ਇੰਗਲੈਂਡ ਦੇ ਨਾਈਟ ਕਲੱਬ ‘ਚੋਂ ਕੱਢੇ ਦਸਤਾਰਧਾਰੀ ਸਿੱਖ ਤੋਂ ਪ੍ਰਬੰਧਕਾਂ ਨੇ ਮੰਗੀ ਮੁਆਫ਼ੀ

ਇੰਗਲੈਂਡ ਦੇ ਨਾਈਟ ਕਲੱਬ ‘ਚੋਂ ਕੱਢੇ ਦਸਤਾਰਧਾਰੀ ਸਿੱਖ ਤੋਂ ਪ੍ਰਬੰਧਕਾਂ ਨੇ ਮੰਗੀ ਮੁਆਫ਼ੀ

ਲੰਡਨ/ਬਿਊਰੋ ਨਿਊਜ਼:
ਕਾਨੂੰਨ ਦੇ ਵਿਦਿਆਰਥੀ ਅਮਰੀਕ ਸਿੰਘ (22 ਸਾਲ) ਨੂੰ ਬਾਰ ‘ਚੋਂ ਇਸ ਕਰਕੇ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ ਦਸਤਾਰ ਸਜਾਈ ਹੋਈ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਅਮਰੀਕ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਬੀਤੇ ਦਿਨੀਂ ਨੌਟਿੰਘਮਸ਼ਾਇਰ ਦੇ ਮੈਨਜ਼ਫੀਲਡ ‘ਚ ਪੈਂਦੇ ਰਸ਼ ਲੇਟ ਬਾਰ ‘ਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਗਿਆ। ਉਸ ਨੂੰ ਦੱਸਿਆ ਗਿਆ ਕਿ ਬਾਰ ‘ਚ ਦਸਤਾਰ ਸਜਾ ਕੇ ਆਉਣ ਦੀ ਨੀਤੀ ਨਹੀਂ ਹੈ। ਉਸ ਨੇ ਬਾਊਂਸਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦਸਤਾਰ ਉਸ ਦੇ ਕੇਸਾਂ ਦੀ ਸੰਭਾਲ ਦੇ ਨਾਲ ਨਾਲ ਸਿੱਖ ਧਰਮ ਦੇ ਅਹਿਮ ਕਕਾਰਾਂ ‘ਚ ਸ਼ਾਮਲ ਹੈ। ਪਰ ਸਾਰੀਆਂ ਦਲੀਲਾਂ ਨੂੰ ਅਣਗੌਲਿਆ ਕਰਦਿਆਂ ਉਸ ਨੂੰ ਧੂਹ ਕੇ ਕਲੱਬ ਤੋਂ ਬਾਹਰ ਕੱਢ ਦਿੱਤਾ ਗਿਆ। ਅਮਰੀਕ ਸਿੰਘ ਨੇ ਫੇਸਬੁੱਕ ‘ਤੇ ਲਿਖਿਆ ਕਿ ਇਸ ਹਰਕਤ ਨਾਲ ਉਸ ਦਾ ਦਿਲ ਟੁੱਟ ਗਿਆ ਕਿਉਂਕਿ ਉਸ ਨੇ ਆਪਣੀ ਦਸਤਾਰ ਉਤਾਰਨ ਤੋਂ ਮਨ੍ਹਾ ਕਰ ਦਿੱਤਾ ਸੀ।
‘ਦਿ ਸਨ’ ਦੀ ਰਿਪੋਰਟ ਮੁਤਾਬਕ ਅਮਰੀਕ ਸਿੰਘ ਨੇ ਕਿਹਾ ਕਿ ਉਸ ਦੇ ਪੁਰਖਿਆਂ ਨੇ ਪਹਿਲਾਂ ਬ੍ਰਿਟਿਸ਼ ਫ਼ੌਜ ਲਈ ਜੰਗ ਲੜੀ ਸੀ ਪਰ ਹੁਣ ਧਰਮ ਕਰਕੇ ਉਸ ਨੂੰ ਬੇਇੱਜ਼ਤ ਕੀਤਾ ਗਿਆ। ਉਹ ਨੌਟਿੰਘਮ ਟਰੈਂਟ ਯੂਨੀਵਰਸਿਟੀ ‘ਚ ਲਾਅ ਦੇ ਅੰਤਮ ਵਰ੍ਹੇ ਦਾ ਵਿਦਿਆਰਥੀ ਹੈ। ਉਂਜ ਜਦੋਂ ਮਾਮਲਾ ਵਿਗੜ ਗਿਆ ਤਾਂ ਮੈਨੇਜਮੈਂਟ ਨੇ ਉਸ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਅਮਲੇ ਖਿਲਾਫ਼ ਕਾਰਵਾਈ ਜਾਰੀ ਹੈ। ਮੈਨਜ਼ਫੀਲਡ ਦੇ ਲੇਬਰ ਕੌਂਸਲਰ ਸੋਨੀਆ ਵਾਰਡ ਨੇ ਕਿਹਾ ਕਿ ਇਹ ਉਨ੍ਹਾਂ ਦੀ ਨੀਤੀ ਨਹੀਂ ਹੈ ਅਤੇ ਸੁਰੱਖਿਆ ਅਮਲੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।