ਮਲੂਕਾ ਦੇ ਪੁੱਤਰ ਚਰਨਜੀਤ ਸਿੰਘ ਮਲੂਕਾ ਨੂੰ ਕੈਨੇਡਾ ‘ਚ ਸ਼ਰਧਾਂਜਲੀਆਂ

ਮਲੂਕਾ ਦੇ ਪੁੱਤਰ ਚਰਨਜੀਤ ਸਿੰਘ ਮਲੂਕਾ ਨੂੰ ਕੈਨੇਡਾ ‘ਚ ਸ਼ਰਧਾਂਜਲੀਆਂ

ਟੋਰਾਂਟੋ/ਬਿਊਰੋ ਨਿਊਜ਼ :
ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਕੈਨੇਡਾ ਵਾਸੀ ਛੋਟੇ ਬੇਟੇ ਚਰਨਜੀਤ ਸਿੰਘ ਮਲੂਕਾ (45) ਦਾ ਬੀਤੀ 25 ਅਕਤੂਬਰ ਨੂੰ ਮਿਲਟਨ ਡਿਸਟ੍ਰਕਟ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਬਰੈਂਪਟਨ ਕ੍ਰਿਮਾਟੋਰੀਅਮ ਐਂਡ ਵਿਜ਼ੀਟੇਸ਼ਨ ਸੈਨਟਰ ਵਿਚ ਕੀਤਾ ਗਿਆ ਜਿੱਥੇ ਵੱਡੀ ਤਦਾਦ ਵਿਚ ਲੋਕਾਂ ਨੇ ਅੰਤਿਮ ਦਰਸ਼ਨ ਕੀਤੇ। ਉਪਰੰਤ ਮਿਸੀਸਾਗਾ ‘ਚ ਡਿਕਸੀ ਰੋਡ ‘ਤੇ ਸਥਿਤ ਉਂਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਚ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ। ਅਰਦਾਸ ਉਪਰੰਤ ਸੰਸਦ ਮੈਂਬਰ ਰੂਬੀ ਸਹੋਤਾ, ਗੁਰਬਖਸ਼ ਸਿੰਘ ਮੱਲ੍ਹੀ, ਫੁੰੰਮਣ ਸਿੰਘ ਭਗਤਾ, ਇੰਦਰਜੀਤ ਸਿੰਘ ਬੱਲ, ਗਿਆਨ ਸਿੰਘ ਲੰਗੇਰੀ, ਪ੍ਰਦੁੱਮਣ ਸਿੰਘ ਪਾਇਲ ਤੇ ਰਣਜੀਤ ਸਿੰਘ ਦੂਲੇ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਹਰਬੰਸ ਸਿੰਘ ਜੰਡਾਲੀ ਨੇ ਚਲਾਈ। ਸ. ਜੰਡਾਲੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਚਰਨਜੀਤ ਸਿੰਘ ਅਟਵਾਲ, ਡਾ. ਦਲਜੀਤ ਸਿੰਘ ਚੀਮਾ, ਬਿਕਰਮਜੀਤ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਸਰਵਣ ਸਿੰਘ ਫਿਲੌਰ, ਮਨਪ੍ਰੀਤ ਸਿੰਘ ਇਯਾਲੀ, ਮਨਤਾਰ ਸਿੰਘ ਬਰਾੜ, ਬਲਰਾਮ ਜੀ ਦਾਸ ਟੰਡਨ, ਸਤਿਗੁਰੂ ਉਦੈ ਸਿੰਘ ਸਮੇਤ ਕਈ ਹੋਰ ਰਾਜਨੀਤਕ ਤੇ ਧਾਰਮਿਕ ਸ਼ਖਸੀਅਤਾਂ ਨੇ ਸ. ਮਲੂਕਾ ਨੂੰ ਕੈਨੇਡਾ ਵਿਚ ਟੈਲੀਫੋਨ ਕਰਕੇ ਦੁੱਖ ਸਾਂਝਾ ਕੀਤਾ ਹੈ। ਸੰਗਤ ਦਾ ਧੰਨਵਾਦ ਕਰਦਿਆਂ ਸ. ਮਲੂਕਾ ਨੇ ਕਿਹਾ ਕਿ ਉਨ੍ਹਾਂ ਨੂੰ ਤੇ ਸਦੀਵੀ ਵਿਛੋੜਾ ਦੇ ਗਏ ਚਰਨਜੀਤ ਦੇ ਪਰਿਵਾਰ (ਪਤਨੀ ਨਸੀਬ ਕੌਰ, ਬੇਟਾ ਰਣਦੀਪ ਸਿੰਘ, ਬੇਟੀ ਰਮਨੀਤ ਕੌਰ) ਨੂੰ ਇਸੇ ਤਰ੍ਹਾਂ ਕੈਨੇਡਾ ਵਾਸੀ ਸਹਿਯੋਗੀਆਂ ਤੇ ਹਮਦਰਦਾਂ ਦੀ ਲੋੜ ਰਹੇਗੀ। ਸਟੇਜ ਤੋਂ ਬੋਲਦਿਆਂ ਸ. ਮਲੂਕਾ ਬੇਹੱਦ ਭਾਵੁਕ ਹੋਏ ਤੇ ਸਦਮੇ ਵਿਚ ਉਨ੍ਹਾਂ ਦੇ ਹੰਝੂ ਕਿਰ ਗਏ, ਜਿਸ ਨਾਲ ਮੌਕੇ ‘ਤੇ ਮਾਹੌਲ ਬੇਹੱਦ ਗਮਗੀਨ ਹੋ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਇਕਾਈ ਤੇ ਯੂਥ ਦਲ ਦੀ ਲੀਡਰਸ਼ਿਪ ਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਰਹੇ ਤੇ ਪੰਜਾਬ ਤੋਂ ਸ. ਮਲੂਕਾ ਦਾ ਬੇਟਾ ਗੁਰਪ੍ਰੀਤ ਸਿੰਘ ਮਲੂਕਾ ਵੀ ਹਾਜ਼ਰ ਸਨ।