ਟਰੰਪ ਪ੍ਰਸ਼ਾਸਨ ਦੀਆਂ ਇਮੀਗਰੇਸ਼ਨ ਨੀਤੀਆਂ ਖਿਲਾਫ਼ ਰੋਸ ਮੁਜ਼ਾਹਰੇ

ਟਰੰਪ ਪ੍ਰਸ਼ਾਸਨ ਦੀਆਂ ਇਮੀਗਰੇਸ਼ਨ ਨੀਤੀਆਂ ਖਿਲਾਫ਼ ਰੋਸ ਮੁਜ਼ਾਹਰੇ
ਇਮੀਗਰੇਸ਼ਨ ਨੀਤੀਆਂ ਖਿਲਾਫ਼ ਲਾਸ ਏਂਜਲਸ ‘ਚ ਤਖ਼ਤੀਆਂ ਫੜ ਕੇ ਪ੍ਰਦਰਸ਼ਨ ਕਰਦੇ ਹੋਏ ਲੋਕ।

ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਵਿਵਾਦਤ ਇਮੀਗਰੇਸ਼ਨ ਨੀਤੀਆਂ ਖਿਲਾਫ਼ ਭਾਰਤੀ-ਅਮਰੀਕੀਆਂ ਸਮੇਤ ਲੱਖਾਂ ਲੋਕਾਂ ਨੇ ਵੱਖ ਵੱਖ ਸ਼ਹਿਰਾਂ ‘ਚ ਜ਼ੋਰਦਾਰ ਮੁਜ਼ਾਹਰੇ ਕੀਤੇ। ਮਾੜੀਆਂ ਨੀਤੀਆਂ ਕਰਕੇ ਗ਼ੈਰਕਾਨੂੰਨੀ ਪਰਵਾਸੀਆਂ ਦੇ ਬੱਚੇ ਉਨ੍ਹਾਂ ਤੋਂ ਵੱਖ ਹੋ ਗਏ ਹਨ। ਅਮਰੀਕੀ ਸਰਹੱਦ ‘ਤੇ ਕਰੀਬ 2 ਹਜ਼ਾਰ ਬੱਚੇ ਆਪਣੇ ਮਾਪਿਆਂ ਤੋਂ ਵੱਖ ਹੋ ਗਏ ਹਨ ਜਿਸ ਕਾਰਨ ਲੋਕਾਂ ‘ਚ ਰੋਸ ਹੈ। ਵ੍ਹਾਈਟ ਹਾਊਸ ਨੇੜੇ ਪਾਰਕ ‘ਚ ਸੈਂਕੜੇ ਲੋਕ ਤਿੱਖੀ ਧੁੱਪ ‘ਚ ਜੁੜੇ ਅਤੇ ਟਰੰਪ ਦੀਆਂ ਇਮੀਗਰੇਸ਼ਨ ਨੀਤੀਆਂ ਦਾ ਵਿਰੋਧ ਕੀਤਾ। ਅਜਿਹੇ ਵਿਰੋਧ ਪ੍ਰਦਰਸ਼ਨ ਹੋਰ ਕਈ ਸ਼ਹਿਰਾਂ ਅਤੇ ਨਗਰਾਂ ‘ਚ ਵੀ ਕੀਤੇ ਗਏ ਜਿਨ੍ਹਾਂ ਦੀ ਜ਼ਿਆਦਾਤਰ ਅਗਵਾਈ ਡੈਮੋਕਰੈਟਿਕ ਪਾਰਟੀ ਦੇ ਆਗੂ ਅਤੇ ਮਨੁੱਖੀ ਹੱਕਾਂ ਦੇ ਨੁਮਾਇੰਦੇ ਕਰ ਰਹੇ ਸਨ। ਉਨ੍ਹਾਂ ਮੰਗ ਕੀਤੀ ਕਿ ਇਮੀਗਰੇਸ਼ਨ ਨੀਤੀਆਂ ਨਰਮ ਹੋਣ ਅਤੇ ਕਿਸੇ ਵੀ ਸੂਰਤ ‘ਚ ਬੱਚਿਆਂ ਨੂੰ ਮਾਪਿਆਂ ਨਾਲੋਂ ਜੁਦਾ ਨਾ ਕੀਤਾ ਜਾਵੇ। ਲੋਕਾਂ ਦੇ ਵੱਡੀ ਗਿਣਤੀ ‘ਚ ਬਾਹਰ ਆਉਣ ‘ਤੇ ਟਰੰਪ ਨੇ ਟਵੀਟ ਕਰਕੇ ਕਿਹਾ ਕਿ ”ਜਦੋਂ ਮੁਲਕ ‘ਚ ਗ਼ੈਰਕਾਨੂੰਨੀ ਢੰਗ ਨਾਲ ਲੋਕ ਆਉਂਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਬਾਹਰ ਭੇਜ ਦਿੱਤਾ ਜਾਣਾ ਚਾਹੀਦਾ ਹੈ। ਰਿਪਬਲਿਕਨ ਮਜ਼ਬੂਤ ਸਰਹੱਦਾਂ ਚਾਹੁੰਦੇ ਹਨ ਅਤੇ ਕੋਈ ਜੁਰਮ ਨਹੀਂ ਹੋਣਾ ਚਾਹੀਦਾ ਹੈ। ਡੈਮਕਰੈਟਸ ਖੁਲ੍ਹੇ ਬਾਰਡਰ ਚਾਹੁੰਦੇ ਹਨ ਜਦਕਿ ਜੁਰਮ ਸਬੰਧੀ ਉਨ੍ਹਾਂ ਦੀਆਂ ਨੀਤੀਆਂ ਕਮਜ਼ੋਰ ਹਨ।”
ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਪ੍ਰਮਿਲਾ ਨੇ ਵਾਸ਼ਿੰਗਟਨ ਰੈਲੀ ‘ਚ ਕਿਹਾ ਕਿ ਉਹ ਟਰੰਪ ਦੀ ਬਿਲਕੁਲ ਨਾ ਸਹਿਣ ਕੀਤੀ ਜਾਣ ਵਾਲੀ ਨੀਤੀ ਦੇ ਖ਼ਾਤਮੇ ਲਈ ਇਕੱਠੇ ਹੋਏ ਹਨ। ਇਸ ਮੌਕੇ ਗ੍ਰੈਮੀ ਪੁਰਸਕਾਰ ਜੇਤੂ ਗਾਇਕ ਅਤੇ ਗੀਤਕਾਰ ਐਲਿਸ਼ਿਆ ਕੀਅਜ਼, ਡੀਏਨ ਗੁਐਰੇਰੋ, ਅਦਾਕਾਰ ਲਿਨ ਮੈਨੁਅਲ ਮਿਰਾਂਡਾ ਵੀ ਹਾਜ਼ਰ ਸਨ। ਅਟਲਾਂਟਾ ‘ਚ ਸਿਵਲ ਹੱਕਾਂ ਦੇ ਆਗੂ ਅਤੇ ਕਾਂਗਰਸਮੈਨ ਜੌਹਨ ਲੁਇਸ (78 ਸਾਲ) ਨੇ ਵੀ ਟਰੰਪ ਦੀ ਨਿਖੇਧੀ ਕੀਤੀ। ਨਿਊਯਾਰਕ ‘ਚ ਹਜ਼ਾਰਾਂ ਲੋਕਾਂ ਨੇ ਰੈਲੀ ਕੀਤੀ ਅਤੇ ਪਰਵਾਸੀ ਪਰਿਵਾਰਾਂ ਦੀ ਹਮਾਇਤ ‘ਚ ਮਾਰਚ ਕੱਢਿਆ।