕਾਰ ਹਾਸਲ ਕਰ ਰਹੇ ਹਾਂ। ਉਨ੍ਹਾਂ ਗ਼ਦਰੀ ਬਾਬਿਆਂ ਦੇ ਇਤਿਹਾਸ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗਾਇਕ ਰਾਜ ਬਰਾੜ ਨੇ ਗੀਤ ਪੇਸ਼ ਕਰਕੇ ਮੇਲੇ ਦੀ  ਸ਼ੁਰੂਆਤ ਕੀਤੀ। ਗੁਰਦੇਵ ਸਿੰਘ ਸਾਹੋਕੇ ਅਤੇ ਨਿਰਮਲ ਸਿੰਘ ਨੂਰ ਨੇ ਕਵੀਸ਼ਰੀ ਵਾਰਾਂ ਰਾਹੀਂ ਸ਼ਾਨਾਮੱਤੇ ਇਤਿਹਾਸ ਨੂੰ ਸੁਰਾਂ ਵਿਚ ਪਰੋਇਆ। ਗਇਕਾ ਜੋਤ ਰਣਜੀਤ ਵਲੋਂ ਵਾਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਗੀਤਾਂ ਨਾਲ ਹਾਜ਼ਰੀ ਲਗਵਾਈ ਗਈ। ਹਰਜੀਤ ਸਿੰਘ ਸ਼ੇਰਗਿਲ ਨੇ ਵੀ ਗੀਤ ਪੇਸ਼ ਕੀਤੇ।
ਬੱਚਿਆਂ ਦੀਆਂ ਪੇਸ਼ਕਾਰੀਆਂ ਖਾਸ ਖਿੱਚ ਦਾ ਕੇਂਦਰ ਬਣੀਆਂ ਅਤੇ ਗ਼ਦਰੀ ਬਾਬਿਆਂ ਨੂੰ ਗੀਤਾਂ, ਕਵਿਤਾ ਅਤੇ ਸਪੀਚਾਂ ਰਾਹੀਂ ਸ਼ਰਧਾਂਜਲੀ ਭੇਟ ਕਰਦਿਆਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਬੱਚਿਆਂ ਅਤੇ ਦਰਸ਼ਕਾਂ ਨੇ ਹਾਲ ਗੂੰਜਣ ਲਗਾ ਦਿੱਤਾ। ਪਰਮਜੀਤ ਸਿੰਘ ਵਲੋਂ ਤਿਆਰ ਜੀ.ਐਚ.ਜੀ. ਦੀ ਭੰਗੜਾ ਟੀਮ ਨੇ ਸਾਰਿਆਂ ਦੇ ਪੈਰ ਥਿਰਕਣ ਲਾ ਦਿੱਤੇ। ਬੱਚੀ ਮਨੂਵੀਰ ਧਾਲੀਵਾਲ ਨੇ ਕੋਰੀਓਗ੍ਰਾਫੀ ਪੇਸ਼ ਕੀਤੀ। ਸਿਮਰਨ ਹੇਅਰ ਵਲੋ ਤਿਆਰ ਬੱਚੀਆਂ ਦੀ ਗਿੱਧਾ ਟੀਮ ‘ਧੀਆਂ ਰਾਣੀਆਂ’ ਨੇ ਗਿੱਧੇ ਨਾਲ ਸਟੇਜ ਹਿੱਲਣ ਲਗਾ ਦਿੱਤੀ। ਕਰਮਨ ਪੰਜਾਬੀ ਸਕੂਲ ਦੀਆਂ ਬੱਚੀਆਂ ਵਲੋ ਖੂਬਸੂਰਤ ਭੰਗੜਾ ਪੇਸ਼ ਕੀਤਾ ਗਿਆ। ਸੰਸਥਾ ਦੇ ਮੋਢੀ ਗੁਰਦੀਪ ਸਿੰਘ ਅਣਖੀ ਨੇ ਸਭ ਦਾ ਮੇਲੇ ‘ਤੇ ਪੁੱਜਣ ‘ਤੇ ਧੰਨਵਾਦ ਕਰਦਿਆਂ ਗ਼ਦਰ ਲਹਿਰ ਬਾਰੇ ਚਾਨਣਾ ਪਾਇਆ। ਸ. ਮਹਿੰਦਰ ਸਿੰਘ ਗਰੇਵਲ, ਡਾ. ਹਰਮੇਸ਼ ਕੁਮਾਰ, ਮਲਕੀਤ ਸਿੰਘ ਕਿੰਗਰਾ ਵਲੋਂ ਕਰਵਾਏ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਆਪਣੇ ਵੱਡੇ ਵਡੇਰਿਆਂ ਨੂੰ ਅਤੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲਿਆਂ ਨੂੰ ਯਾਦ ਰੱਖਣਾ ਸਲਾਹੁਣਯੋਗ ਕਦਮ ਹੈ।
ਗ਼ਦਰੀ ਬਾਬਿਆ ਤੇ ਹੋਰ ਦੇਸ਼ ਭਗਤਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਇਸ ਮੇਲੇ ਦਾ ਆਕਰਸ਼ਣ ਬਣੀ, ਜਿਸ ਨੂੰ ਮੇਲੇ ਵਿਚ ਆਏ ਲੋਕਾਂ ਨੇ ਬਹੁਤ ਹੀ ਰੀਝ ਨਾਲ ਵੇਖਿਆ। ਪੜ੍ਹਾਈ ਵਿਚ ਵਧੀਆ ਗਰੇਡ ਪ੍ਰਾਪਤ ਕਰਨ ਵਾਲੇ 50 ਤੋਂ ਵੱਧ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਨਗਦ ਇਨਾਮ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੇਲੇ ਵਿਚ ਇਤਿਹਾਸ ਦੇ ਮਾਹਰਾਂ ਦੇ ਲੇਖਾਂ ਅਤੇ ਕਵਿਤਾਵਾਂ ਨਾਲ ਸਜਿਆ ਸੋਵੀਨਰ ਵੀ ਰਿਲੀਜ਼ ਕੀਤਾ ਗਿਆ। ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋਂ ਦੇ ਸਗਿਯੋਗ ਨਾਲ ਬੂਟਾ ਸਿੰਘ ਵਲੋਂ ਇੰਗਲਿਸ਼ ਤੋਂ ਪੰਜਾਬੀ ਵਿਚ ਅਨੁਵਾਦ ਕਿਤਾਬ ‘ਗ਼ਦਰ ਲਹਿਰ’, ਸ਼ਿੰਦਰ ਸਿੰਘ ਮੀਰਪੁਰੀ ਦੀ ਲਿਖੀ ਕਿਤਾਬ ‘ਸਰਦਾਰੀ’ ਲੋਕ ਅਰਪਿਤ ਕੀਤੀਆਂ ਗਈ।
ਮੇਲੇ ਵਿਚ ਚਾਹ-ਪਕੌੜੇ ਦਾ ਲੰਗਰ ਸ਼ਾਮ ਤੱਕ ਚਲਦਾ ਰਿਹਾ। ਇਸ ਮੇਲੇ ਵਿਚ ਫਰਿਜ਼ਨੋਂ ਅਤੇ ਆਸ ਪਾਸ ਦੇ ਸ਼ਹਿਰਾਂ ਦੀਆਂ ਸਾਰੀਆਂ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮੰਚ ਦਾ ਸੰਚਾਲਨ ਸਟੇਜਾਂ ਦੀ ਮਲਿਕਾ ਆਸ਼ਾ ਸ਼ਰਮਾ ਅਤੇ ਸ਼ਾਇਰ ਹਰਜਿੰਦਰ ਢੇਸੀ ਨੇ ਬਾਖੂਬੀ ਨਿਭਾਇਆ। ਗ਼ਦਰੀ ਬਾਬਿਆਂ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਨੂੰ ਸਲਾਮ ਕਰਦਾ ਹੋਇਆ ਸਮਾਪਤ ਹੋ ਗਿਆ।
ਅੰਤ ਵਿਚ ਫੋਰਮ ਵਲੋਂ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਾਰੀਆਂ ਸੰਸਥਾਵਾਂ, ਸਪਾਂਸਰਾਂ, ਮੀਡੀਆ, ਮਹਿਮਾਨਾਂ, ਲੇਖਕਾਂ, ਕਲਾਕਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।