ਓਂਟਾਰੀਓ ਸੂਬਾਈ ਚੋਣਾਂ : ਸਿੱਖ ਨੌਜਵਾਨ ਜਗਮੀਤ ਸਿੰਘ ਦੀ ਅਗਵਾਈ ‘ਚ ਟੋਰੀ ਪਾਰਟੀ ਦੀ ਹੂੰਝਾਫੇਰ ਜਿੱਤ

ਓਂਟਾਰੀਓ ਸੂਬਾਈ ਚੋਣਾਂ : ਸਿੱਖ ਨੌਜਵਾਨ ਜਗਮੀਤ ਸਿੰਘ ਦੀ ਅਗਵਾਈ ‘ਚ ਟੋਰੀ ਪਾਰਟੀ ਦੀ ਹੂੰਝਾਫੇਰ ਜਿੱਤ

ਟੋਰਾਂਟੋ/ਬਰੈਂਪਟਨ/ਬਿਊਰੋ ਨਿਊਜ਼ :
ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਦੀਆਂ ਚੋਣਾਂ ਵਿਚ ਸਿੱਖ ਨੌਜਵਾਨ ਜਗਮੀਤ ਸਿੰਘ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ (ਟੋਰੀ) ਨੇ ਲਿਬਰਲ ਪਾਰਟੀ ਦਾ ਪਿਛਲੇ 15 ਵਰ੍ਹਿਆਂ ਦਾ ਹਕੂਮਤੀ ਗੜ੍ਹ ਤੋੜਦਿਆਂ ਬਹੁਮਤ ਹਾਸਲ ਕੀਤਾ ਹੈ। ਸਾਬਕਾ ਸਿਟੀ ਕੌਂਸਲਰ ਡੱਗ ਫੋਰਡ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੰਜ਼ਰਵੇਟਿਵ ਪਾਰਟੀ ਨੂੰ 76, ਐਨਡੀਪੀ ਨੂੰ 40 ਅਤੇ 2014 ਵਿਚ 53 ਸੀਟਾਂ ਦਾ ਬਹੁਮਤ ਲੈਣ ਵਾਲੇ ਲਿਬਰਲਾਂ ਨੂੰ ਸਿਰਫ਼ 7 ਸੀਟਾਂ ਮਿਲੀਆਂ ਹਨ। ਪਹਿਲੀ ਵਾਰ ਗਰੀਨ ਪਾਰਟੀ ਵੀ ਇਕ ਸੀਟ ਲੈਣ ਵਿਚ ਕਾਮਯਾਬ ਰਹੀ।
ਕੁਝ ਹਫ਼ਤੇ ਪਹਿਲਾਂ ਸਰਵੇਖਣਾਂ ਵਿੱਚ ਅੱਗੇ ਚੱਲ ਰਹੀ ਐਨਡੀਪੀ ਨੂੰ ਆਸ ਤੋਂ ਉਲਟ ਹੁੰਗਾਰਾ ਮਿਲਿਆ ਤੇ ਉਸ ਨੂੰ ਮੁੱਖ ਵਿਰੋਧੀ ਧਿਰ ਵਜੋਂ ਸਬਰ ਕਰਨਾ ਪਵੇਗਾ। ਲਿਬਰਲ ਪਾਰਟੀ ਦੀ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਕੈਥਲਿਨ ਵਿਨ ਨੇ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਬਰੈਂਪਟਨ, ਮਿਸੀਸਾਗਾ ਤੇ ਮਿਲਟਨ ਦੇ ਹਲਕਿਆਂ ਵਿਚ ਤਿੰਨੋਂ ਪਾਰਟੀਆਂ ਵੱਲੋਂ ਖੜ੍ਹੇ ਡੇਢ ਦਰਜਨ ਪੰਜਾਬੀ ਉਮੀਦਵਾਰਾਂ ਵਿਚੋਂ 6 ਨੂੰ ਕਾਮਯਾਬੀ ਨਸੀਬ ਹੋਈ ਹੈ। ਟੋਰੀਆਂ ਦੇ ਹੱਕ ਵਿੱਚ ਚੱਲੀ ਹਨੇਰੀ ਨੇ ਬਰੈਂਪਟਨ ਵਿਚ ਲਿਬਰਲ ਪਾਰਟੀ ਦਾ ਸਫ਼ਾਇਆ ਕਰ ਦਿੱਤਾ ਹੈ, ਜਿੱਥੇ ਪੁਰਾਣੇ ਵਿਧਾਇਕ ਹਰਿੰਦਰ ਮੱਲੀ, ਵਿੱਕ ਢਿੱਲੋਂ ਤੇ ਅੰਮ੍ਰਿਤ ਮਾਂਗਟ ਬੁਰੀ ਤਰ੍ਹਾਂ ਹਾਰ ਗਏ। ਐਨਡੀਪੀ ਦੇ ਕੌਮੀ ਲੀਡਰ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਸਮੇਤ ਟੋਰੀ ਪਾਰਟੀ ਦੇ ਪ੍ਰਬਮੀਤ ਸਰਕਾਰੀਆ, ਦੀਪਕ ਆਨੰਦ, ਅਮਰਜੋਤ ਸੰਧੂ, ਪਰਮ ਗਿੱਲ ਤੇ ਨੀਨਾ ਤਾਂਗੜੀ ਜੇਤੂ ਰਹੇ ਹਨ। ਐਨੀਡੀਪੀ ਦੀ ਸਾਰਾ ਸਿੰਘ ਨੇ ਵੀ ਜਿੱਤ ਹਾਸਲ ਕੀਤੀ ਹੈ।
ਹਾਰਨ ਵਾਲਿਆਂ ਵਿਚ ਡਾ. ਪਰਮਿੰਦਰ ਸਿੰਘ, ਸੁਖਵੰਤ ਠੇਠੀ, ਦੀਪਕਾ ਦਮਰਲਾ, ਇੰਦਰਾ ਨਾਇਡੂ, ਰੂਬੀ ਤੂਰ (ਲਿਬਰਲ), ਰਿਪੂਦਮਨ ਢਿੱਲੋਂ, ਹਰਜੀਤ ਜਸਵਾਲ, ਸੁਦੀਪ ਵਰਮਾ (ਟੋਰੀ), ਜਗਰੂਪ ਸਿੰਘ ਤੇ ਪਰਮਜੀਤ ਗਿੱਲ (ਐਨਡੀਪੀ) ਵੀ  ਸ਼ਾਮਲ ਹਨ। ਇਸ ਵਾਰ 42ਵੀਂ ਵਿਧਾਨ ਸਭਾ ਦੀਆਂ 124 ਸੀਟਾਂ ਲਈ 28 ਪਾਰਟੀਆਂ ਦੇ 825 ਉਮੀਦਵਾਰ ਖੜ੍ਹੇ  ਸਨ। ਸੂਬੇ ਵਿਚ ਕੁੱਲ 98 ਲੱਖ ਵੋਟਰ ਹਨ। ਐਂਤਕੀਂ ਮਹਿਲਾ ਉਮੀਦਵਾਰਾਂ ਦਾ ਵੀ ਰਿਕਾਰਡ ਰਿਹਾ। ਐਨਡੀਪੀ ਨੇ 69, ਲਿਬਰਲਾਂ ਨੇ 53 ਤੇ ਟੋਰੀ ਪਾਰਟੀ ਨੇ 41 ਮਹਿਲਾ ਉਮੀਦਵਾਰ ਖੜ੍ਹੇ ਕੀਤੇ ਸਨ।