ਏਜੀਪੀਸੀ ਅਤੇ ਫਰੈਂਡਜ ਆਫ਼ ਸਿੱਖ ਕਾਕਸ ਨੇ ਸਿੱਖ ਮੁੱਦਿਆਂ ਉਤੇ ਸਮਰਥਨ ਬਦਲੇ ਸੈਨੇਟਰ ਕੇਨ ਦਾ ਕੀਤਾ ਧੰਨਵਾਦ

ਏਜੀਪੀਸੀ ਅਤੇ ਫਰੈਂਡਜ ਆਫ਼ ਸਿੱਖ ਕਾਕਸ ਨੇ ਸਿੱਖ ਮੁੱਦਿਆਂ ਉਤੇ ਸਮਰਥਨ ਬਦਲੇ ਸੈਨੇਟਰ ਕੇਨ ਦਾ ਕੀਤਾ ਧੰਨਵਾਦ

ਅਮਰੀਕਾ ਦੇ ਵਾਈਸ ਪ੍ਰੈਜੀਡੈਂਟ ਦੀ ਦੌੜ ਵਿੱਚ ਸੈਨਟਰ ਕੇਨ ਦੀ ਸਿੱਖ ਆਗੂਆਂ ਨਾਲ ਮੁਲਾਕਾਤ
ਵਾਸਿੰਗਟਨ ਡੀ. ਸੀ./ਬਿਊਰੋ ਨਿਊਜ਼:
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਅਤੇ ਫਰੈਂਡਸ ਆਫ਼ ਅਮਰੀਕਨ ਸਿੱਖ ਕਾਕਸ ਨੇ ਅਮਰੀਕਾ ਦੇ ਵਾਈਸ ਪ੍ਰੈਜੀਡੈਂਟ ਦੀ ਦੌੜ ਵਿੱਚ ਸ਼ਾਮਿਲ ਸੈਨੇਟਰ ਟਿਮ ਕੇਨ ਦਾ ਘੱਟ ਗਿਣਤੀ ਵਰਗਾਂ ਖਾਸ ਕਰਕੇ ਸਿੱਖਾਂ ਨੂੰ ਦਰਪੇਸ਼ ਮਸ਼ਕਿਲਾਂ ਅਤੇ ਮੁੱਦਿਆਂ ਦੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਸੈਨੇਟਰ ਕੇਨ ਨੇ ਸਿੱਖ ਆਗੂਆਂ ਨਾਲ ਕੈਲੀਫੋਰਨੀਆ ਵਿੱਚ ਇਕ ਮੁਲਾਕਾਤ ਕੀਤੀ, ਜਿਸ ਤੋ ਜਾਹਿਰ ਹੈ ਕਿ ਉਹ ਸਿੱਖ ਮੁੱਦਿਆਂ ਅਤੇ ਕੌਮ ਪ੍ਰਤੀ ਆਪਣੀ ਹਮਦਰਦੀ ਰੱਖਦੇ ਹਨ।
ਏਜੀਪੀਸੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਫਰੈਂਡਜ ਆਫ਼ ਸਿੱਖ ਕਾਂਗਰੇਸ਼ਨਲ ਕਾਕਸ ਦੇ ਕਨਵੀਨਰ ਸ. ਹਰਪ੍ਰੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਸੈਨੇਟਰ ਕੇਨ ਦਾ ਧੰਨਵਾਦ ਕੀਤਾ ਹੈ।।
ਅਮਰੀਕੀ ਸਿੱਖ ਆਗੂਆਂ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਸੈਨੇਟਰ ਕੇਨ ਨੇ ਹਮੇਸ਼ਾਂ ਹੀ ਸਿੱਖਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਪਣੀ ਮੀਟਿੰਗ ਦੌਰਾਨ ਵੀ ਉਨ੍ਹਾਂ ਨੂੰ ਕੌਮ ਨੂੰ ਅੱਗੇ ਤੋ ਵੀ ਆਪਣੇ ਸਮਰਥਨ ਦਾ ਯਕੀਨ ਦਿਵਾਇਆ ਹੈ।ਸਿੱਖ ਆਗੂਆਂ ਨੇ ਕਿਹਾ ਕਿ ਸੈਨੇਟ ਆਰਮਜ਼ ਸਰਵਿਸਸ ਕਮੇਟੀ ਦੀ ਪਿਛਲੀ ਦਿਨੀਂ ਸੁਣਵਾਈ ਦੌਰਾਨ ਕੇਨ ਨੇ ਕੈਪਟਨ ਸਿਮਰਤਪਾਲ ਸਿੰਘ ਦੀ ਅਮਰੀਕੀ ਫੌਜ ਦੀ ਸ਼ਮੂਲੀਅਤ ਨੂੰ ਬਹੁਤ ਸਲਾਹਿਆ ਸੀ।
ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਫੌਜ ਵਿੱਚ ਭੂਮਿਕਾ ਹਮੇਸ਼ਾਂ ਹੀ ਸ਼ਲਾਘਾਯੋਗ ਰਹੀ ਹੈ, ਜੋ ਕਿ ਕੌਮ ਦੀ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਨਿਭਾਈ ਗਈ ਸ਼ਮੂਲੀਅਤ ਤੋਂ ਪੂਰੀ ਜੱਗ ਜਾਹਿਰ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਵੀ ਸਿੱਖ ਨੌਜਵਾਨ ਇੱਥੋਂ ਦੀ ਫੌਜ ਵਿੱਚ ਭਰਤੀ ਹੋ ਕੇ ਸਵਾ ਕਰਨਾ ਚਾਹੁੰਦੇ ਹਨ ਪਰ ਫੌਜ ਦੇ ਕੁਝ ਕਾਨੂੰਨ ਅਤੇ ਨਿਯਮ ਇਸ ਵਿੱਚ ਅੜਿਕਾ ਬਣਦੇ ਆ ਰਹੇ ਸਨ, ਜਿਨ੍ਹਾਂ ਨੂੰ ਦੂਰ ਕਰਨ ਵਿੱਚ ਸੈਨੇਟਰ ਕੇਨ ਵਰਗੇ ਅਗਾਂਹ ਵਧੂ ਸੋਚ ਵਾਲੇ ਆਗੂਆਂ ਦੀ ਮਦਦ ਨਾਲ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਨੇਟਰ ਕੇਨ ਹਮੇਸ਼ਾਂ ਹੀ ਮਨੁੱਖੀ ਅਧਿਕਾਰਾਂ ਅਤੇ ਘੱਟ ਗਿਣਤੀਆਂ ਦੇ ਹੱਕ ਵਿੱਚ ਆਪਣੀ ਅਵਾਜ਼ ਬੁਲੰਦ ਕਰਦੇ ਰਹੇ ਹਨ, ਜਿਸਦੇ ਲਈ ਸਿੱਖ ਕੌਮ ਹਮੇਸ਼ਾਂ ਉਨ੍ਹਾਂ ਦੀ ਧੰਨਵਾਦੀ ਰਹੇਗੀ।
ਉਨ੍ਹਾਂ ਨੇ ਡੈਮੋਕ੍ਰੇਟ ਪਾਰਟੀ ਦੇ ਭਾਈਚਾਰਕ ਸਾਂਝ ਵਾਲੀਆਂ ਪਾਲਿਸੀਆਂ ਦੀ ਪੁਰਜ਼ੋਰ ਸ਼ਲਾਘਾ ਕੀਤੀ ਅਤੇ ਆਾਸ ਪ੍ਰਗਟਾਈ ਕਿ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਆਪਣੀ ਜਿੱਤ ਦਰਜ ਕਰਵਾਏਗੀ।