ਕਾਂਗਰਸੀਆਂ ਦੇ ਵਿਰੋਧ ਕਾਰਨ ਅਵਿਨਾਸ਼ ਚੰਦਰ ਦਾ ਹੱਥ ਰਿਹਾ ਖਾਲੀ
ਜਲੰਧਰ/ਬਿਊਰੋ ਨਿਊਜ਼ :
ਕਾਂਗਰਸ ਵਿੱਚ ਅਕਾਲੀ ਵਿਧਾਇਕਾਂ ਦੀ ਹੋ ਰਹੀ ਆਮਦ ਦੀ ਅੰਦਰ ਖਾਤੇ ਹੋ ਰਹੀ ਵਿਰੋਧਤਾ ਕਾਰਨ ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੇ ਅਵਿਨਾਸ਼ ਚੰਦਰ ਦੇ ਕਾਂਗਰਸ ਵਿੱਚ ਦਾਖ਼ਲੇ ਨੂੰ ਬਰੇਕਾਂ ਲੱਗ ਗਈਆਂ ਹਨ।
ਕੈਪਟਨ ਵਿਰੋਧੀ ਧੜੇ ਵੱਲੋਂ ਕੀਤੀ ਗਈ ਲਾਬਿੰਗ ਕਾਰਨ ਅਵਿਨਾਸ਼ ਚੰਦਰ ਦਾ ਦਾਖ਼ਲਾ ਹਾਲ ਦੀ ਘੜੀ ਰੁਕ ਗਿਆ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕੇ ਕਹਿਣਾ ਪਿਆ ਹੈ ਕਿ ਅਕਾਲੀ ਦਲ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਕਾਂਗਰਸ ਵਿੱਚ ਸ਼ਾਮਲ ਨਹੀਂ ਹੋ ਰਹੇ। ਦੂਜੇ ਪਾਸੇ ਅਵਿਨਾਸ਼ ਚੰਦਰ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਆਪ 29 ਨਵੰਬਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਉਹ ਟਵੀਟ ‘ਤੇ ਭਰੋਸਾ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਕੈਪਟਨ ਨੇ ਆਪ ਕਿਹਾ ਹੋਇਆ ਸੀ।
ਅਵਿਨਾਸ਼ ਚੰਦਰ ਆਦਮਪੁਰ ਤੋਂ ਕਾਂਗਰਸ ਦੀ ਟਿਕਟ ਮੰਗ ਰਹੇ ਹਨ ਕਿਉਂਕਿ ਇੱਥੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸੇਠ ਸਤਪਾਲ ਮੱਲ ਹੁਣ ਅਕਾਲੀ ਦਲ ਵਿੱਚ ਚਲੇ ਗਏ ਹਨ ਤੇ ਕਰਤਾਰਪੁਰ ਤੋਂ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਹੈ। ਅਵਿਨਾਸ਼ ਚੰਦਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਮੀਡੀਆ ਵਿੱਚ ਆਉਣ ਨਾਲ ਉਸ ਵਿਰੁੱਧ ਪਾਰਟੀ ਅੰਦਰ ਵਿਰੋਧ ਖੜ੍ਹਾ ਹੋ ਗਿਆ ਸੀ, ਜਿਸ ਕਾਰਨ ਉਸ ਦਾ ਦਾਖ਼ਲਾ ਹਾਲ ਦੀ ਘੜੀ ਰੁਕ ਗਿਆ ਹੈ।
Comments (0)