ਆਸਟਰੇਲੀਆ : ਪਰਵਾਸੀ ਕਿਰਤੀਆਂ ਦੀ ਲੁੱਟ ਰੋਕਣ ਲਈ ਸਖ਼ਤੀ

ਆਸਟਰੇਲੀਆ : ਪਰਵਾਸੀ ਕਿਰਤੀਆਂ ਦੀ ਲੁੱਟ ਰੋਕਣ ਲਈ ਸਖ਼ਤੀ

ਇਸ ਬਾਰੇ ਜਾਣਕਾਰੀ ਦਿੰਦੀ ਹੋਈ ਫੇਅਰ ਵਰਕ ਅਧਿਕਾਰੀ ਨੈਟਾਲੀ ਜੇਮਜ਼।
ਸਿਡਨੀ/ਬਿਊਰੋ ਨਿਊਜ਼ :
ਪਰਵਾਸੀ ਕਾਮਿਆਂ ਦਾ ਆਰਥਿਕ ਸ਼ੋਸ਼ਣ ਰੋਕਣ ਲਈ ਆਸਟਰੇਲੀਆ ਸਰਕਾਰ ਸਖ਼ਤੀ ਕਰ ਰਹੀ ਹੈ। ਸਰਕਾਰ ਨੇ ਆਡਿਟ ਕਰਕੇ ਕਾਰੋਬਾਰੀਆਂ ਨੂੰ 616 ਕਾਮਿਆਂ ਦੇ ਕਰੀਬ 471904 ਡਾਲਰ ਵਾਪਸ ਦੇਣ ਲਈ ਮਜਬੂਰ ਕਰ ਦਿੱਤਾ ਹੈ। ਕਰੀਬ 72 ਫ਼ੀਸਦ ਕਾਰੋਬਾਰੀਆਂ ਨੇ ਕੰਮ ਦੇ ਸਥਾਨ ‘ਤੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਪਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਵਾਲਿਆਂ ਵਿਚ ਵੱਡੀ ਗਿਣਤੀ ਭਾਰਤੀ ਪਿਛੋਕੜ ਵਾਲਿਆਂ ਦੀ ਹੈ।
ਜਾਣਕਾਰੀ ਅਨੁਸਾਰ ਫੇਅਰ ਵਰਕ ਇੰਸਪੈਕਟਰਾਂ ਨੇ ਸਿਡਨੀ ਸਮੇਤ ਹੋਰ ਸ਼ਹਿਰਾਂ ਵਿਚ 243 ਵਪਾਰਕ ਥਾਵਾਂ ਦਾ ਦੌਰਾ ਕੀਤਾ।
ਇੰਸਪੈਕਟਰਾਂ ਨੇ ਸਟਾਫ਼ ਨਾਲ ਇੰਟਰਵਿਊ ਕੀਤੀ ਤੇ ਰੁਜ਼ਗਾਰ ਦੇ ਰਿਕਾਰਡਾਂ ਦੀ ਜਾਂਚ ਕੀਤੀ, ਜਿਸ ਦੌਰਾਨ ਬੇਨਿਯਮੀਆਂ ਪਾਈਆਂ ਗਈਆ। ਫੇਅਰ ਵਰਕ ਇੰਸਪੈਕਟਰਾਂ ਨੇ ਐਲਾਨ ਕੀਤਾ ਕਿ ਉਹ ਪੀੜਤ ਵਰਕਰ ਸਾਹਮਣੇ ਆਉਣ ਜਿਨ੍ਹਾਂ ਦਾ ਆਰਥਿਕ ਸ਼ੋਸ਼ਣ ਹੋਇਆ ਹੈ ਤੇ ਨਿਰਧਾਰਿਤ ਨਾਲੋਂ ਘੱਟ ਤਨਖ਼ਾਹ ਮਿਲੀ ਹੈ। ਸਬੰਧਤ ਅਧਿਕਾਰੀ ਨੈਟਾਲੀ ਜੇਮਜ਼ ਨੇ ਕਿਹਾ ਕਿ ਜਿਨ੍ਹਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਪੂਰਾ ਨਹੀਂ ਮਿਲਿਆ, ਉਹ ਅੱਗੇ ਆਉਣ ਅਤੇ ਆਪਣੀ ਰਾਸ਼ੀ ਪ੍ਰਾਪਤ ਕਰਨ ਲਈ ਅਰਜ਼ੀ ਦਾਖ਼ਲ ਕਰਨ।