ਅਮਰੀਕਾ ਵੱਲੋਂ ਸਿਆਸੀ ਪਨਾਹ ਦੇਣ ਦੇ ਮਾਮਲੇ ਚ ਸ਼ਿਕੰਜਾ ਕਸਣ ਦੀ ਤਿਆਰੀ

ਅਮਰੀਕਾ ਵੱਲੋਂ ਸਿਆਸੀ ਪਨਾਹ ਦੇਣ ਦੇ ਮਾਮਲੇ ਚ ਸ਼ਿਕੰਜਾ ਕਸਣ ਦੀ ਤਿਆਰੀ

ਮੈਕਸੀਕੋ ਤੋਂ ਸਰਹੱਦ ਟੱਪ ਕੇ ਆਉਣ ਵਾਲੇ ਜੇਲ੍ਹ ‘ਚ ਹੀ ਰਹਿਣਗੇ
ਸੈਕਰਾਮੈਂਟੋ/ਬਿਊਰੋ ਨਿਊਜ਼ :
ਟਰੰਪ ਪ੍ਰਸ਼ਾਸਨ ਅਮਰੀਕਾ ‘ਚ ਸਿਆਸੀ ਸ਼ਰਨ ਲੈਣ ਵਾਲਿਆਂ ‘ਤੇ ਹੁਣ ਸ਼ਿਕੰਜਾ ਕਸਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਇਕ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਅਧੀਨ ਅਮਰੀਕਾ ‘ਚ ਇਕ ਸਾਲ ‘ਚ ਸਿਆਸੀ ਸ਼ਰਨ ਲਈ ਹੁਣ 10 ਹਜ਼ਾਰ ਅਰਜ਼ੀਆਂ ਹੀ ਲਈਆਂ ਜਾਣਗੀਆਂ। ਸ਼ਰਨ ਦੇਣ ਜਾਂ ਨਾ ਦੇਣ ਦਾ ਫ਼ੈਸਲਾ ਵੀ ਸਿਰਫ਼ 6 ਮਹੀਨੇ ‘ਚ ਹੀ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਵੀ ਐੱਚ-1ਬੀ ਵੀਜ਼ਾ, ਐੱਚ-2 ਵੀਜ਼ਾ, ਐੱਚ-4 ਵੀਜ਼ਾ ਅਤੇ ‘ਡਾਕਾ’ ਸਮੇਤ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਬੰਦ ਕਰਨ ਦੇ ਯਤਨ ਕੀਤੇ ਸਨ ਪਰ ਫੈਡਰਲ ਅਦਾਲਤਾਂ ਵੱਲੋਂ ਉਹ ਪਾਸ ਨਹੀਂ ਕੀਤੇ ਗਏ।
ਇਸ ਨੀਤੀ ਤਹਿਤ ਉਨ੍ਹਾਂ ਲੋਕਾਂ ਲਈ ਸਿਆਸੀ ਸ਼ਰਨ ਲੈਣਾ ਹੁਣ ਹੋਰ ਵੀ ਮੁਸ਼ਕਿਲ ਹੋ ਜਾਵੇਗਾ ਜਿਹੜੇ ਮੈਕਸੀਕੋ ਦੀ ਸਰਹੱਦ ਟੱਪ ਕੇ ਅਮਰੀਕਾ ‘ਚ ਦਾਖ਼ਲ ਹੁੰਦੇ ਹਨ। ਇਸ ਤੋਂ ਪਹਿਲਾਂ ਸਰਹੱਦ ਟੱਪ ਕੇ ਅਮਰੀਕਾ ਆਉਣ ਵਾਲਿਆਂ ਨੂੰ ਵੱਖ-ਵੱਖ ਜੇਲ੍ਹਾਂ ‘ਚ ਡੱਕ ਦਿੱਤਾ ਜਾਂਦਾ ਸੀ, ਜਿੱਥੋਂ ਲੋਕ ਬਾਂਡ ਭਰ ਕੇ ਬਾਹਰ ਆ ਜਾਂਦੇ ਸਨ ਤੇ ਕਿਸੇ ਵਕੀਲ ਰਾਹੀਂ ਸਿਆਸੀ ਸ਼ਰਨ ਲੈਣ ਲਈ ਅਰਜ਼ੀ ਦਾਖ਼ਲ ਕਰ ਦਿੰਦੇ ਸਨ। ਇਸ ਤਰ੍ਹਾਂ ਸਰਹੱਦ ਟੱਪ ਕੇ ਆਏ ਲੋਕ ਲੰਮਾ ਸਮਾਂ ਅਮਰੀਕਾ ‘ਚ ਰਹਿ ਸਕਦੇ ਸਨ ਤੇ ਉਹ ਇੱਥੇ ਆਪਣਾ ਕਾਰੋਬਾਰ ਵੀ ਕਰ ਸਕਦੇ ਸਨ ਪਰ ਨਵੀਂ ਨੀਤੀ ਤਹਿਤ ਸਰਹੱਦ ਟੱਪ ਕੇ ਆਏ ਲੋਕ ਜੇਲ੍ਹ ‘ਚ ਡੱਕੇ ਜਾਣਗੇ ਤੇ ਉਹ ਬਾਂਡ ਭਰ ਕੇ ਬਾਹਰ ਨਹੀਂ ਆ ਸਕਣਗੇ। ਉਹ ਜੇਲ੍ਹ ਦੇ ਅੰਦਰੋਂ ਹੀ ਸਿਆਸੀ ਸ਼ਰਨ ਦੀ ਅਰਜ਼ੀ ਦਾਖ਼ਲ ਕਰ ਸਕਣਗੇ। ਇਸ ਦਾ ਫ਼ੈਸਲਾ 6 ਮਹੀਨੇ ਦੇ ਅੰਦਰ-ਅੰਦਰ ਹੋਣ ਦੀ ਤਜਵੀਜ਼ ਹੈ। ਇਸ ਦੌਰਾਨ ਇਨ੍ਹਾਂ ਨੂੰ ਵਰਕ ਪਰਮਿਟ ਵੀ ਨਹੀਂ ਮਿਲੇਗਾ। ਕੇਸ ਪਾਸ ਨਾ ਹੋਣ ਦੀ ਸੂਰਤ ‘ਚ ਉਨ੍ਹਾਂ ਨੂੰ ਜੇਲ੍ਹ ‘ਚੋਂ ਹੀ ਵਾਪਸ ਆਪਣੇ ਦੇਸ਼ ਭੇਜ ਦਿੱਤਾ ਜਾਵੇਗਾ।