ਕੈਨੇਡੀਅਨ ਅਦਾਲਤ ਵਲੋਂ ਜੱਸੀ ਸਿੱਧੂ ਕਤਲ ਮਾਮਲੇ ‘ਚ ਮਾਂ ਤੇ ਮਾਮੇ ਨੂੰ ਭਾਰਤ ਹਵਾਲੇ ਕਰਨ ਦਾ ਰਾਹ ਪੱਧਰਾ

ਕੈਨੇਡੀਅਨ ਅਦਾਲਤ ਵਲੋਂ ਜੱਸੀ ਸਿੱਧੂ ਕਤਲ ਮਾਮਲੇ ‘ਚ ਮਾਂ ਤੇ ਮਾਮੇ ਨੂੰ ਭਾਰਤ ਹਵਾਲੇ ਕਰਨ ਦਾ ਰਾਹ ਪੱਧਰਾ

ਮੌਂਟਰੀਅਲ/ਬਿਊਰੋ ਨਿਊਜ਼ :
ਕੈਨੇਡਾ ਦੀ ਸੁਪਰੀਮ ਕੋਰਟ ਨੇ 17 ਸਾਲ ਪਹਿਲਾਂ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦੇ ਅਣਖ਼ ਲਈ ਕੀਤੇ ਕਤਲ ਵਿਚ ਭੂਮਿਕਾ ਲਈ ਕੈਨੇਡੀਅਨ ਨਾਗਰਿਕ ਉਸ ਦੇ ਮਾਮੇ ਸੁਰਜੀਤ ਸਿੰਘ ਬਦੇਸ਼ਾ (72) ਅਤੇ ਉਸ ਦੀ ਮਾਂ ਮਲਕੀਤ ਕੌਰ ਸਿੱਧੂ (67) ਨੂੰ ਭਾਰਤ ਹਵਾਲੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਜੱਸੀ ਕਤਲ ਕੀਤੇ ਜਾਣ ਸਮੇਂ 25 ਸਾਲਾਂ ਦੀ ਸੀ ਅਤੇ ਜੂਨ 2000 ਵਿੱਚ ਉਸ ਦੀ ਲਾਸ਼ ਪੰਜਾਬ ਵਿਚੋਂ ਮਿਲੀ ਸੀ ਅਤੇ ਉਸ ਦਾ ਗਲ ਵੱਢਿਆ ਹੋਇਆ ਸੀ।
ਕੈਨੇਡਾ ਵਿੱਚ ਜੰਮੀ ਜੱਸੀ ਸਿੱਧੂ 1996 ਵਿੱਚ ਪੰਜਾਬ ਆਈ ਸੀ ਅਤੇ ਜਗਰਾਉਂ ਵਿੱਚ ਉਸ ਦੀ ਰਿਕਸ਼ਾ ਚਾਲਕ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਮੁਲਾਕਾਤ ਹੋਈ ਸੀ ਅਤੇ ਉਨ੍ਹਾਂ ਵਿੱਚ ਪਿਆਰ ਹੋ ਗਿਆ। ਇਸ ਬਾਅਦ 1999 ਵਿੱਚ ਜਦੋਂ ਉਹ ਭਾਰਤ ਆਈ ਤਾਂ ਘਰਦਿਆਂ ਨੂੰ ਦੱਸੇ ਬਿਨਾਂ ਉਨ੍ਹਾਂ ਨੇ ਚੁੱਪ-ਚਪੀਤੇ ਵਿਆਹ ਕਰਾ ਲਿਆ। ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਣ ਬਾਅਦ ਜੱਸੀ ਸਿੱਧੂ ਆਪਣੇ ਪਤੀ ਨੂੰ ਮਿਲਣ ਲਈ ਕੈਨੇਡਾ ਤੋਂ ਭਾਰਤ ਆਈ। ਇਸ ਜੋੜੇ ‘ਤੇ ਜੂਨ 2000 ਵਿੱਚ ਸੰਗਰੂਰ ਨੇੜਲੇ ਇਕ ਪਿੰਡ ਵਿੱਚ ਹਮਲਾ ਹੋਇਆ ਜਦੋਂ ਉਹ ਸਕੂਟਰ ‘ਤੇ ਜਾ ਰਹੇ ਸਨ। ਮਿੱਠੂ ਨੂੰ ਕੁੱਟ ਕੁੱਟ ਕੇ ਮਰਨ ਕੰਢੇ ਕਰਕੇ ਸੁੱਟ ਦਿੱਤਾ ਸੀ ਅਤੇ ਜੱਸੀ ਸਿੱਧੂ ਨੂੰ ਅਗਵਾ ਕਰਕੇ ਬਾਅਦ ਵਿਚ ਕਤਲ ਕਰ ਦਿੱਤਾ ਸੀ। ਜਾਂਚ ਅਧਿਕਾਰੀਆਂ ਮੁਤਾਬਕ ਜੱਸੀ ਸਿੱਧੂ ਦੀ ਮਾਂ ਤੇ ਮਾਮੇ ਨੇ ਇਹ ਵਾਰਦਾਤ ਭਾੜੇ ਦੇ ਗੁੰਡਿਆਂ ਤੋਂ ਕਰਾਈ ਸੀ। ਭਾਰਤ ਵਿਚ ਇਸ ਕਤਲ ਕੇਸ ਵਿਚ 3 ਵਿਅਕਤੀ ਦੋਸ਼ੀ ਠਹਿਰਾਏ ਗਏ ਸਨ ਪਰ ਅਧਿਕਾਰੀਆਂ ਨੂੰ 2 ਕੈਨੇਡੀਅਨ ਨਾਗਰਿਕਾਂ ਸੁਰਜੀਤ ਸਿੰਘ ਤੇ ਮਲਕੀਤ ਕੌਰ ਨੂੰ ਭਾਰਤ ਲਿਆਉਣ ਲਈ ਕਈ ਸਾਲ ਜੱਦੋ-ਜ਼ਹਿਦ ਕਰਨੀ ਪਈ। ਕੈਨੇਡਾ ਦੇ ਨਿਆਂ ਮੰਤਰੀ ਨੇ ਸਾਲ 2014 ਵਿਚ ਇਨ੍ਹਾਂ ਦੀ ਸੁਪਰਦਗੀ ਲਈ ਮਨਜ਼ੂਰੀ ਦੇ ਦਿੱਤੀ ਸੀ ਪਰ ਸਾਲ 2016 ਵਿਚ ਇਕ ਅਪੀਲ ਉਤੇ ਇਸ ਫ਼ੈਸਲੇ ਨੂੰ ਪਲਟ ਦਿੱਤਾ ਗਿਆ ਸੀ। ਹੁਣ ਸੁਪਰੀਮ ਕੋਰਟ ਦੇ 9 ਜੱਜਾਂ ਨੇ ਸਰਬਸੰਮਤੀ ਨਾਲ ਇਨ੍ਹਾਂ ਦੋਹਾਂ ਨੂੰ ਭਾਰਤ ਹਵਾਲੇ ਕਰਨ ਦਾ ਆਦੇਸ਼ ਦਿੱਤਾ ਹੈ।
ਮਿੱਠੂ ਨੇ ਫ਼ੈਸਲੇ ‘ਤੇ ਤਸੱਲੀ ਪ੍ਰਗਟਾਈ :
ਚੰਡੀਗੜ੍ਹ : ਕੈਨੇਡੀਅਨ ਸੁਪਰੀਮ ਕੋਰਟ ਦੇ ਫ਼ੈਸਲੇ ‘ਤੇ ਤਸੱਲੀ ਜ਼ਾਹਰ ਕਰਦਿਆਂ ਸੁਖਵਿੰਦਰ ਸਿੰਘ ਮਿੱਠੂ ਨੇ ਕਿਹਾ, ‘ਮੈਂ ਅੱਜ ਦਾ ਦਿਨ ਦੇਖਣ ਲਈ ਬਚ ਗਿਆ ਸੀ ਜਦੋਂ ਮੇਰੀ ਪਤਨੀ ਜੱਸੀ ਸਿੱਧੂ ਦੇ ਕਾਤਲਾਂ ਨੂੰ ਭਾਰਤ ਭੇਜਿਆ ਜਾਵੇਗਾ ਅਤੇ ਉਹ ਕਤਲ ਦੇ ਮੁਕੱਦਮੇ ਦਾ ਸਾਹਮਣਾ ਕਰਨਗੇ। ਅੱਜ ਦਾ ਦਿਨ ਦੇਖਣ ਦੀ ਉਮੀਦ ਵਿਚ ਪਿਛਲੇ 17 ਸਾਲਾਂ ਦੌਰਾਨ ਮੈਂ ਕਈ ਵਾਰ ਮੌਤ ਦੇ ਮੂੰਹ ਵਿਚੋਂ ਨਿਕਲਿਆ ਹਾਂ।’ ਪਿੰਡ ਕਾਉਂਕੇ ਖੋਸਾ ਦੇ ਮਿੱਠੂ ਨੇ ਕਿਹਾ, ‘ਹੁਣ ਮਲਕੀਤ ਕੌਰ ਤੋਂ ਮੈਂ ਸਾਹਮਣੇ ਖੜ੍ਹ ਪੁੱਛ ਸਕਦਾ ਹਾਂ ਕਿ ਉਸ ਨੇ ਆਪਣੇ ਧੀ ਦੇ ਮੇਰੇ ਲਈ ਪਿਆਰ ਨੂੰ ਐਨਾ ਵੱਡਾ ਅਪਰਾਧ ਕਿਉਂ ਸਮਝਿਆ, ਜੋ ਉਸ ਨੂੰ ਜਾਨੋਂ ਮਾਰਨਾ ਪਿਆ।’ 8 ਜੂਨ, 2000 ਨੂੰ ਹੋਏ ਇਸ ਕਤਲ ਵਿਚ ਪੁਲੀਸ ਵੱਲੋਂ ਦਾਖ਼ਲ ਚਾਰਜਸ਼ੀਟ ਮੁਤਾਬਕ ਜੱਸੀ ਦੀ ਮਾਂ ਤੇ ਮਾਮੇ ਨੇ ਇਸ ਕਤਲ ਦੀ ਕੈਨੇਡਾ ਵਿਚ ਸਾਜ਼ਿਸ਼ ਰਚੀ ਸੀ, ਜਿਸ ਨੂੰ ਭਾਰਤ ਵਿਚ ਅੰਜਾਮ ਤਕ ਪਹੁੰਚਾਇਆ ਗਿਆ।
ਅੱਜ ਕੱਲ੍ਹ ਮਿੱਠੂ ਟਰੱਕ ਚਲਾਉਂਦਾ ਹੈ। ਉਸ ਨੇ ਦੱਸਿਆ, ‘ਜੱਸੀ ਦੇ ਕਤਲ ਬਾਅਦ ਮੇਰੀ ਹੋਂਦ ਦਾ ਇਕ ਹੀ ਮਕਸਦ ਸੀ ਕਿ ਉਸ ਦੀ ਮਾਂ ਤੇ ਮਾਮੇ ਨੂੰ ਇਕ ਦਿਨ ਸਲਾਖਾਂ ਪਿੱਛੇ ਦੇਖਣਾ। ਉਸ ਦੇ ਮਾਪੇ ਸਾਡੇ ਉਤੇ ਤਾਂ ਗੁੱਸੇ ਹੁੰਦੇ ਜੇ ਮੈਂ ਉਸ ਨਾਲ ਵਿਆਹ ਨਾ ਕਰਾਉਂਦਾ ਪਰ ਅਸੀਂ ਵਿਆਹ ਦੇ ਪਵਿੱਤਰ ਬੰਧਨ ਦੀ ਪਾਲਣਾ ਕੀਤੀ। ਮੈਂ ਅਜੇ ਵੀ ਉਸ ਦਾ ਪਤੀ ਹਾਂ। ਇਨਸਾਫ਼ ਦੀ ਲੜਾਈ ਦੌਰਾਨ ਮੈਂ ਕਰੋੜਾਂ ਰੁਪਏ ਤੇ ਵਿਆਹ ਦੀਆਂ ਸੈਂਕੜੇ ਪੇਸ਼ਕਸ਼ਾਂ ਠੁਕਰਾਈਆਂ ਹਨ ਅਤੇ ਝੂਠੇ ਕੇਸਾਂ ਦਾ ਤਸ਼ੱਦਦ ਝੱਲਿਆ ਹੈ। ਮੈਂ ਉਸ ਦੀ ਮਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਪਿਆਰ ਸੱਚਾ ਸੀ।’