ਗੁਰਬਚਨ ਸਿੰਘ ਲੰਬੀ ਤੋਂ ਪੰਥਕ ਧਿਰਾਂ ਦੇ ਹੋਣਗੇ ਉਮੀਦਵਾਰ

ਗੁਰਬਚਨ ਸਿੰਘ ਲੰਬੀ ਤੋਂ ਪੰਥਕ ਧਿਰਾਂ ਦੇ ਹੋਣਗੇ ਉਮੀਦਵਾਰ

ਬਠਿੰਡਾ/ਬਿਊਰੋ ਨਿਊਜ਼ :
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਗੁਰਬਚਨ ਸਿੰਘ ਹਲਕਾ ਲੰਬੀ ਤੋਂ ਸਰਬੱਤ ਖ਼ਾਲਸਾ ਧਿਰਾਂ ਦੇ ਉਮੀਦਵਾਰ ਹੋਣਗੇ। ਗੁਰਬਚਨ ਸਿੰਘ ਨੇ ਚੋਣ ਲੜਨ ‘ਤੇ ਸਹਿਮਤੀ ਦੇ ਦਿੱਤੀ ਹੈ। ਪੰਥਕ ਧਿਰਾਂ ਨੇ ਲੰਬੀ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਜਰਨੈਲ ਸਿੰਘ ਅਤੇ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ੁਦ ਚੋਣ ਮੈਦਾਨ ਵਿਚੋਂ ਹਟ ਜਾਣ ਅਤੇ ਗੁਰਬਚਨ ਸਿੰਘ ਦੀ ਹਮਾਇਤ ਕਰਨ।
ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਆਗੂਆਂ ਨੇ ਬਠਿੰਡਾ ਵਿੱਚ ਮੀਟਿੰਗ ਕਰਕੇ ਗੁਰਬਚਨ ਸਿੰਘ ਦੀ ਸਹਿਮਤੀ ਲੈਣ ਮਗਰੋਂ ਉਸ ਨੂੰ ਲੰਬੀ ਤੋਂ ਉਮੀਦਵਾਰ ਬਣਾਉਣ ਦਾ ਮਨ ਬਣਾ ਲਿਆ ਹੈ।
ਪੰਥਕ ਧਿਰਾਂ ਤੇ ਮੁਤਵਾਜ਼ੀ ਜਥੇਦਾਰਾਂ ਤਰਫੋਂ ਭਾਈ ਗੁਰਦੀਪ ਸਿੰਘ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਗੁਰਬਚਨ ਸਿੰਘ ਦੇ ਭਰਾ ਨਾਲ ਮੁਲਾਕਾਤ ਕੀਤੀ ਅਤੇ ਗੁਰਬਚਨ ਸਿੰਘ ਨੇ ਉਮੀਦਵਾਰ ਬਣਨ ਦੀ ਹਾਮੀ ਭਰੇ ਜਾਣ ਦੀ ਸੂਚਨਾ ਹੈ। ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਇੱਥੇ ਦੱਸਿਆ ਕਿ ਗੁਰਬਚਨ ਸਿੰਘ ਨੇ ਪੰਥ ਦਾ ਹਰ ਹੁਕਮ ਮੰਨਣ ਦੀ ਗੱਲ ਆਖੀ ਹੈ।
ਇਸ ਮੌਕੇ ਆਗੂਆਂ ਨੇ ਆਖਿਆ ਕਿ ਗੁਰਬਚਨ ਸਿੰਘ ਨੇ ਪੰਜਾਬੀਆਂ ਦੇ ਰੋਸੇ ਦਾ ਪ੍ਰਗਟਾਵਾ ਕੀਤਾ ਹੈ, ਜਿਸ ਕਰਕੇ ਉਸ ਨੂੰ ਲੰਬੀ ਹਲਕੇ ਤੋਂ ਚੋਣ ਲੜਾਉਣ ਦਾ ਵਿਚਾਰ ਹੈ। ਮੀਟਿੰਗ ਵਿਚ ਕਾਫ਼ੀ ਲੰਮੀ ਵਿਚਾਰ ਚਰਚਾ ਹੋਈ ਹੈ। ਇਸ ਚਰਚਾ ਮਗਰੋਂ ਹੀ ਵਫ਼ਦ ਨੇ ਗੁਰਬਚਨ ਸਿੰਘ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ।
ਗੁਰਬਚਨ ਸਿੰਘ ਦਾ ਦੋ ਦਿਨਾ ਪੁਲੀਸ ਰਿਮਾਂਡ :
ਲੰਬੀ: ਗੁਰਬਚਨ ਸਿੰਘ ਨੂੰ ਦੋ ਦਿਨਾ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਮਲੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਘਟਨਾ ਦੀ ਪੂਰੀ ਪੜਤਾਲ ਲਈ ਮੁਲਜ਼ਮ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਮਲੋਟ ਦੇ ਡੀਐਸਪੀ ਸੁਲੱਖਣ ਸਿੰਘ ਨੇ ਕਿਹਾ ਕਿ ਮੁਲਜ਼ਮ ਗੁਰਬਚਨ ਸਿੰਘ ਨੂੰ 14 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿੰਡ ਰੱਤਾ ਖੇੜਾ (ਛੋਟਾ) ਵਿੱਚ ਤਖ਼ਤ ਕੇਸਗੜ੍ਹ ਸਾਹਿਬ ਦੇ ਭਰਾ ਗੁਰਬਚਨ ਸਿੰਘ ਨੇ ਚੋਣ ਜਲਸੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟੀ ਦਿੱਤੀ। ਇਸ ਨਾਲ ਸ੍ਰੀ ਬਾਦਲ ਦੀ ਐਨਕ ਨੁਕਸਾਨੀ ਗਈ ਸੀ ਤੇ ਅੱਖ ਸੁੱਜ ਗਈ ਸੀ। ਕਬਰਵਾਲਾ ਪੁਲੀਸ ਨੇ ਗੁਰਬਚਨ ਸਿੰਘ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਭਾਈ ਬਲਬੀਰ ਕਰਨਗੇ ਜਰਨੈਲ ਸਿੰਘ ਦੀ ਹਮਾਇਤ :
ਅੰਮ੍ਰਿਤਸਰ : ਹਲਕਾ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਚੋਣ ਲੜਣ ਦੇ ਇੱਛੁਕ ਭਾਈ ਬਲਬੀਰ ਸਿੰਘ ਅਰਦਾਸੀਆ ਨੇ ਮਨ ਬਦਲ ਲਿਆ ਹੈ ਅਤੇ ਹੁਣ ਹਲਕਾ ਲੰਬੀ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਜਰਨੈਲ ਸਿੰਘ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਖ਼ੁਲਾਸਾ ਭਾਈ ਬਲਬੀਰ ਸਿੰਘ ਨੇ ਖ਼ੁਦ ਕੀਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸੱਤਾ ਦੀ ਲਾਲਸਾ ਨਹੀਂ ਹੈ। ਉਹ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਦੀ ਲੜੀ ਵਜੋਂ ਹੀ ਇਹ ਚੋਣ ਲੜਣਾ ਚਾਹੁੰਦੇ ਸਨ। ਉਨ੍ਹਾਂ ਆਖਿਆ ਕਿ ਉਹ ਜਰਨੈਲ ਸਿੰਘ ਨੂੰ ਸਮਰਥਨ ਦੇਣ ਲਈ ਹਲਕਾ ਲੰਬੀ ਵਿੱਚ ਜਾਣਗੇ ਅਤੇ ਉਨ੍ਹਾਂ ਵਾਸਤੇ ਚੋਣ ਪ੍ਰਚਾਰ ਕਰਨਗੇ।