ਸ਼੍ਰੋਮਣੀ ਕਮੇਟੀ ਨੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦਾ ਮਾਮਲਾ ਮੁੜ ਠੰਢੇ ਬਸਤੇ ਵਿੱਚ ਪਾਇਆ

ਸ਼੍ਰੋਮਣੀ ਕਮੇਟੀ ਨੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦਾ ਮਾਮਲਾ ਮੁੜ ਠੰਢੇ ਬਸਤੇ ਵਿੱਚ ਪਾਇਆ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਗੁਰਦੁਆਰਾ ਐਕਟ ਦੀ ਥਾਂ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾਉਣ ਦਾ ਮਾਮਲਾ ਮੁੜ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ। ਇਸ ਦੌਰਾਨ ਸਿੱਖ ਸੰਸਥਾ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਹੋਈ ਜ਼ਮਾਨਤ ਨੂੰ ਰੱਦ ਕਰਾਉਣ ਲਈ ਕਾਨੂੰਨੀ ਚਾਰਾਜੋਈ ਕਰਨ ਦਾ ਵੀ ਮਨ ਬਣਾਇਆ ਹੈ। ਇਹ ਖ਼ੁਲਾਸਾ ਇਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤਾ ਹੈ। ਉਹ ਇੱਥੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਰਦਾਸ ਦਿਵਸ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ।
ਪੱਤਰਕਾਰ ਸੰਮੇਲਨ ਦੌਰਾਨ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰੋ. ਬਡੂੰਗਰ ਨੇ ਆਖਿਆ ਕਿ ਹੁਣ ਤੱਕ ਇਸ ਸਬੰਧ ਵਿੱਚ ਕਿਸੇ ਵੀ ਸਿੱਖ ਜਥੇਬੰਦੀ ਨੇ ਅਜਿਹੀ ਅਪੀਲ ਨਹੀਂ ਕੀਤੀ ਹੈ। ਜੇਕਰ ਕੋਈ ਅਜਿਹੀ ਅਪੀਲ ਆਈ ਤਾਂ ਸ਼੍ਰੋਮਣੀ ਕਮੇਟੀ ਇਸ ਮੁੱਦੇ ‘ਤੇ ਵਿਚਾਰ ਕਰੇਗੀ। ਉਨ੍ਹਾਂ ਦੱਸਿਆ ਕਿ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾਉਣ ਲਈ ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਯਤਨ ਕੀਤਾ ਸੀ। ਉਸ ਵੇਲੇ ਇਸ ਐਕਟ ਦੀ ਲੋੜ ਵੀ ਮਹਿਸੂਸ ਕੀਤੀ ਗਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਤਿੰਨ ਜੱਜਾਂ ‘ਤੇ ਆਧਾਰਤ ਇੱਕ ਕਮੇਟੀ ਬਣਾਈ ਗਈ ਸੀ, ਜਿਸ ਨੇ ਐਕਟ ਦਾ ਖਰੜਾ ਵੀ ਤਿਆਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਗਿਆ ਅਤੇ ਕਿਸੇ ਨੇ ਇਸ ਸਬੰਧੀ ਅਗਾਂਹ ਕੋਈ ਕੰਮ ਨਾ ਕੀਤਾ, ਜਿਸ ਕਾਰਨ ਇਹ ਮਾਮਲਾ ਵਿਚਾਲੇ ਹੀ ਰੁਕ ਗਿਆ ਸੀ। ਇਸ ਮਾਮਲੇ ਨੂੰ ਮੁੜ ਉਭਾਰਨ ਬਾਰੇ ਸਵਾਲ ਦਾ ਉਤਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਥ ਦੀਆਂ ਭਾਵਨਾਵਾਂ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਸਬੰਧ ਵਿੱਚ ਕਿਸੇ ਵੀ ਸਿੱਖ ਜਥੇਬੰਦੀ ਨੇ ਅਜਿਹੀ ਕੋਈ ਅਪੀਲ ਨਹੀਂ ਕੀਤੀ ਹੈ।
ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਮਿਲੀ ਜ਼ਮਾਨਤ ‘ਤੇ ਪ੍ਰੋ. ਬਡੂੰਗਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਕੇਸ ਸਬੰਧੀ ਦਸਤਾਵੇਜ਼ ਮੰਗਵਾਏਗੀ ਅਤੇ ਕਾਨੂੰਨੀ ਰਾਇ ਲੈ ਕੇ ਉਸ ਦੀ ਜ਼ਮਾਨਤ ਰੱਦ ਕਰਾਉਣ ਲਈ ਕਾਨੂੰਨੀ ਚਾਰਾਜੋਈ ਕਰੇਗੀ