ਔਕਸਫੋਰਡ ਵਿੱਚ ਅਕਾਦਮਿਸ਼ਨਾਂ ਨੇ ਪੰਜਾਬ ਦੇ ਮਸਲੇ ਵਿਚਾਰੇ

ਔਕਸਫੋਰਡ ਵਿੱਚ ਅਕਾਦਮਿਸ਼ਨਾਂ ਨੇ ਪੰਜਾਬ ਦੇ ਮਸਲੇ ਵਿਚਾਰੇ

ਕੈਪਸ਼ਨ-ਪੰਜਾਬ ਰਿਸਰਚ ਗਰੁੱਪ ਵੱਲੋਂ ਔਕਸਫੋਰਡ ਬਰੁੱਕਸ ਯੂਨੀਵਰਸਿਟੀ ਵਿੱਚ ਕਰਵਾਈ ਕਾਨਫਰੰਸ ਦਾ ਦ੍ਰਿਸ਼।
ਔਕਸਫੋਰਡ/ਬਿਊਰੋ ਨਿਊਜ਼ :
‘ਪੰਜਾਬ ਰਿਸਰਚ ਗਰੁੱਪ’ ਵੱਲੋਂ ਔਕਸਫੋਰਡ ਬਰੁੱਕਸ ਯੂਨੀਵਰਸਿਟੀ ਵਿੱਚ ਇਕ ਦਿਨਾ ਕਾਨਫਰੰਸ ਕਰਵਾਈ ਗਈ। ਉਦਘਾਟਨੀ ਭਾਸ਼ਣ ਵਿੱਚ ਇਸੇ ਯੂਨੀਵਰਸਿਟੀ ਦੇ ਪ੍ਰੋ. ਪ੍ਰੀਤਮ ਸਿੰਘ, ਜੋ ਪੰਜਾਬ ਰਿਸਰਚ ਗਰੁੱਪ ਦੇ ਡਾਇਰੈਕਟਰ ਵੀ ਹਨ, ਨੇ ਦੱਸਿਆ ਕਿ ਇਹ ਗਰੁੱਪ 1984 ਤੋਂ ਸਾਲ ਵਿੱਚ ਘੱਟੋ ਘੱਟ ਦੋ ਕਾਨਫਰੰਸਾਂ ਕਰਵਾ ਰਿਹਾ ਹੈ।
ਇਸ ਕਾਨਫਰੰਸ ਨੇ ਅਕਾਦਮਿਕਾਂ, ਨੌਜਵਾਨ ਖੋਜਾਰਥੀਆਂ, ਪੱਤਰਕਾਰਾਂ, ਕਲਾਕਾਰਾਂ ਅਤੇ ਕਾਰਕੁਨਾਂ ਨੂੰ ‘ਪੰਜਾਬ: ਕੱਲ੍ਹ, ਅੱਜ ਤੇ ਭਲਕ’ ਵਿਸ਼ੇ ਉਤੇ ਵਿਚਾਰ ਵਟਾਂਦਰੇ ਦਾ ਮੰਚ ਮੁਹੱਈਆ ਕੀਤਾ। ਕਾਨਫਰੰਸ ਦੌਰਾਨ ਬਰਤਾਨੀਆ, ਭਾਰਤ ਤੇ ਪਾਕਿਸਤਾਨ ਦੇ ਬੁਲਾਰਿਆਂ ਨੇ ਪਰਚੇ ਪੜ੍ਹੇ। ਬੁਲਾਰਿਆਂ ਵਿੱਚ ਪ੍ਰਿੰਸੀਪਲ ਸੁਜਿੰਦਰ ਸਿੰਘ ਸੰਘਾ, ਪ੍ਰੋ. ਰਵਿੰਦਰ ਬਰਨ, ਗੁਰਚਰਨ ਵਿਰਦੀ, ਚੰਦਨ ਮਾਹਲ, ਡਾ. ਰੋਬਿਨਾ ਸ਼ੋਏਬ, ਵਿਜੈਤਾ ਮਹੇਂਦਰੂ, ਸ਼ਰਨਜੀਤ ਸਿੰਘ ਤੇ ਨਾਦੀਆ ਸਿੰਘ ਬੁਲਾਰੇ ਵਜੋਂ ਸ਼ਾਮਲ ਹੋਏ। ਵਾਰਵਿੱਕ ਯੂਨੀਵਰਸਿਟੀ ਦੇ ਪ੍ਰੋ. ਇਲੈਨੋਰ ਨੇਸਬਿੱਟ ਅਤੇ ਸਕੂਲ ਆਫ ਓਰੀਐਂਟਲ ਤੇ ਅਫਰੀਕਨ ਸਟੱਡੀਜ਼, ਲੰਡਨ ਦੀ ਸ਼੍ਰੇਆ ਸਿਨਹਾ ਦੀ ਪ੍ਰਧਾਨਗੀ ਹੇਠ ਹੋਏ ਕਾਨਫਰੰਸ ਦੇ ਵੱਖ ਵੱਖ ਸੈਸ਼ਨਾਂ ਦੌਰਾਨ ਬੁਲਾਰਿਆਂ ਨੇ ਲਿੰਗ ਤੇ ਪਰਿਵਾਰਕ ਇਤਿਹਾਸ, ਭਾਈਚਾਰੇ, ਮਰਦਾਵਾਪਣ, ਸੰਗੀਤ ਤੇ ਧਾਰਮਿਕ ਅਧਿਐਨ ਨਾਲ ਸਬੰਧਤ ਪੰਜਾਬ ਦੇ ਮਸਲਿਆਂ ਬਾਰੇ ਆਪਣੇ ਖੋਜ ਕਾਰਜ ਸਾਂਝੇ ਕੀਤੇ।
ਕਾਨਫਰੰਸ ਦੌਰਾਨ ਲਾਹੌਰ ਦੀ ‘ਯੂਨੀਵਰਸਿਟੀ ਆਫ਼ ਐਜੂਕੇਸ਼ਨ’ ਦੇ ਪ੍ਰੋ. ਅਖ਼ਤਰ ਹੁਸੈਨ ਸੰਧੂ ਵੱਲੋਂ ਲਿਖੀ ਪੁਸਤਕ ‘ਪੰਜਾਬ: ਐਨ ਅਨਾਟਮੀ ਆਫ਼ ਮੁਸਲਿਮ-ਸਿੱਖ ਪੌਲੀਟਿਕਸ’ ਵੀ ਰਿਲੀਜ਼ ਕੀਤੀ ਗਈ। ਨਾਦੀਆ ਸਿੰਘ ਨੂੰ ਆਪਣੇ ਪਰਚੇ ‘ਸਿੱਖਇਜ਼ਮ ਤੇ ਸਸਟੇਨਬਿਲਿਟੀ’ ਲਈ ‘ਡਾਕਟਰੇਟ ਦੀ ਬਿਹਤਰੀਨ ਵਿਦਿਆਰਥਣ’ ਦਾ ਐਵਾਰਡ ਮਿਲਿਆ।