ਅਕਾਲੀ ਉਮੀਦਵਾਰ ਲੰਗਾਹ ਦੀ ਸਜ਼ਾ ‘ਤੇ ਨਹੀਂ ਲੱਗੀ ਰੋਕ

ਅਕਾਲੀ ਉਮੀਦਵਾਰ ਲੰਗਾਹ ਦੀ ਸਜ਼ਾ ‘ਤੇ ਨਹੀਂ ਲੱਗੀ ਰੋਕ

ਚੋਣ ਲੜਨ ‘ਤੇ ਸੰਕਟ
ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਲੰਗਾਹ ਨੂੰ ਆਮਦਨ ਸਰੋਤਾਂ ਤੋਂ ਵਧੇਰੇ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਸੁਣਾਈ ਸਜ਼ਾ ਉੱਤੇ ਰੋਕ ਲਾਉਣ ਲਈ ਹਾਈਕੋਰਟ ਵਿੱਚ ਦਾਇਰ ਲੰਗਾਹ ਦੀ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਇਸ ਨਾਲ ਲੰਗਾਹ ਦੇ ਚੋਣ ਲੜਨ ‘ਤੇ ਸੰਕਟ ਦੇ ਬੱਦਲ ਛਾ ਗਏ ਹਨ।
ਹਾਈਕੋਰਟ ਦੇ ਜਸਟਿਸ ਐੱਮਐੱਮਐੱਸ ਬੇਦੀ ਨੇ ਲੰਗਾਹ ਵੱਲੋਂ ਸਜ਼ਾ ਉੱਤੇ ਰੋਕ ਲਾਉਣ ਸਬੰਧੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਸੁੱਚਾ ਸਿੰਘ ਲੰਗਾਹ ਦੇ ਆਪਣੇ ਨਾਂ ਅਤੇ ਨਜ਼ਦੀਕੀ ਸਬੰਧੀਆਂ ਦੇ ਨਾਂ ਉੱਤੇ ਬਣਾਈ ਜਾਇਦਾਦ ਨੂੰ ਅਦਾਲਤ ਪਹਿਲਾਂ ਹੀ ਉਸ ਦੇ ਆਮਦਨ ਸਰੋਤਾਂ ਤੋਂ ਵਧੇਰੇ ਐਲਾਨ ਕਰ ਚੁੱਕੀ ਹੈ ਅਤੇ ਹਾਈਕੋਰਟ ਨੇ ਇਸ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਵੀ ਦਿੱਤੇ ਹੋਏ ਹਨ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਮਈ 2002 ਵਿੱਚ ਕੇਸ ਦਰਜ ਕੀਤਾ ਸੀ। ਇਹ ਕੇਸ ਫਲਾਈਂਗ ਸਕੂਐਡ -1 ਮੁਹਾਲੀ ਵੱਲੋਂ ਭਿਝਸ਼ਟਾਚਾਰ ਰੋਕੂ ਕਾਨੂੰਨ ਦੀ ਸੈਕਸ਼ਨ 420, 467, 471, ਅਤੇ 120 ਬੀ ਤਹਿਤ ਦਰਜ ਕਰਵਾਇਆ ਸੀ। ਲੰਗਾਹ ਨੂੰ ਫਰਵਰੀ 2015 ਵਿੱਚ ਮੁਹਾਲੀ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤੀ ਸੀ।  ਮਾਰਚ 2015 ਵਿੱਚ ਹਾਈਕੋਰਟ ਨੇ ਇਸ ਸਜ਼ਾ ਨੂੰ ਮੁਲਤਵੀ ਕਰ ਦਿੱਤਾ ਸੀ। ਲੰਗਾਹ ਨੇ ਹਾਈਕੋਰਟ  ਵਿੱਚ ਅਪੀਲ ਦਾਇਰ ਕਰਕੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਇਸ ਆਧਾਰ ਉੱਤੇ ਚੁਣੌਤੀ ਦਿੱਤੀ ਸੀ ਕਿ ਕਿਸੇ ਵੀ ਗਵਾਹ ਨੇ ਸਰਕਾਰੀ ਪੱਖ ਦੀ ਹਮਾਇਤ ਨਹੀ ਕੀਤੀ। ਸਾਰਾ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ। ਹੇਠਲੀ ਅਦਾਲਤ ਵਿੱਚ ਪੇਸ਼ ਕੀਤੇ ਗਵਾਹਾਂ ਦੀਆਂ ਗਵਾਈਆਂ ਵੀ ਜਾਂਚ ਅਧਿਕਾਰੀ ਨੇ ਪਹਿਲਾਂ ਜਾਂਚ ਦੌਰਾਨ ਰਿਕਾਰਡ ਨਹੀ ਕੀਤੀਆਂ ਸਨ।