ਭਗਤ ਸਿੰਘ ਦਾ ਪਿਸਤੌਲ ਪੰਜਾਬ ਲਿਆਉਣ ਦੀ ਮੰਗ ਨੇ ਫੜਿਆ ਜ਼ੋਰ

ਭਗਤ ਸਿੰਘ ਦਾ ਪਿਸਤੌਲ ਪੰਜਾਬ ਲਿਆਉਣ ਦੀ ਮੰਗ ਨੇ ਫੜਿਆ ਜ਼ੋਰ

ਚੰਡੀਗੜ੍ਹ/ਬਿਊਰੋ ਨਿਊਜ਼ :
ਭਗਤ ਸਿੰਘ ਦਾ ਪਿਸਤੌਲ ਬਾਰਡਰ ਸਿਕਿਉਰਿਟੀ ਫੋਰਸ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ’ ਵਿੱਚੋਂ ਲੱਭ ਜਾਣ ਤੋਂ ਬਾਅਦ ਇਸ ਇਤਿਹਾਸਕ ਹਥਿਆਰ ਨੂੰ ਪੰਜਾਬ ਲਿਆਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ।
ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਭਗਤ ਸਿੰਘ ਦਾ ਪਿਸਤੌਲ ਪੰਜਾਬ ਲਿਆਉਣ ਦਾ ਮਾਮਲਾ ਉਠਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਭਗਤ ਸਿੰਘ ਦਾ ਪਿਸਤੌਲ ਪੰਜਾਬ ਲਿਆਉਣ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਲੰਧਰ ਨੇੜੇ ਨਵੀਂ ਬਣੀ ‘ਜੰਗ-ਏ-ਆਜ਼ਾਦੀ’ ਯਾਦਗਾਰ ਇਸ ਇਤਿਹਾਸਕ ਹਥਿਆਰ ਨੂੰ ਪ੍ਰਦਰਸ਼ਿਤ ਕਰਨ ਲਈ ਢੁਕਵੀਂ ਜਗ੍ਹਾ ਹੈ। ਇਸ ਤੋਂ ਇਲਾਵਾ ਕਿਸੇ ਹੋਰ ਅਜਾਇਬ ਘਰ ਵਿੱਚ ਵੀ ਇਸ ਪਿਸਤੌਲ ਨੂੰ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਪਿਸਤੌਲ ਨੇ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਭਗਤ ਸਿੰਘ ਪੰਜਾਬ ਨਾਲ ਸਬੰਧਤ ਸੂਰਮਾ ਸੀ, ਇਸ ਲਈ ਇਤਿਹਾਸਕ ਹਥਿਆਰ ਨੂੰ ਪੰਜਾਬ ਲਿਆਂਦਾ ਜਾਣਾ ਚਾਹੀਦਾ ਹੈ।
ਸ਼ਹੀਦ ਭਗਤ ਸਿੰਘ ਦੇ ਭਤੀਜੇ ਪ੍ਰੋਫ਼ੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਇਹ ਇਤਿਹਾਸਕ ਹਥਿਆਰ ਲੱਭ ਗਿਆ ਹੈ। ਹੁਣ ਇਸ ਪਿਸਤੌਲ ਨੂੰ ਪੰਜਾਬ ਲਿਆਂਦਾ ਜਾਣਾ ਚਾਹੀਦਾ ਹੈ। ਉੁਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਵੱਡੀਆਂ ਯਾਦਗਾਰਾਂ ਬਣਾਉਣਾ ਦਾ ਕੋਈ ਫਾਇਦਾ ਨਹੀਂ, ਜੇ ਪੰਜਾਬ ਦੇ ਇਤਿਹਾਸ ਨੂੰ ਹੀ ਨਾ ਸੰਭਾਲਿਆ ਗਿਆ। ਇਸ ਦੌਰਾਨ ਕਾਂਗਰਸੀ ਆਗੂ ਮਨਪ੍ਰੀਤ ਬਾਦਲ ਮੰਗ ਕਰ ਚੁੱਕੇ ਹਨ ਕਿ ਭਗਤ ਸਿੰਘ ਦੇ ਪਿਸਤੌਲ ਨੂੰ ਆਮ ਹਥਿਆਰ ਵਜੋਂ ਨਾ ਲਿਆ ਜਾਵੇ, ਬਲਕਿ ਕੌਮੀ ਵਸਤੂ ਵਜੋਂ ਪ੍ਰਦਰਸ਼ਿਤ ਕੀਤਾ ਜਾਵੇ। ਸ੍ਰੀ ਬਾਦਲ ਨੇ ਕਿਹਾ ਕਿ ਇਸ ਪਿਸਤੌਲ ਨੂੰ ਪੈਟਨ ਟੈਂਕਾਂ ਤੋਂ ਵੱਧ ਤਰਜੀਹ ਦਿੱਤੀ ਜਾਵੇ। ਇਸ ਦੌਰਾਨ ਕਾਂਗਰਸ ਦੀ ਤਰਜਮਾਨ ਨਮੀਸ਼ਾ ਮਹਿਤਾ ਨੇ ਮੰਗ ਕੀਤੀ ਭਗਤ ਸਿੰਘ ਦੇ ਪਿਸਤੌਲ ਨੂੰ ਪੰਜਾਬ ਲਿਆ ਕੇ ਖਟਕੜ ਕਲ੍ਹਾਂ ਵਿੱਚ ਰੱਖਿਆ ਜਾਵੇ।