ਫਿਲਮਫੇਅਰ ਐਵਾਰਡ : ਆਮਿਰ ਖ਼ਾਨ ਬਣਿਆ ਬਿਹਤਰੀਨ ਅਦਾਕਾਰ

ਫਿਲਮਫੇਅਰ ਐਵਾਰਡ : ਆਮਿਰ ਖ਼ਾਨ ਬਣਿਆ ਬਿਹਤਰੀਨ ਅਦਾਕਾਰ

ਪਹਿਲੇ ਸਰਦਾਰ ਅਦਾਕਾਰ ਦਲਜੀਤ ਦੁਸਾਂਝ ਨੂੰ ਮਿਲਿਆ ਪੁਰਸਕਾਰ
ਮੁੰਬਈ/ਬਿਊਰੋ ਨਿਊਜ਼ :
ਇੱਥੇ 62ਵੇਂ ਜੀਓ ਫਿਲਮਫੇਅਰ ਐਵਾਰਡ ਸਮਾਰੋਹ ਵਿੱਚ ਸੁਪਰ ਸਟਾਰ ਆਮਿਰ ਖ਼ਾਨ ਨੂੰ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਮਿਲਿਆ, ਜਦੋਂ ਕਿ ਉਸ ਦੀ ਫਿਲਮ ‘ਦੰਗਲ’ ਨੂੰ ਬਿਹਤਰੀਨ ਫਿਲਮ ਚੁਣਿਆ ਗਿਆ।
ਬਿਹਤਰੀਨ ਨਿਰਦੇਸ਼ਕ ਦਾ ਐਵਾਰਡ ਵੀ ‘ਦੰਗਲ’ ਲਈ ਨਿਤੇਸ਼ ਤਿਵਾੜੀ ਦੇ ਹਿੱਸੇ ਆਇਆ। ਇਸ ਦੇ ਨਾਲ ਹੀ ਪਹਿਲੀ ਵਾਰ ਪੰਜਾਬੀ ਸੁਪਰ ਸਟਾਰ ਦਲਜੀਤ ਦੁਸਾਂਝ ਨੂੰ ‘ਉੜਤਾ ਪੰਜਾਬ’ ਲਈ ਬਿਹਤਰੀਨ ਨਵੇਂ ਅਦਾਕਾਰ ਦਾ ਐਵਾਰਡ ਮਿਲਿਆ।
ਇਹ ਐਵਾਰਡ ਸਮਾਰੋਹ ਕਰਨ ਜੌਹਰ, ਸ਼ਾਹਰੁਖ ਖ਼ਾਨ ਅਤੇ ਕਪਿਲ ਸ਼ਰਮਾ ਦੀ ਮੇਜ਼ਬਾਨੀ ਵਿੱਚ ਸਿਰੇ ਚੜ੍ਹਿਆ। ਇਸੇ ਦੌਰਾਨ ਬਿਹਤਰੀਨ ਅਦਾਕਾਰਾ ਦਾ ਐਵਾਰਡ ‘ਉੜਤਾ ਪੰਜਾਬ’ ਵਿੱਚ ਭੂਮਿਕਾ ਲਈ ਆਲੀਆ ਭੱਟ ਨੇ ਜਿੱਤਿਆ, ਜਦੋਂ ਕਿ ਸੋਨਮ ਕਪੂਰ ਨੂੰ ‘ਨੀਰਜਾ’ ਲਈ ਆਲੋਚਕਾਂ ਦੀ ਪਸੰਦੀਦਾ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ। ਰਾਮ ਮਾਧਵਾਨੀ ਵੱਲੋਂ ਨਿਰਦੇਸ਼ਤ ਇਸ ਜੀਵਨੀ ਮੂਲਕ ਫਿਲਮ ਨੂੰ ਆਲੋਚਕਾਂ ਵੱਲੋਂ ਐਲਾਨੀ ਵਧੀਆ ਫਿਲਮ ਦਾ ਐਵਾਰਡ ਵੀ ਮਿਲਿਆ।
ਆਲੋਚਕਾਂ ਦੀ ਨਜ਼ਰ ਵਿੱਚ ਬਿਹਤਰੀਨ ਅਦਾਕਾਰ ਦਾ ਐਵਾਰਡ ‘ਉੜਤਾ ਪੰਜਾਬ’ ਵਿੱਚ ਨਸ਼ੇੜੀ ਰੌਕ ਸਟਾਰ ਦੀ ਭੂਮਿਕਾ ਲਈ ਸ਼ਾਹਿਦ ਕਪੂਰ ਅਤੇ ‘ਅਲੀਗੜ੍ਹ’ ਲਈ ਮਨੋਜ ਬਾਜਪਾਈ ਨੂੰ ਸਾਂਝੇ ਤੌਰ ‘ਤੇ ਮਿਲਿਆ। ‘ਕਪੂਰ ਐਂਡ ਸੰਨਜ਼’ ਵਿੱਚ ਭੂਮਿਕਾ ਲਈ ਰਿਸ਼ੀ ਕਪੂਰ ਨੂੰ ਬਿਹਤਰੀਨ ਸਹਾਇਕ ਕਲਾਕਾਰ ਦਾ ਐਵਾਰਡ ਮਿਲਿਆ, ਜਦੋਂ ਕਿ ਮਹਿਲਾ ਵਰਗ ਵਿੱਚ ‘ਨੀਰਜਾ’ ਲਈ ਸ਼ਬਾਨਾ ਆਜ਼ਮੀ ਨੇ ਇਹ ਪੁਰਸਕਾਰ ਜਿੱਤਿਆ।
ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ ਸ਼ਤਰੂਘਨ ਸਿਨਹਾ ਨੂੰ ਦਿੱਤਾ ਗਿਆ। ਸਮਾਰੋਹ ਵਿੱਚ ਹੋਰਾਂ ਤੋਂ ਇਲਾਵਾ ਸਲਮਾਨ ਖ਼ਾਨ, ਸੋਨਾਕਸ਼ੀ ਸਿਨਹਾ, ਆਲੀਆ, ਟਾਈਗਰ ਸ਼ਰੌਫ, ਜੈਕੁਲਿਨ ਫਰਨਾਂਡੇਜ਼ ਤੇ ਵਰੁਣ ਧਵਨ ਹਾਜ਼ਰ ਸਨ। ਅਸ਼ਵਨੀ ਅੱਈਅਰ ਤਿਵਾੜੀ ਨੂੰ ‘ਨਿੱਲ ਬਟੇ ਸੰਨਾਟਾ’ ਲਈ ਬਿਹਤਰੀਨ ਨਵੇਂ ਡਾਇਰੈਕਟਰ ਦਾ ਸਨਮਾਨ ਮਿਲਿਆ। ਪੰਜਾਬੀ ਸੁਪਰ ਸਟਾਰ ਦਲਜੀਤ ਦੁਸਾਂਝ ਨੂੰ ‘ਉੜਤਾ ਪੰਜਾਬ’ ਲਈ ਬਿਹਤਰੀਨ ਨਵੇਂ ਅਦਾਕਾਰ ਅਤੇ ਰਿਤਿਕਾ ਸਿੰਘ ਨੂੰ ‘ਸਾਲਾ ਖੜੂਸ’ ਲਈ ਬਿਹਤਰੀਨ ਨਵੀਂ ਅਦਾਕਾਰਾ ਦਾ ਐਵਾਰਡ ਮਿਲਿਆ।
ਕਰਨ ਜੌਹਰ ਦੇ ਨਿਰਮਾਣ ਅਧੀਨ ਬਣੀ ‘ਕਪੂਰ ਐਂਡ ਸੰਨਜ਼’ ਲਈ ਬਿਹਤਰੀਨ ਸਕਰੀਨਪਲੇਅ, ਬਿਹਤਰੀਨ ਕਹਾਣੀ ਦਾ ਐਵਾਰਡ ਸ਼ਕੁਨ ਬੱਤਰਾ ਅਤੇ ਆਇਸ਼ਾ ਦੇਵਿਤਰੀ ਢਿੱਲੋਂ ਨੂੰ ਮਿਲਿਆ। ਇਨ੍ਹਾਂ ਦੋਵਾਂ ਨੇ ‘ਉੜਤਾ ਪੰਜਾਬ’ ਲਈ ਪਿੱਠਵਰਤੀ ਸੰਗੀਤ ਲਈ ਐਵਾਰਡ ਵੀ ਸਾਂਝੇ ਤੌਰ ਉਤੇ ਹਾਸਲ ਕੀਤਾ।
‘ਪਿੰਕ’ ਵਿੱਚ ਪਰਸਪਰ ਸਹਿਮਤੀ ਨਾਲ ਸਰੀਰਕ ਸਬੰਧਾਂ ਦੇ ਮੁੱਦੇ ਨੂੰ ਉਭਾਰਨ ਵਾਲੇ ਸੰਵਾਦ ‘ਨੋ ਮੀਨਜ਼ ਨੋ’ (ਨਾਂਹ ਦਾ ਮਤਲਬ ਨਾਂਹ) ਲਈ ਰਿਤੇਸ਼ ਸ਼ਾਹ ਨੂੰ ਬਿਹਤਰੀਨ ਸੰਵਾਦ ਲਿਖਣ ਬਦਲੇ ਐਵਾਰਡ ਦਿੱਤਾ ਗਿਆ।