ਸਿੰਘ ਸਭਾ ਲਹਿਰ ਦਾ 150 ਸਾਲਾ ਸਥਾਪਨਾ ਦਿਵਸ ਬਨਾਮ ਸਿਖ ਪੰਥ

ਸਿੰਘ ਸਭਾ ਲਹਿਰ ਦਾ 150 ਸਾਲਾ ਸਥਾਪਨਾ ਦਿਵਸ ਬਨਾਮ ਸਿਖ ਪੰਥ

'ਸਿੰਘ ਸਭਾ ਲਹਿਰ' ਦਾ ਸਿੱਖ ਇਤਿਹਾਸ ਵਿਚ ਇਕ ਅਹਿਮ ਸਥਾਨ ਹੈ। ਇਸ ਦੀ ਸ਼ੁਰੂਆਤ ਦੇ ਪਿਛੋਕੜ ਦਾ ਇਤਿਹਾਸ ਵਾਚੀਏ ਤਾਂ 27 ਜੂਨ, 1839 ਈ. ਨੂੰ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ।

ਸਿੱਖ ਰਾਜ ਇਕ ਦਹਾਕੇ 'ਚ ਖੇਰੂੰ-ਖੇਰੂੰ ਹੋ ਗਿਆ। 29 ਮਾਰਚ, 1849 ਈ. ਨੂੰ ਲਾਰਡ ਡਲਹੌਜੀ ਦੀ ਸਰਕਾਰ ਨੇ ਪੰਜਾਬ ਨੂੰ ਭਾਰਤੀ ਬ੍ਰਿਟਿਸ਼ ਸਾਮਰਾਜ ਵਿਚ ਸ਼ਾਮਿਲ ਕਰਨ ਦਾ ਐਲਾਨ ਕਰ ਦਿੱਤਾ। ਅੰਗਰੇਜ਼ਾਂ ਦਾ ਹੁਣ ਸਮੁੱਚੇ ਪੰਜਾਬ ਉਪਰ ਕਬਜ਼ਾ ਹੋ ਜਾਣ ਕਰਕੇ ਉਨ੍ਹਾਂ ਨੇ ਈਸਾਈ ਮਿਸ਼ਨਰੀਆਂ ਨੂੰ ਹਰ ਪੱਖੋਂ ਮਜ਼ਬੂਤ ਕੀਤਾ। ਉਹ ਹਿੰਦੂ, ਮੁਸਲਿਮ ਤੇ ਸਿੱਖਾਂ ਦੇ ਸਮਾਜਿਕ ਪਤਨ ਤੇ ਰਸਮਾਂ ਰੀਤਾਂ ਨੂੰ ਨਿਰਾਰਥਕ ਸਿੱਧ ਕਰਦੇ ਅਤੇ ਅੰਗਰੇਜ਼ੀ ਰਾਜ ਦੀਆਂ ਚੰਗਿਆਈਆਂ ਦਾ ਪ੍ਰਚਾਰ ਕਰਕੇ ਆਪਣੇ ਧਰਮ ਦੇ ਹੱਕ ਵਿਚ ਪ੍ਰੇਰਦੇ। ਨਵੇਂ-ਨਵੇਂ ਸਕੂਲ ਕਾਲਜ ਖੁੱਲ੍ਹ ਰਹੇ ਹਨ। ਉਧਰ 1853 ਈ. ਵਿਚ ਮਰਾਰਾਜਾ ਦਲੀਪ ਸਿੰਘ ਨੂੰ ਵੀ ਈਸਾਈ ਧਰਮ ਵਿਚ ਸ਼ਾਮਿਲ ਕਰ ਲਿਆ ਗਿਆ। ਸ੍ਰੀ ਅੰਮ੍ਰਿਤਸਰ, ਅਕਾਲ ਤਖ਼ਤ ਸਾਹਿਬ ਤੇ ਤਰਨ ਤਾਰਨ ਦੇ ਪ੍ਰਸਿੱਧ ਗੁਰਦੁਆਰੇੇ ਸਰਕਾਰ ਦੇ ਪ੍ਰਬੰਧ ਅਧੀਨ ਹੋ ਗਏ। ਸਿੱਖ ਸਮਾਜ 'ਚ ਗੁਰਮਤਿ ਦੀ ਥਾਂ ਮਨਮਤਿ ਵੱਧ ਗਈ ਸੀ।

ਜਦ 1873 ਵਿਚ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਈਸਾਈ ਧਰਮ 'ਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਦਰਦਵੰਦ ਸਿੱਖਾਂ ਨੂੰ ਹੁਣ ਪਾਣੀ ਸਿਰਾਂ ਤੋਂ ਲੰਘਦਾ ਜਾਪਿਆ। ਇਸ ਸਮੁੱਚੇ ਵਰਤਾਰੇ ਸਦਕਾ ਸਿੰਘ ਸਭਾ ਦੀ ਪਹਿਲੀ ਮੀਟਿੰਗ ਦੁਸਹਿਰੇ ਵਾਲੇ ਦਿਨ 1 ਅਕਤੂਬਰ, 1873 ਈ. ਨੂੰ ਦੁਪਹਿਰ 2 ਵਜੇ ਮੰਜੀ ਸਾਹਿਬ ਦੇ ਸਥਾਨ 'ਤੇ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਸੀ। ਇਸ 'ਚ ਪੁਜਾਰੀ, ਮਹੰਤ, ਗਿਆਨੀ, ਗ੍ਰੰਥੀ, ਉਦਾਸੀ, ਨਿਰਮਲੇ ਤੇ ਪ੍ਰਮੁੱਖ ਸਰਦਾਰ ਸ਼ਾਮਿਲ ਹੋਏ। ਇਸ ਸਮੇਂ ਸ. ਠਾਕੁਰ ਸਿੰਘ ਸੰਧਾਵਾਲੀਆ ਪ੍ਰਧਾਨ ਅਤੇ ਗਿਆਨੀ ਗਿਆਨ ਸਿੰਘ ਸਕੱਤਰ ਨਿਯੁਕਤ ਕੀਤੇ ਗਏ। ਬਹੁਤ ਉਤਸ਼ਾਹ ਨਾਲ ਕੌਮੀ ਕਾਰਜ ਸ਼ੁਰੂ ਹੋਏ। ਜਦ ਕੁਝ ਸਾਲਾਂ ਵਿਚ ਸਿੰਘ ਸਭਾ ਦਾ ਉਤਸ਼ਾਹ ਮੱਠਾ ਪਿਆ ਤਾਂ ਪ੍ਰੋ: ਗੁਰਮੁਖ ਸਿੰਘ ਤੇ ਗਿ: ਦਿੱਤ ਸਿੰਘ ਦੇ ਉੱਦਮ ਸਦਕਾ 2 ਨਵੰਬਰ, 1879 ਈ. ਨੂੰ ਅੰਮ੍ਰਿਤਸਰ ਦੇ ਸਮਾਨ ਸਿੰਘ ਸਭਾ ਲਾਹੌਰ ਸਥਾਪਿਤ ਹੋਈ। ਸਿੰਘ ਸਭਾ ਦੀਆਂ ਦੇਸ਼-ਵਿਦੇਸ਼ ਵਿਚ ਬਹੁਤ ਸ਼ਾਖਾਵਾਂ ਸਥਾਪਿਤ ਹੋਈਆਂ। ਜਦ ਸਿੰਘ ਸਭਾਵਾਂ ਵੱਡੀ ਗਿਣਤੀ 'ਚ ਸਥਾਪਿਤ ਹੋ ਗਈਆਂ ਤਾਂ 1883 'ਚ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਹੋਈ ਪਰ ਕੁਝ ਸਿਧਾਂਤਕ ਵਖਰੇਵਾਂ ਕਰਕੇ 1886 ਵਿਚ ਵੱਖਰਾ ਖ਼ਾਲਸਾ ਦੀਵਾਨ ਲਾਹੌਰ ਵੀ ਸਥਾਪਿਤ ਹੋਇਆ। ਭਾਵੇਂ ਸਿੰਘ ਸਭਾ ਅੰਮ੍ਰਿਤਸਰ ਤੇ ਲਾਹੌਰ 'ਚ ਧੜੇਬੰਦੀਆਂ ਵੀ ਸਨ ਪਰ ਫਿਰ ਵੀ ਕੌਮੀ ਉਦੇਸ਼ ਸਾਂਝੇ ਸਨ ਜਿਵੇਂ:- ਸਿੱਖ ਧਰਮ ਦੀ ਵਿਲੱਖਣਤਾ ਸਥਾਪਿਤ ਰਹੇ ਤੇ ਕੁਰੀਤੀਆਂ ਦੂਰ ਹੋਣ, ਨਿਰੋਲ ਗੁਰਮਤਿ ਦਾ ਪ੍ਰਚਾਰ ਹੋਵੇ, ਗੁਰਮੁਖੀ ਦਾ ਪ੍ਰਚਾਰ ਪੁਸਤਕਾਂ, ਅਖ਼ਬਾਰਾਂ ਤੇ ਰਸਾਲਿਆਂ ਰਾਹੀਂ ਕੀਤਾ ਜਾਵੇ। ਗੁਰਦੁਆਰਿਆਂ 'ਚ ਸੁਧਾਰ ਕਰਨਾ ਅਤੇ ਨਵੀਆਂ ਸਿੰਘ ਸਭਾਵਾਂ ਦੀ ਸਥਾਪਨਾ। ਹਸਪਤਾਲ ਖੋਲ੍ਹ ਕੇ ਗ਼ਰੀਬਾਂ ਦੀ ਮਦਦ ਕਰਨੀ, ਨਵੇਂ ਸਕੂਲ ਕਾਲਜ ਸਥਾਪਿਤ ਕਰਨੇ। ਸਿੱਖ ਨੌਜਵਾਨਾਂ ਵਿਚ ਸਿੱਖੀ ਦ੍ਰਿੜ੍ਹ ਕਰਵਾਈ ਜਾਵੇ।

ਇਨ੍ਹਾਂ ਸਮਿਆਂ 'ਚ ਬਾਬਾ ਖੇਮ ਸਿੰਘ ਬੇਦੀ, ਪ੍ਰੋ: ਗੁਰਮੁਖ ਸਿੰਘ, ਗਿ: ਦਿੱਤ ਸਿੰਘ, ਭਾਈ ਜਵਾਹਰ ਸਿੰਘ, ਸ. ਠਾਕੁਰ ਸਿੰਘ ਸੰਧਾਵਾਲੀਆ, ਗਿਆਨੀ ਗਿਆਨ ਸਿੰਘ, ਕੰਵਰ ਬਿਕਰਮ ਸਿੰਘ ਤੇ ਭਾਈ ਮਈਆ ਸਿੰਘ ਆਦਿ ਸਿੱਖਾਂ ਨੇ ਚੰਗਾ ਉਦਮ ਅਤੇ ਫ਼ਖਰਯੋਗ ਕਾਰਜ ਕੀਤਾ। ਸਿੰਘ ਸਭਾ ਲਹਿਰ ਦੇ ਸਦਕਾ ਗੁਰਬਾਣੀ ਦੀ ਟੀਕਾਕਾਰੀ, ਨਵੀਨ ਵਿਆਖਿਆਕਾਰੀ, ਇਤਿਹਾਸਕਾਰੀ, ਨਵੀਆਂ ਪੁਸਤਕਾਂ ਦੀ ਪ੍ਰਕਾਸ਼ਨਾ, ਅਖ਼ਬਾਰਾਂ ਰਾਹੀਂ ਧਰਮ ਪ੍ਰਚਾਰ ਤੇ ਸਮਾਜ ਸੁਧਾਰ ਦੀ ਲਹਿਰ ਚੱਲ ਪਈ। ਖ਼ਾਲਸਾ ਸਕੂਲਾਂ-ਕਾਲਜਾਂ ਦੀ ਸਥਾਪਨਾ ਤੋਂ ਲੈ ਕੇ ਗੁਰਦੁਆਰਿਆਂ ਦੀ ਮਰਯਾਦਾ 'ਚ ਸੁਧਾਰ, ਸਿੱਖ ਸੰਸਕਾਰਾਂ 'ਚ ਗੁਰਮਤਿ ਰੰਗਤ ਤੇ ਸਿੱਖ ਰਹਿਤ ਮਰਯਾਦਾ ਦੀ ਬਣਤਰ ਦਾ ਖ਼ਾਕਾ ਤਿਆਰ ਹੋਣਾ ਸ਼ੁਰੂ ਹੋ ਗਿਆ। ਇਨ੍ਹਾਂ ਦੀ ਪੁਸ਼ਟੀ ਖ਼ਾਲਸਾ ਅਖ਼ਬਾਰ ਲਾਹੌਰ ਦੇ ਸੰਪਦਕੀ ਲੇਖਾਂ ਅਤੇ ਪਾਠਕਾਂ ਦੇ ਸਵਾਲ-ਜਵਾਬ ਵਾਲੇ ਕਾਲਮਾਂ ਤੋਂ ਹੋ ਜਾਂਦੀ ਹੈ।

ਇਸ ਸਾਲ ਅਕਤੂਬਰ 2023 'ਚ ਸਿੰਘ ਸਭਾ ਲਹਿਰ ਦੀ ਸਥਾਪਨਾ (1 ਅਕਤੂਬਰ 1873) ਦਾ 150 ਸਾਲਾ ਦਿਨ ਦੇਸ਼ਾਂ-ਵਿਦੇਸ਼ਾਂ 'ਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਠੀਕ ਹੈ ਕਿ ਸਾਡਾ ਸ਼ਤਾਬਦੀਆਂ ਮਨਾਉਣ ਦਾ ਇਕ ਪਰੰਪਾਰਾਗਤ ਢੰਗ-ਤਰੀਕਾ ਹੈ ਪਰ ਇਨ੍ਹਾਂ ਸਮਾਗਮਾਂ ਵਿਚੋਂ ਭਵਿੱਖ ਦੀ ਇਕ ਵੱਡੀ ਯੋਜਨਾ ਵੀ ਤਿਆਰ ਹੋਣੀ ਚਾਹੀਦੀ ਹੈ। ਸਿੰਘ ਸਭਾ ਲਹਿਰ ਹਕੀਕਤ ਰੂਪ 'ਚ ਇਕ ਵੱਡੀ ਸੁਧਾਰਕ ਲਹਿਰ ਸੀ ਅਤੇ ਇਸ ਲਹਿਰ ਤੋਂ ਸੇਧ ਲੈ ਕੇ ਸਮੂਹ ਸਿੱਖ ਜਥੇਬੰਦੀਆਂ ਨੂੰ ਸਮਕਾਲੀ ਸਮੱਸਿਆਵਾਂ ਦੇ ਸਮਾਧਾਨ ਲਈ ਇਕ ਪੰਥਕ ਏਜੰਡਾ ਜ਼ਰੂਰ ਅਪਨਾਉਣਾ ਚਾਹੀਦਾ ਹੈ।

ਜਗਿਆਸੂ ਦਾ ਸਵਾਲ ਕਿ ਕੀ ਕੀਤਾ ਜਾ ਸਕਦਾ ਹੈ? ਪਹਿਲੀ ਗੱਲ ਕਿ ਜਥੇਬੰਦਕ ਤੌਰ 'ਤੇ ਇਕ ਵਿਚਾਰਕ ਗਰੁੱਪ ("h}nk "ank) ਹੋਣਾ ਚਾਹੀਦਾ ਹੈ। ਘੱਟੋ-ਘੱਟ ਅਗਲੇ ਪੰਜਾਹ ਸਾਲਾਂ ਦਾ ਸਾਡਾ ਕਰਨਯੋਗ ਏਜੰਡਾ ਅਤੇ ਮਿਸ਼ਨ ਮਿਥਿਆ ਜਾਵੇ। ਸਿੱਖਾਂ ਨੂੰ ਆਪਣੀ ਹੋਂਦ ਤੇ ਸੰਸਥਾਵਾਂ ਦੀ ਸੁਰੱਖਿਆ ਲਈ 'ਕੱਠ ਲੋਹੇ ਦੀ ਲੱਠ' ਵਾਂਗ ਆਪਸੀ ਏਕਤਾ ਦੀ ਜ਼ਰੂਰਤ ਹੈ। ਸਿੱਖ ਨੌਜਵਾਨ ਸ਼ਕਤੀ ਨੂੰ ਜੋੜਨ ਲਈ ਸਭਾਵਾਂ, ਸਿੱਖ ਬੀਬੀਆਂ, ਬਜ਼ੁਰਗ, ਵਿਦਵਾਨਾਂ ਦੀਆਂ ਸਭਾਵਾਂ, ਗੁਰਮੁਖੀ ਦੇ ਪ੍ਰਚਾਰ-ਪਾਸਾਰ ਤੇ ਰੁਜ਼ਗਾਰ ਦਾ ਪੱਖ ਵੀ ਵਿਚਾਰਨਾ ਚਾਹੀਦਾ ਹੈ। ਇਕ ਜਥੇਬੰਦਕ ਧਰਮ ਤਾਂ ਹੀ ਸ਼ਕਤੀਸ਼ਾਲੀ ਰਹਿ ਸਕਦਾ ਹੈ ਜੇਕਰ ਉਸ ਦੀਆਂ ਪਰੰਪਰਾਵਾਂ ਤੇ ਸਥਾਪਿਤ ਮਰਯਾਦਾਵਾਂ ਉੱਪਰ ਸਭ ਪਹਿਰਾ ਦੇਣ। ਇਕ ਗੱਲ ਪੱਕੀ ਕਿ ਯੁੱਗ ਅਨੁਸਾਰ ਸੰਕੀਰਣਤਾ ਤੇ ਨਫ਼ਰਤਵਾਦੀ ਸੋਚ ਹਰੇਕ ਧਰਮ ਲਈ ਘਾਤਕ ਹੋਵੇਗੀ, ਜਿਸ ਤੋਂ ਅੱਜ ਸਭਨਾਂ ਧਰਮੀਆਂ ਨੂੰ ਬਚਣ ਦੀ ਲੋੜ ਹੈ।

ਸਿੰਘ ਸਭਾ ਲਹਿਰ ਦੇ ਅਖ਼ਬਾਰ ਤੇ ਸਾਹਿਤ ਦਾ ਅਧਿਐਨ ਕਰੀਏ ਤਾਂ ਸਾਡੇ ਪੁਰਖਿਆਂ ਦਾ ਪਾਖੰਡਵਾਦ ਤੇ ਸਿੱਖ ਵਿਰੋਧੀ ਮਾਨਸਿਕਤਾ ਨਾਲ ਤਾਂ ਵਿਰੋਧਾਭਾਸ ਸੀ ਪਰ ਸਾਡੇ ਸਮਕਾਲੀ ਵਾਦ-ਵਿਵਾਦਾਂ ਵਾਂਗ ਆਪਸੀ ਸਿਧਾਂਤਕ ਝਗੜਾ ਨਹੀਂ ਸੀ। ਅੱਜ ਸਾਡੇ ਸਰੋਤ ਗ੍ਰੰਥ, ਪੰਥਕ ਅਰਦਾਸ, ਨਿੱਤਨੇਮ ਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਸਰੋਵਰ, ਮਰਯਾਦਾ ਆਦਿ ਹੀ ਤਰਕਵਾਦ ਦੀ ਭੇਟ ਚੜ੍ਹ ਰਹੇ ਹਨ। ਬੀਤੇ ਸਾਲਾਂ ਤੋਂ ਸਿੱਖਾਂ ਵਿਚ ਸੋਸ਼ਲ ਮੀਡੀਏ ਰਾਹੀਂ ਇਕ-ਦੂਜੇ ਨੂੰ ਨੀਵਾਂ ਦਿਖਾ ਕੇ ਵੱਡੇ ਹੋਣ ਦਾ ਭਰਮ ਪਾਲਿਆ ਜਾ ਰਿਹਾ ਹੈ। ਕੁਝ ਲੋਕ ਗਿਣੀ-ਮਿਥੀ ਸਾਜਿਸ਼ ਅਧੀਨ ਨਕਲੀ ਪਛਾਣ  ਬਣਾ ਕੇ ਸਾਡੀ ਹਰ ਮਰਯਾਦਾ, ਸੰਸਥਾ, ਜਥੇਬੰਦੀ ਜਾਂ ਧਰਮੀ ਤੇ ਕੁਰਬਾਨੀ ਵਾਲੀਆਂ ਸ਼ਖ਼ਸੀਅਤਾਂ ਬਾਰੇ ਅਤਿ ਨੀਵੇਂ ਦਰਜੇ ਦੀ ਸ਼ਬਦਾਵਲੀ ਵਰਤ ਰਹੇ ਹਨ ਤੇ ਸਿੱਖ ਸਮਾਜ ਸਭ ਪ੍ਰਵਾਨ ਕਰੀ ਜਾ ਰਿਹਾ ਹੈ। ਗੁਰੂ ਪਿਆਰਿਓ! ਸੁਚੇਤ ਮਨ ਨਾਲ ਸੋਚੀਏ ਕਿ ਕਿਸੇ ਹੋਰ ਧਰਮ ਦੇ ਆਗੂਆਂ, ਸੰਸਥਾਵਾਂ ਜਾ ਧਰਮ ਸਥਾਨਾਂ ਪ੍ਰਤੀ ਅਜਿਹੀ ਹਰਕਤ ਕਿਉਂ ਨਹੀਂ ਅਤੇ ਸਿੱਖ ਸਮਾਜ 'ਚ ਇਹ ਸਭ ਕੁਝ ਕਿਉਂ ਹੋ ਰਿਹਾ ਹੈ?

ਸਿੰਘ ਸਭਾ ਲਹਿਰ ਦੇ ਸਮੇਂ ਸਿੱਖ ਸੰਸਥਾਵਾਂ ਤੇ ਮਰਯਾਦਾ ਸਥਾਪਤੀ ਦਾ ਮੁੱਦਾ ਸੀ ਪਰ ਅੱਜ ਉਸਾਰੂ ਪ੍ਰਬੰਧਨ ਦੀ ਜ਼ਰੂਰਤ ਹੈ। ਸੰਸਥਾਵਾਂ ਨੂੰ ਨਿਘਾਰ ਤੋਂ ਬਚਾਉਣ ਲਈ ਡੂੰਘੀ ਦ੍ਰਿਸ਼ਟੀ ਵਾਲੇ ਗੁਰਸਿੱਖਾਂ ਦੀ ਲੋੜ ਹੈ। 

 

ਇੰਦਰਜੀਤ ਸਿੰਘ ਗੋਗੋਆਣੀ