ਟਰੰਪ ਮੇਰੀ ਨਵੀਂ ਫਿਲਮ ‘ਵਾਇਸਰਾਏਜ਼ ਹਾਊਸ’ ਤੋਂ ਸਬਕ ਸਿੱਖਣ : ਗੁਰਿੰਦਰ ਚੱਢਾ

ਟਰੰਪ ਮੇਰੀ ਨਵੀਂ ਫਿਲਮ ‘ਵਾਇਸਰਾਏਜ਼ ਹਾਊਸ’ ਤੋਂ ਸਬਕ ਸਿੱਖਣ : ਗੁਰਿੰਦਰ ਚੱਢਾ

ਲੰਡਨ/ਬਿਊਰੋ ਨਿਊਜ਼ :
ਪੰਜਾਬੀ ਮੂਲ ਦੀ ਬਰਤਾਨਵੀ ਫਿਲਮ ਡਾਇਰੈਕਟਰ ਗੁਰਿੰਦਰ ਚੱਢਾ ਦੀ ਨਵੀਂ ਫਿਲਮ ‘ਵਾਇਸਰਾਏਜ਼ ਹਾਊਸ’ ਮਾਰਚ ਵਿੱਚ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਭਾਰਤ-ਪਾਕਿਸਤਾਨ ਦੀ ਵੰਡ ‘ਤੇ ਆਧਾਰਤ ਸੱਚੀ ਕਹਾਣੀ ਹੈ। ਗੁਰਿੰਦਰ ਚੱਢਾ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਹ ਫਿਲਮ ਵੇਖਣ ਅਤੇ ਇਸ ਤੋਂ ਸਬਕ ਸਿੱਖਣ ਲਈ ਕਿਹਾ ਹੈ। ਚੱਢਾ ਨੇ ਕਿਹਾ ਕਿ ਕਿ ਅੱਜ ਜਿਸ ਸੰਸਾਰ ਵਿੱਚ ਰਹਿ ਰਹੇ ਹਾਂ ਉਹ ਕਾਫੀ ਵੰਡਿਆ ਹੋਇਆ ਹੈ, ਸਾਡੇ ਕੁਝ ਰਾਜਨੀਤਕ ਲੋਕ ਦੀਵਾਰ ਬਣਾਉਣ ਦੀ ਗੱਲ ਕਰ ਰਹੇ ਹਨ। ਇੱਕ ਫਿਲਮ ਆ ਰਹੀ ਹੈ ਜੋ ਯਾਦ ਕਰਵਾਏਗੀ ਕਿ ਜਦੋਂ ਵੰਡ ਦੀ ਗੱਲ ਸ਼ੁਰੂ ਹੁੰਦੀ ਹੈ ਤਾਂ ਕੀ ਹੁੰਦਾ ਹੈ। ਗੁਰਿੰਦਰ ਚੱਢਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਡੋਨਲਡ ਟਰੰਪ ਇਹ ਫਿਲਮ ਵੇਖੇ ਅਤੇ ਹੋ ਸਕਦਾ ਹੈ 1947 ਦੇ ਇਸ ਵਾਕਿਆ ਤੋਂ ਉਹ ਕੁਝ ਸਿੱਖਣ ਅਤੇ ਮਹਿਸੂਸ ਕਰਨ ਕਿ ਉਹ ਕਿਸ ਤਰ੍ਹਾਂ ਦੇ ਵਿਸ਼ਵਵਿਆਪੀ ਹਨ। ਗੁਰਿੰਦਰ ਚੱਢਾ ਦੀ ਨਵੀਂ ਫਿਲਮ ‘ਵਾਇਸਰਾਏਜ਼ ਹਾਊਸ’ 1947 ਦੇ ਬਿਟ੍ਰਿਸ਼ ਰਾਜ ਦੇ ਆਖਰੀ ਦਿਨਾਂ ‘ਤੇ ਆਧਾਰਤ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਸੀ। ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਵੰਡ ਅਤੇ ਕਤਲੋਗਾਰਤ ਹੋਈ ਸੀ। ਗੁਰਿੰਦਰ ਚੱਢਾ ਨੇ ਇਹ ਫਿਲਮ ਆਪਣੇ ਬਜ਼ੁਰਗਾਂ ਨੂੰ ਸਮਰਪਿਤ ਕੀਤੀ ਹੈ, ਜੋ ਇਸ ਖੂਨੀ ਬਟਵਾਰੇ ਦੌਰਾਨ ਕਿਸੇ ਤਰ੍ਹਾਂ ਬਚ ਗਏ ਸਨ। ਇਸ ਫਿਲਮ ਵਿਚ ਹੁਮਾ ਕੁਰੈਸ਼ੀ, ਓਮ ਪੁਰੀ, ਮੁਨੀਸ਼ ਦਿਆਲ ਨੇ ਕੰਮ ਕੀਤਾ ਹੈ ਜਦ ਕਿ ਬਿਟ੍ਰਿਸ਼ ਐਕਟਰ ਹਗ ਬੌਨੀਵਿਲੇ ਨੇ ਲਾਰਡ ਮਾਊਟਬੈਟਨ ਅਤੇ ਗਿਲੀਅਨ ਐਂਡਰਸਿਨ ਨੇ ਲੇਡੀ ਐਵੀਨਾ ਮਾਊਟਬੈਟਨ ਦੀ ਭੂਮਿਕਾ ਨਿਭਾਈ ਹੈ।