ਭਾਜਪਾ ਨੂੰ ਚਿੰਬੜਿਆ ਜਿਨਾਹ ਦਾ ”ਭੂਤ”

ਭਾਜਪਾ ਨੂੰ ਚਿੰਬੜਿਆ ਜਿਨਾਹ ਦਾ ”ਭੂਤ”

ਅਡਵਾਨੀ ਤੋਂ ਬਾਅਦ ਸੰਸਦ ਮੈਂਬਰ ਫੂਲੇ ਨੇ ਜਿਨਾਹ ਨੂੰ ਕਿਹਾ ‘ਮਹਾਂਪੁਰਸ਼’
ਉੱਤਰ ਪ੍ਰਦੇਸ਼/ਬਿਊਰੋ ਨਿਊਜ਼ :
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਮੁਹੰਮਦ ਅਲੀ ਜਿਨਾਹ ਦੀ ਲੱਗੀ ਤਸਵੀਰ ਦਾ ਵਿਵਾਦ ਅਜੇ ਰੁਕਿਆ ਨਹੀਂ ਕਿ ਹੁਣ ਇਥੋਂ ਦੀ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਸਾਵਿੱਤਰੀ ਬਾਈ ਫੂਲੇ ਨੇ ਪਾਰਟੀ ਦੇ ਉਲਟ ਜਾ ਕੇ ਮੁਹੰਮਦ ਅਲੀ ਜਿਨਾਹ ਨੂੰ ‘ਮਹਾਂਪੁਰਸ਼’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਨਾਹ ਪਾਕਿਸਤਾਨ ਦੇ ਸੰਸਥਾਪਕ ਸਨ ਅਤੇ ਉਨ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਾਨੂੰ ਹਰ ਆਜ਼ਾਦੀ ਘੁਲਾਟੀਏ ਦਾ ਨਾਂ ਸਤਿਕਾਰ ਨਾਲ ਲੈਣਾ ਚਾਹੀਦਾ ਹੈ। ਉਹ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਲੀਗੜ੍ਹ ਯੂਨੀਵਰਸਿਟੀ ਵਿੱਚ ਜਿਨਾਹ ਦੀ ਤਸਵੀਰ ‘ਤੇ ਵਿਵਾਦ ਛੇੜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਇਕ ਆਗੂ ਵੱਲੋਂ ਜਿਨਾਹ ਦੀ ਤਸਵੀਰ ਸਬੰਧੀ ਚਿੱਠੀ ਲਿਖ ਕੇ ਵਾਈਸ ਚਾਂਸਲਰ ਤੋਂ ਜਵਾਬ ਮੰਗਿਆ ਗਿਆ ਹੈ। ਫੂਲੇ ਨੇ ਇਸ ਤੋਂ ਪਹਿਲਾਂ ਵੀ ਦਲਿਤ ਭਾਈਚਾਰੇ ਦੇ ਘਰਾਂ ‘ਚ ਜਾ ਕੇ ਖਾਣਾ ਖਾਣ ਨੂੰ ਲੈ ਕੇ ਭਾਜਪਾ ਆਗੂਆਂ ‘ਤੇ ਸਵਾਲ ਚੁੱਕੇ ਸਨ।
ਯਾਦ ਰਹੇ ਕਿ ਕਿਸੇ ਸਮੇਂ ਬੀਜੇਪੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਆਪਣੀ ਪਾਕਿਸਤਾਨ ਫੇਰੀ ਮੌਕੇ ਮੁਹੰਮਦ ਅਲੀ ਜਿਨਾਹ ਦੀ ਮਹਿਮਾ ਕਰ ਦਿਤੀ ਸੀ ਜੋ ਆਰਐਸਐਸ ਨੂੰ ਇੰਨੀ ਰੜਕੀ ਸੀ ਕਿ ਇਸ ਘਟਨਾ ਤੋਂ ਬਾਅਦ ਪਾਰਟੀ ਵਿਚ ਅਡਵਾਨੀ ਨੂੰ ਕਿਨਾਰੇ ਕਰਨ ਦੀ ਮੁਹਿੰਮ ਵਿੱਢ ਦਿਤੀ ਗਈ ਸੀ।