ਪੁਲਿਸ ਵਲੋਂ ਤਿੰਨ ਹਫ਼ਤਿਆਂ ਵਿਚ 14 ਐਨਕਾਊਂਟਰ
ਗੈਂਗਸਟਰ ਦਹਿਸ਼ਤ ਵਿੱਚ ,ਨੈੱਟਵਰਕ ਟੁੱਟਣਾ ਸ਼ੁਰੂ
*ਪ੍ਰਤਾਪ ਸਿੰਘ ਬਾਜਵਾ ਤੇ ਸਰਨਾ ਨੇ ਐਨਕਾਊਂਟਰਾਂ ਬਾਰੇ ਪੰਜਾਬ ਸਰਕਾਰ ਉਪਰ ਖੜ੍ਹੇ ਕੀਤੇ ਸਵਾਲ
ਪੰਜਾਬ ਪੁਲਿਸ ਗੈਂਗਸਟਰਾਂ ਖਿਲਾਫ਼ ਲਗਾਤਾਰ ਕਾਰਵਾਈਆਂ ਕਰ ਰਹੀ ਹੈ। ਰਿਪੋਰਟ ਦੇ ਮੁਤਾਬਕ ਪੁਲਿਸ ਨੇ ਕਰੀਬ 20 ਦਿਨਾਂ ਦੇ ਅੰਦਰ 14 ਐਨਕਾਊਂਟਰ ਕਰ ਦਿੱਤੇ ਹਨ। ਜਿਸ ਦੌਰਾਨ 3 ਗੈਂਗਸਟਰਾਂ ਨੂੰ ਮਾਰ ਦਿੱਤਾ ਗਿਆ ਅਤੇ ਬਾਕੀ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ ਹਨ। ਪਿਛਲੇ ਤਿੰਨ ਹਫ਼ਤਿਆਂ ਵਿੱਚ ਪੰਜਾਬ ਪੁਲਿਸ ਲੁਧਿਆਣਾ, ਮਾਨਸਾ, ਪਟਿਆਲਾ ਅਤੇ ਮੁਹਾਲੀ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਅਤੇ ਬਦਮਾਸ਼ਾਂ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਦੀ ਗੋਲੀਬਾਰੀ ਨਾਲ ਗੈਂਗਸਟਰਾਂ ਵਿੱਚ ਡਰ ਪੈਦਾ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਪੰਜਾਬ ਵਿਚ ਖਤਰਨਾਕ ਗੈਂਗਸਟਰਾਂ ਦਾ ਨੈੱਟਵਰਕ ਟੁੱਟਣਾ ਸ਼ੁਰੂ ਹੋ ਗਿਆ ਹੈ।
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਫਿਰੌਤੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਪੁਲਿਸ ਨੇ 130 ਐਫਆਈਆਰ ਦਰਜ ਕੀਤੀਆਂ ਅਤੇ 117 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ। ਫਿਰੌਤੀ ਕਾਰਨ ਵਪਾਰੀ ਵਰਗ ਡਰ ਵਿੱਚ ਸੀ ਅਤੇ ਪੁਲੀਸ ’ਤੇ ਅਮਨ-ਕਾਨੂੰਨ ਸਬੰਧੀ ਦਬਾਅ ਵਧਦਾ ਜਾ ਰਿਹਾ ਸੀ।
ਦੂਜੇ ਪਾਸੇ ਪੰਜਾਬ ਪੁਲਿਸ ਦਾ ਇਹ ਆਪਰੇਸ਼ਨ ਸਵਾਲਾਂ ਦੇ ਘੇਰੇ ਵਿੱਚ ਵੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਐਨਕਾਊਂਟਰਾਂ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਹੁਣ ਵੋਟਾਂ ਆ ਗਈਆਂ ਹਨ ਤਾਂ ਸਰਕਾਰ ਨੇ ਨਵਾਂ ਕੰਮ ਐਨਕਾਉਂਟਰ ਦਾ ਚਲਾਇਆ ਹੈ । ਬੀਤੇ ਦਿਨ ਹੱਥਕੜੀ ਵਿੱਚ ਬੰਨ੍ਹਿਆ ਮੁੰਡਾ ਵੀ ਮਾਰ ਦਿੱਤਾ ਹੈ । ਉਨ੍ਹਾਂ ਕਿਹਾ ਵੋਟਾਂ ਵਾਸਤੇ ਭਗਵੰਤ ਮਾਨ ਸਰਕਾਰ ਹਰ ਕੰਮ ਕਰਨ ਨੂੰ ਤਿਆਰ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਪੁਲਿਸ ਦੇ ਵੱਲੋਂ ਚਲਾਏ ਜਾ ਰਹੇ ਐਨਕਾਉਂਟਰ ਤੇ ਸਵਾਲ ਚੁੱਕੇ ਹਨ । ਉਨ੍ਹਾਂ ਨੇ ਕਿਹਾ ਨਸ਼ੇ ਨੂੰ ਰੋਕਿਆ ਨਹੀਂ ਪਰ ਮਾਨ ਸਰਕਾਰ ਫੇਕ ਐਨਕਾਉਂਟਰ ਕਰ ਰਹੀ ਹੈ,ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਪੰਜਾਬ ਸਰਹੱਦੀ ਸੂਬਾ ਹੈ ਇਸ ਦਾ ਨਤੀਜਾ ਗੰਭੀਰ ਹੋ ਸਕਦਾ ਹੈ । ਸਰਨਾ ਨੇ ਮੰਗ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਇਹ ਫੇਕ ਐਨਕਾਉਂਟਰ ਬੰਦ ਹੋਣੇ ਚਾਹੀਦੇ ਹਨ।
ਗੈਂਗਸਟਰ ਸੰਪਤ ਨਹਿਰਾ ਪੁਲਿਸ ਦੇ ਨਿਸ਼ਾਨੇ 'ਤੇ, ਪਤਨੀ ਹਾਈਕੋਰਟ 'ਚ ਪਹੁੰਚੀ
ਪੰਜਾਬ ਦੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੈਂਗਸਟਰ ਸੰਪਤ ਨਹਿਰਾ ਦਾ ਐਨਕਾਊਂਟਰ ਕੀਤਾ ਜਾ ਸਕਦਾ ਹੈ। ਇਸ ਖਦਸ਼ਾ ਸੰਪਤ ਨਹਿਰਾ ਦੇ ਪਰਿਵਾਰ ਨੇ ਜਤਾਇਆ ਹੈ। ਜਿਸ ਤੋਂ ਬਾਅਦ ਗੈਂਗਸਟਰ ਨਹਿਰਾ ਦੀ ਪਤਨੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ।
ਸੰਪਤ ਨਹਿਰਾ 'ਤੇ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਕਤਲ ਦੀ ਸਾਜਿਸ਼ ਘੜਨ ਦੇ ਇਲਜ਼ਾਮ ਹਨ। ਰਾਜਸਥਾਨ ਵਿੱਚ ਸੁਖਦੇਵ ਸਿੰਘ ਗੋਗਾਮੇੜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਲਜ਼ਾਮਾਂ ਤਹਿਤ ਇਹ ਸਾਰਾ ਪਲਾਨ ਪੰਜਾਬ ਦੀ ਜੇਲ੍ਹ ਵਿੱਚ ਬੰਦ ਸੰਪਤ ਨਹਿਰਾ ਨੇ ਕੀਤਾ ਸੀ।
ਹੁਣ ਰਾਜਸਥਾਨ ਦੀ ਪੁਲਿਸ ਸੰਪਤ ਨਹਿਰਾ ਨੂੰ ਪੁੱਛਗਿੱਛ ਦੇ ਲਈ ਪ੍ਰੋਡੰਕਸ਼ਨ ਵਾਰੰਟ 'ਤੇ ਲੈ ਕੇ ਜਾ ਸਕਦੀ ਸੀ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਨਹਿਰਾ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਜਦੋਂ ਰਾਜਸਥਾਨ ਪੁਲਿਸ ਇਸ ਮਾਮਲੇ ਵਿਚ ਪੁੱਛਗਿੱਛ ਲਈ ਉਸ ਨੂੰ ਰਿਮਾਂਡ 'ਤੇ ਲੈ ਜਾਵੇਗੀ ਤਾਂ ਉੱਥੇ ਉਸ ਦਾ ਕਤਲ ਹੋ ਸਕਦਾ ਹੈ। ਅਜਿਹੇ ਵਿਚ ਸੰਪਤ ਨਹਿਰਾ ਦੀ ਪਤਨੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜੇਕਰ ਰਾਜਸਥਾਨ ਪੁਲਿਸ ਸੰਪਤ ਨਹਿਰਾ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਕਰੇ। ਉਸ ਨੂੰ ਰਾਜਸਥਾਨ ਨਾ ਭੇਜਿਆ ਜਾਵੇ। ਇਸ ਮਾਮਲੇ ਵਿੱਚ ਹੁਣ ਹਾਈਕੋਰਟ ਨੇ ਰਾਜਸਥਾਨ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਹਾਲਾਂਕਿ ਹੁਣ ਤੱਕ ਰਾਜਸਥਾਨ ਪੁਲਿਸ ਨੇ ਸੰਪਤ ਨਹਿਰਾ ਨੂੰ ਰਿਮਾਂਡ 'ਤੇ ਨਹੀਂ ਲਿਆ ਹੈ। ਹੁਣ ਤੱਕ ਪੰਜਾਬ ਪੁਲਿਸ ਦੇ ਵੱਖ-ਵੱਖ ਸੈੱਲ ਸੰਪਤ ਨਹਿਰਾ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਰਹੇ ਹਨ।
Comments (0)