ਡੇਰਾ ਪ੍ਰੇਮੀ ਦੇ ਕਤਲ ਤੇ ਬੇਅਦਬੀ ਮਾਮਲੇ ‘ਚ ਚਾਰ ‘ਆਪ’ ਆਗੂ ਗ੍ਰਿਫ਼ਤਾਰ

ਡੇਰਾ ਪ੍ਰੇਮੀ ਦੇ ਕਤਲ ਤੇ ਬੇਅਦਬੀ ਮਾਮਲੇ ‘ਚ ਚਾਰ ‘ਆਪ’ ਆਗੂ ਗ੍ਰਿਫ਼ਤਾਰ

ਫ਼ਰੀਦਕੋਟ/ਬਿਊਰੋ ਨਿਊਜ਼ :
ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਇੱਕ ਡੇਰਾ ਪ੍ਰੇਮੀ ਦੇ ਕਤਲ ਅਤੇ ਪਿੰਡ ਜਲਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਸੀਆਈਏ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਦੇ ਚਾਰ ‘ਆਪ’ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਵਿੱਚ ਬਜ਼ੁਰਗ ਜਰਨੈਲ ਸਿੰਘ ਵੀ ਸ਼ਾਮਲ ਹੈ ਜਿਸ ਨੇ ਬੇਅਦਬੀ ਕਾਂਡ ਤੋਂ ਬਾਅਦ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਥੱਪੜ ਮਾਰਿਆ ਸੀ। ਉਸ ਨਾਲ ਜਸਵੀਰ ਸਿੰਘ, ਅਵਤਾਰ ਸਿੰਘ ਅਤੇ ਕਪੂਰ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਸੀਆਈਏ ਸਟਾਫ ਦੇ ਇੰਸਪੈਕਟਰ ਛਿੰਦਰ ਪਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਮਹਿਜ਼ ਪੁੱਛ-ਗਿੱਛ ਲਈ ਬੁਲਾਇਆ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਪੁਲੀਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿਸੇ ਪਾਰਟੀ ਨਾਲ ਜੁੜੇ ਹੋਏ ਹਨ। ‘ਆਪ’ ਦੇ ਸਥਾਨਕ ਆਗੂਆਂ ਗੁਰਦਿੱਤ ਸਿੰਘ ਸੇਖੋਂ, ਸਵਰਨ ਸਿੰਘ, ਗੁਰਤੇਜ ਸਿੰਘ ਖੋਸਾ ਅਤੇ ਅਮਨ ਵੜਿੰਗ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਛੱਡਿਆ ਜਾਵੇ ਅਤੇ ਚਾਰਾਂ ਨੂੰ ਘਰਾਂ ‘ਚੋਂ ਬਿਨਾਂ ਕੋਈ ਕਾਰਨ ਦੱਸਿਆਂ ਚੁੱਕ ਕੇ ਲਿਆਂਦਾ ਗਿਆ ਹੈ।