ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮੁੜ ਨਾਭਾ ਜੇਲ੍ਹ ਭੇਜਿਆ

ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮੁੜ ਨਾਭਾ ਜੇਲ੍ਹ ਭੇਜਿਆ

ਪਟਿਆਲਾ/ਬਿਊਰੋ ਨਿਊਜ਼ :
ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਫੜੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਪੁਲੀਸ ਰਿਮਾਂਡ ਖਤਮ ਹੋਣ ‘ਤੇ ਉਸ ਨੂੰ ਮੁੜ ਅਤਿ ਸੁਰੱਖਿਅਤ ਜੇਲ੍ਹ ਨਾਭਾ ਵਿੱਚ ਭੇਜ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਉਸ ਨੂੰ ਨਵੀਂ ਜ਼ਿਲ੍ਹਾ ਜੇਲ੍ਹ, ਨਾਭਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਅਜਿਹੀ ਤਬਦੀਲੀ ਦਾ ਮੁੱਖ ਕਾਰਨ ਸੁਰੱਖਿਆ ਪ੍ਰਬੰਧ ਦੱਸੇ ਜਾ ਰਹੇ ਹਨ। ਹਰਮਿੰਦਰ ਸਿੰਘ ਮਿੰਟੂ ਨੇ ਫ਼ਰਾਰ ਹੋਣ ਮਗਰੋਂ ਦਾੜ੍ਹੀ ਕੇਸ ਕਟਵਾ ਲਏ ਸਨ ਤੇ ਗ਼ਰਮਖਿਆਲੀ ਆਗੂ ਇਸ ਤੋਂ ਖ਼ਫ਼ਾ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਵੱਲੋਂ ਮਿੰਟੂ ‘ਤੇ ਹਮਲੇ ਕੀਤੇ ਜਾਣ ਦੇ ਖ਼ਦਸ਼ੇ ਤਹਿਤ ਉਸ ਨੂੰ ਜੇਲ੍ਹ ਵਿਚੋਂ ਤਬਦੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਖੁਫ਼ੀਆ ਤੰਤਰ ਮੁਤਾਬਕ ਮਿੰਟੂ ਕੁਝ ਸਾਲ ਪਾਕਿਸਤਾਨ ਵਿੱਚ ਵੀ ਰਹਿੰਦਾ ਰਿਹਾ ਹੈ ਤੇ ਨਾਭਾ ਜੇਲ੍ਹ ਕਾਂਡ ਦਾ ਮੁੱਖ ਮੁਲਜ਼ਮ ਹੈ। ਮਿੰਟੂ ਨੂੰ 14 ਦਿਨਾਂ ਤੱਕ ਦਿੱਲੀ ਤੇ ਗਿਆਰਾਂ ਦਿਨ ਪਟਿਆਲਾ ਪੁਲੀਸ ਕੋਲ ਰਿਮਾਂਡ ‘ਤੇ ਰਹਿਣ ਤੋਂ ਬਾਅਦ ਜਦੋਂ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਨੂੰ ਨਿਆਂਇਕ ਰਿਹਾਸਤ ਅਧੀਨ ਜੇਲ੍ਹ ਭੇਜਣ ਦੇ ਆਦੇਸ਼ ਜਾਰੀ ਹੋ ਗਏ। ਮਿੰਟੂ ਨੂੰ ਹੋਰਾਂ ਸਮੇਤ ਉਸੇ ਜੇਲ੍ਹ ਵਿੱਚ  ਭੇਜਿਆ ਗਿਆ ਸੀ, ਜਿੱਥੋਂ ਉਹ ਫ਼ਰਾਰ ਹੋਇਆ ਸੀ, ਪਰ ਬਾਅਦ ਵਿੱਚ ਉਸ ਨੂੰ ਹੋਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਜੇਲ੍ਹ ਅਧਿਕਾਰੀਆਂ ਨੇ ਭਾਵੇਂ ਜੇਲ੍ਹ ਤਬਦੀਲ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਉਂਜ ਉਨ੍ਹਾਂ ਮਿੰਟੂ ‘ਤੇ ਹਮਲੇ ਦੇ ਖ਼ਦਸ਼ੇ ਵਾਲੀ ਗੱਲ ਨਾਲ ਸਹਿਮਤੀ ਨਹੀਂ ਜਤਾਈ ਪਰ ਸੂਤਰਾਂ ਅਨੁਸਾਰ ਇਸ ਤਬਦੀਲੀ  ਦਾ ਮੁੱਖ ਕਾਰਨ ਇਹੋ ਹੀ ਮੰਨਿਆ ਜਾ ਰਿਹਾ ਹੈ। ਉਧਰ ਗਰਮਖਿਆਲੀ ਕਸ਼ਮੀਰ ਸਿੰਘ ਸਮੇਤ ਚਾਰ ਗੈਂਗਸਟਰ ਅਜੇ ਪੁਲੀਸ ਦੇ ਹੱਥ ਨਹੀਂ ਲੱਗੇ, ਜਿਨ੍ਹਾਂ ਦੀ ਸਰਗਰਮੀ ਨਾਲ ਭਾਲ ਜਾਰੀ ਹੈ।