ਦਲਿਤਾਂ ਵਿਚੋਂ ਹੋਵੇਗਾ ਪੰਜਾਬ ਦਾ ਉਪ ਮੁੱਖ ਮੰਤਰੀ : ਕੇਜਰੀਵਾਲ

ਦਲਿਤਾਂ ਵਿਚੋਂ ਹੋਵੇਗਾ ਪੰਜਾਬ ਦਾ ਉਪ ਮੁੱਖ ਮੰਤਰੀ : ਕੇਜਰੀਵਾਲ

ਆਮ ਆਦਮੀ ਪਾਰਟੀ ਵੱਲੋਂ ਦਲਿਤ ਮੈਨੀਫੈਸਟੋ ਜਾਰੀ
ਗੋਰਾਇਆ/ਬਿਊਰੋ ਨਿਊਜ਼ :
ਪੰਜਾਬ ਦੇ 32 ਫ਼ੀਸਦੀ ਦਲਿਤ ਵੋਟਰਾਂ ਨੂੰ ਧਿਆਨ ਵਿਚ ਰੱਖਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣਾ ਮਾਸਟਰ ਸਟਰੋਕ ਚਲਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਪੰਜਾਬ ਦਾ ਉਪ ਮੁੱਖ ਮੰਤਰੀ ਦਲਿਤਾਂ ਵਿਚੋਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਕਿਸੇ ਪਾਰਟੀ ਨੇ ਦਲਿਤ ਮੈਨੀਫੈਸਟੋ ਜਾਰੀ ਕੀਤਾ ਹੈ ਤਾਂ ਜੋ ਦਲਿਤ ਸਮਾਜ ਦਾ ਵੱਧ ਤੋਂ ਵੱਧ ਭਲਾ ਕੀਤਾ ਜਾ ਸਕੇ। ਉਹ ਇਥੋਂ ਦੀ ਦਾਣਾ ਮੰਡੀ ਵਿੱਚ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੀ ਮੈਨੀਫੈਸਟੋ ਤਿਆਰ ਕਰਦੀ ਹੈ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਵਿੱਚ ਦਲਿਤਾਂ ਦਾ ਜੀਵਨ ਪੱਧਰ ਹਰ ਪਾਸੇ ਤੋਂ ਉੱਚਾ ਚੁੱਕਣ ਲਈ ਤਿਆਰੀ ਕੀਤੀ ਗਈ ਹੈ। ਹੋਰ ਪਾਰਟੀਆਂ ਵਾਅਦੇ ਭੁੱਲ ਜਾਂਦੀਆਂ ਹਨ ਪਰ ਸਾਡੀ ਪਾਰਟੀ ਹਰ ਵਾਅਦੇ ਨੂੰ ਪੂਰਾ ਕਰਦੀ ਹੈ ਜਿਸ ਦੀ ਮਿਸਾਲ ਦਿੱਲੀ ਵਿਚ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਵਿਅਕਤੀ ਨੂੰ ਸਨਮਾਨ ਦਿੱਤਾ ਹੈ।
ਇਸ ਤੋਂ ਪਹਿਲਾਂ ਜਰਨੈਲ ਸਿੰਘ ਨੇ ਪੂਰਾ ਦਲਿਤ ਮੈਨੀਫੈਸਟੋ ਪੜ੍ਹ ਕੇ ਸੁਣਾਇਆ, ਜਿਸ ਵਿੱਚ ਕਿਹਾ ਕਿ ਬੁਢਾਪਾ ਪੈਨਸ਼ਨ 2000 ਕੀਤੀ ਜਾਵੇਗੀ, ਫ਼ਸਲ ਦੇ ਮੁਆਵਜ਼ੇ ਨਾਲ ਖੇਤ ਮਜ਼ਦੂਰ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ, ਦਲਿਤਾਂ ਲਈ ਕੱਚੇ ਘਰਾਂ ਨੂੰ ਪੱਕੇ ਕਰਕੇ ਮਕਾਨ ਦਿੱਤੇ ਜਾਣਗੇ। ਰਾਖਵਾਂਕਰਨ ਪੂਰਾ ਕੀਤਾ ਜਾਵੇਗਾ। ਆਟਾ ਦਾਲ ਸਕੀਮ ਦੀ ਜਾਂਚ ਕਰਵਾ ਕੇ ਘੋਟਾਲਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਛੋਟੇ ਵਪਾਰ ਲਈ ਦੋ ਲੱਖ ਤੱਕ ਦਾ ਕਰਜ਼ਾ ਬਿਨਾਂ ਗਰੰਟੀ ਦਿੱਤਾ ਜਾਵੇਗਾ। ਸ਼ਗਨ ਸਕੀਮ ਦੀ ਰਕਮ 51000 ਕੀਤੀ ਜਾਵੇਗੀ। ਦਲਿਤ ਬੱਚਿਆਂ ਦੀ ਉੱਚ ਸਿੱਖਿਆ ਲਈ ਦਸ ਲੱਖ ਦਾ ਕਰਜ਼ਾ ਦਿੱਤਾ ਜਾਵੇਗਾ।
ਇਸ ਮੌਕੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ। ਇਸ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਐੱਸਵਾਈਐਲ ਨਹਿਰ ਨਹੀਂ ਬਣੇਗੀ। ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰਲੇ ਸੂਬੇ ਨੂੰ ਨਹੀਂ ਦਿੱਤੀ ਜਾਵੇਗੀ। ਸਰੂਪ ਸਿੰਘ ਕੰਡਿਆਣਾ ਨੇ ਕਿਹਾ ਕਿ ਉਹ ਹਲਕੇ ਤੇ ਚੌਕੀਦਾਰ ਬਣ ਕੇ ਸੇਵਾ ਕਰਨਗੇ। ਉਨ੍ਹਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ।
ਇਸ ਮੌਕੇ ਮੋਹਨ ਸਿੰਘ ਫਲੀਆਂ ਵਾਲਾ, ਸੁਖਵਿੰਦਰ ਸੁੱਖੀ, ਸੱਜਣ ਸਿੰਘ ਚੀਮਾ, ਜਸਵਿੰਦਰ ਸਿੰਘ ਜਹਾਂਗੀਰ, ਹਰਜੋਤ ਕੌਰ, ਸਰਵਜੀਤ ਕੌਰ ਮਾਣੂਕੇ, ਭੁਪਿੰਦਰ ਸਿੰਘ ਬਿੱਟੂ, ਮਹਿੰਦਰ ਸਿੰਘ ਕੰਬੋਜ, ਗਿਆਨੀ ਪ੍ਰੇਮ ਸਿੰਘ, ਵਿਰਸਾ ਸਿੰਘ ਰੰਧਾਵਾ ਹਾਜ਼ਰ ਸਨ।

ਦਿੱਲੀ ‘ਚ ਕਿਉਂ ਨਹੀਂ ਦਲਿਤ ਉਪ ਮੁੱਖ ਮੰਤਰੀ : ਕਰੀਮਪੁਰੀ
ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਅਵਤਾਰ ਸਿੰਘ ਕਰੀਮਪੁਰੀ ਨੇ ਆਮ ਆਦਮੀ ਪਾਰਟੀ ਵੱਲੋਂ ਆਉਂਦੀਆਂ ਚੋਣਾਂ ਵਿੱਚ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ‘ਤੇ ਤਿੱਖੀ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ ਦਲਿਤਾਂ ਦੀਆਂ ਵੋਟਾਂ ਲੈਣ ਦੀ ਖਾਤਰ ਅਜਿਹਾ ਕਰ ਰਹੇ ਹਨ। ਉਨ੍ਹਾਂ ਨੇ ਦਿੱਲੀ ਵਿਚ ਕਿਸੇ ਦਲਿਤ ਨੂੰ ਉਪ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ? ਬਸਪਾ ਆਗੂ ਕਰੀਮਪੁਰੀ ਵੱਲੋਂ ਇੱਥੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਥਾਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਿਉਂ ਨਹੀਂ ਕੀਤਾ ਜਦਕਿ ਕਿੰਨੇ ਯੋਗ ਦਲਿਤ ਆਗੂ ਮੁੱਖ ਮੰਤਰੀ ਬਣਨ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਦਲਿਤਾਂ ਦੀ ਭਲਾਈ ਲਈ ਇੱਕ ਵੀ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਵਿਚ ਸਾਰੇ ਵਰਗਾਂ ਲਈ ਸਾਂਝਾ ਮੈਨੀਫੈਸਟੋ ਜਾਰੀ ਕਰਨਾ ਚਾਹੀਦਾ ਸੀ।