ਇੰਗਲੈਂਡ ‘ਚ ਪਤਨੀ ਦੇ ਕਤਲ ਕਾਰਨ ਹੋਈ ਸਜਾ ਪੰਜਾਬ ‘ਚ ਭੁਗਤੇਗਾ ਐਨਆਰਆਈ ਪੰਜਾਬੀ

ਇੰਗਲੈਂਡ ‘ਚ ਪਤਨੀ ਦੇ ਕਤਲ ਕਾਰਨ ਹੋਈ ਸਜਾ ਪੰਜਾਬ ‘ਚ ਭੁਗਤੇਗਾ ਐਨਆਰਆਈ ਪੰਜਾਬੀ

ਹਰਪ੍ਰੀਤ ਔਲਖ ਤੇ ਗੀਤਾ ਔਲਖ ਦੀ ਪੁਰਾਣੀ ਤਸਵੀਰ।
ਲੰਡਨ/ਬਿਊਰੋ ਨਿਊਜ਼ :
ਬੀਬੀਸੀ ਮੁਤਾਬਕ ਭਾਰਤ ਅਤੇ ਯੂਕੇ ਦਰਮਿਆਨ ਕੈਦੀਆਂ ਦੀ ਅਦਲਾ-ਬਦਲੀ ਐਕਟ ਤਹਿਤ 40 ਸਾਲ ਦੇ ਹਰਪ੍ਰੀਤ ਨੂੰ ਭਾਰਤ ਭੇਜਿਆ ਜਾ ਰਿਹਾ ਹੈ। ਯੂਕੇ ‘ਚ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਜੇਲ੍ਹ ਵਿੱਚ ਕੈਦ ਕੱਟ ਰਹੇ ਐਨਆਰਆਈ ਨੂੰ ਭਾਰਤ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਪੰਜਾਬ ‘ਚ ਬਾਕੀ ਰਹਿੰਦੀ ਸਜ਼ਾ ਭੁਗਤੇਗਾ। ਐਨਆਰਆਈ ਹਰਪ੍ਰੀਤ ਔਲਖ ਨੂੰ ਦਸੰਬਰ 2010 ‘ਚ 28 ਵਰ੍ਹਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਤਨੀ ਗੀਤਾ ਔਲਖ ਵੱਲੋਂ ਤਲਾਕ ਮੰਗਣ ‘ਤੇ ਹਰਪ੍ਰੀਤ ਨੇ ਉਸ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ।
ਪੰਜਾਬ ਪੁਲੀਸ ਦੇ ਅਧਿਕਾਰੀ ਆਈਪੀਐਸ. ਸਹੋਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਰੇ ਇੰਤਜ਼ਾਮ ਕਰ ਲਏ ਗਏ ਹਨ ਅਤੇ ਉਸ ਨੂੰ ਦਿੱਲੀ ਲਿਆਂਦਾ ਜਾਵੇਗਾ, ਜਿਥੋਂ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੀ ਟੀਮ ਉਸ ਨੂੰ ਅੰਮ੍ਰਿਤਸਰ ਲੈ ਕੇ ਆਏਗੀ। ਆਈਜੀ (ਜੇਲ੍ਹਾਂ) ਰੂਪ ਕੁਮਾਰ ਨੇ ਦੱਸਿਆ ਕਿ ਹਰਪ੍ਰੀਤ ਨੇ ਯੂਕੇ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਆਪਣੀ ਬਾਕੀ ਦੀ ਸਜ਼ਾ ਪੰਜਾਬ ‘ਚ ਕੱਟਣਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਨਵੰਬਰ 2009 ‘ਚ ਗੀਤਾ (28) ਦੀ ਗ੍ਰੀਨਫੋਰਡ ‘ਚ ਤਲਵਾਰ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਭਾਰਤੀ ਭਾਈਚਾਰੇ ਲਈ ਚਲਦੇ ਰੇਡੀਓ ਸਟੇਸ਼ਨ ‘ਤੇ ਕੰਮ ਕਰਦੀ ਸੀ ਅਤੇ ਉਸ ਦੀ ਹੱਤਿਆ ‘ਤੇ ਦੁਨੀਆ ਭਰ ‘ਚ ਸੁਰਖੀਆਂ ਬਣੀਆਂ ਸਨ। ਹਰਪ੍ਰੀਤ ਨੇ ਇਸ ਤਲਵਾਰ ਨੂੰ ਹੱਤਿਆ ਤੋਂ ਕੁਝ ਦਿਨ ਪਹਿਲਾਂ ਹੀ ਇਕ ਸਟੋਰ ਤੋਂ ਖ਼ਰੀਦਿਆ ਸੀ। ਹਰਪ੍ਰੀਤ ਦੇ ਨਾਲ ਦੋ ਹੋਰ ਸ਼ੇਰ ਸਿੰਘ (19) ਅਤੇ ਜਸਵੰਤ ਢਿੱਲੋਂ (30) ਨੂੰ ਵੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸ਼ੇਰ ਸਿੰਘ ਅਤੇ ਜਸਵੰਤ ਨੇ ਹੀ ਗੀਤਾ ‘ਤੇ ਤਲਵਾਰ ਚਲਾਈ ਸੀ ਜਿਸ ਨਾਲ ਉਸ ਦਾ ਸੱਜਾ ਹੱਥ ਵੱਢਿਆ ਗਿਆ ਸੀ ਅਤੇ ਸਿਰ ‘ਤੇ ਸੱਟਾਂ ਵੱਜੀਆਂ ਸੀ। ਦੋਹਾਂ ਨੂੰ 22 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ।