ਖ਼ੈਬਰ ਪਖਤੂਨਖਵਾ ਦੇ ਘੱਟ-ਗਿਣਤੀ ਮੰਤਰੀ ਕਠਪੁਤਲੀ : ਪਾਕਿ ਸਿੱਖ

ਖ਼ੈਬਰ ਪਖਤੂਨਖਵਾ ਦੇ ਘੱਟ-ਗਿਣਤੀ ਮੰਤਰੀ ਕਠਪੁਤਲੀ : ਪਾਕਿ ਸਿੱਖ

ਲਾਹੌਰ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਘੱਟ ਗਿਣਤੀ ਮੰਤਰੀ ਤੇ ਮੁੱਖ ਮੰਤਰੀ ਦੇ ਸਲਾਹਕਾਰ ਐਮ.ਐਨ.ਏ. ਡਾ. ਸੂਰਨ ਸਿੰਘ ਦੀ ਹੱਤਿਆ ਦੇ ਬਾਅਦ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਖ਼ਾਲੀ ਹੈ ਤੇ ਸੂਬਾ ਸਰਕਾਰ ਵਲੋਂ ਇਸ ਅਹੁਦੇ ‘ਤੇ ਕਿਸੇ ਹਿੰਦੂ-ਸਿੱਖ ਦੀ ਨਿਯੁਕਤੀ ਨਹੀਂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪਾਕਿਸਤਾਨ ਘੱਟ ਗਿਣਤੀ ਅਲਾਇੰਸ ਦੇ ਪ੍ਰਧਾਨ ਰਦੇਸ਼ ਸਿੰਘ ਟੋਨੀ ਨੇ ਦੱਸਿਆ ਕਿ 22 ਅਪ੍ਰੈਲ 2016 ਨੂੰ ਕੀਤੀ ਗਈ ਡਾ. ਸੂਰਨ ਸਿੰਘ ਦੀ ਹੱਤਿਆ ਦੇ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵਲੋਂ ਘੱਟ ਗਿਣਤੀ ਕੋਟੇ ਵਿਚੋਂ ਰਵੀ ਕੁਮਾਰ ਨੂੰ ਮੁੱਖ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ, ਜਦੋਂ ਕਿ ਐਮ.ਐਨ.ਏ. ਦੀ ਸੀਟ ਅਜੇ ਤਕ ਖਾਲੀ ਹੈ। ਉਨ੍ਹਾਂ ਦੱਸਿਆ ਕਿ ਸਾਲ 2016-17 ਵਿਚ ਡਾ. ਸੂਰਨ ਸਿੰਘ ਵਲੋਂ ਘੱਟ ਗਿਣਤੀਆਂ ਦੇ ਬੱਚਿਆਂ ਦੀ ਪੜ੍ਹਾਈ ਤੇ ਸਿਹਤ ਸੇਵਾਵਾਂ ਲਈ 8 ਕਰੋੜ ਦਾ ਬਜਟ ਪਾਸ ਕਰਵਾਇਆ ਸੀ, ਜਿਸ ਨਾਲ ਹਿੰਦੂ-ਸਿੱਖਾਂ ਲਈ ਬੁਨੇਰ ਤੇ ਕੋਹਾਟ ਵਿਚ ਸ਼ਮਸ਼ਾਨਘਾਟ ਤੇ ਇਸਾਈ ਭਾਈਚਾਰੇ ਦੇ ਲੋਕਾਂ ਲਈ ਕਬਰਸਤਾਨ ਬਣਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਦੇ ਇਲਾਵਾ ਡਬਗਰੀ ਬਾਗ਼ ਵਿਚਲੇ ਗੁਰਦੁਆਰਾ ਭਾਈ ਜੋਗਾ ਸਿੰਘ ਦੀ ਵੀ ਨਵ-ਉਸਾਰੀ ਸ਼ੁਰੂ ਕਰਵਾਈ ਗਈ। ਜਦੋਂ ਕਿ ਵਿੱਤੀ ਵਰ੍ਹੇ ਦੌਰਾਨ ਘੱਟ ਗਿਣਤੀਆਂ ਲਈ ਸਿਰਫ਼ 5 ਕਰੋੜ ਰੁਪਏ ਦਾ ਬਜਟ ਸੂਬਾ ਸਰਕਾਰ ਵਲੋਂ ਪੇਸ਼ ਕੀਤਾ ਗਿਆ ਹੈ ਤੇ ਉਸ ਵਿਚੋਂ 3 ਕਰੋੜ ਰੁਪਏ ਨਾਜਾਇਜ਼ ਤੌਰ ‘ਤੇ ਹਕਾਇਕਾ ਮਦਰਸੇ ਦੇ ਵਿਸਥਾਰ ਵਾਸਤੇ ਖ਼ਰਚ ਕੀਤੇ ਗਏ ਹਨ। ਉਨ੍ਹਾਂ ਐਮ. ਐਨ. ਏ. ਰਵੀ ਕੁਮਾਰ ਨੂੰ ਕਠਪੁਤਲੀ ਮੰਤਰੀ ਦੱਸਦਿਆਂ ਕਿਹਾ ਡਾ.  ਸੂਰਨ ਸਿੰਘ ਵੱਲੋਂ ਘੱਟ ਗਿਣਤੀਆਂ ਦੀ ਬਿਹਤਰੀ ਲਈ ਜਿਹੜੇ ਵੀ ਕੰਮ ਸ਼ੁਰੂ ਕਰਵਾਏ ਗਏ ਸਨ ਮੌਜੂਦਾ ਸਮੇਂ ਉਹ ਸਭ ਮੁਕੰਮਲ ਹੋਣ ਤੋਂ ਪਹਿਲਾਂ ਹੀ ਅੱਧ ਵਿਚਕਾਰ ਰੋਕ ਦਿੱਤੇ ਗਏ ਹਨ। ਪਿਸ਼ਾਵਰ ਦੀ ਸ਼ੰਕਰ ਸੁਸਾਇਟੀ ਦੇ ਪ੍ਰਧਾਨ ਜ਼ਾਹਦ ਕੁਮਾਰ ਨੇ ਕਿਹਾ ਕਿ ਸੂਬੇ ਦੇ ਘੱਟ ਗਿਣਤੀਆਂ ਨੂੰ ਮੌਜੂਦਾ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਰਵੀ ਕੁਮਾਰ ਵਲੋਂ ਇਸ ਸਬੰਧੀ ਕੋਈ ਉੱਚਿਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉੱਧਰ ਪਾਕਿਸਤਾਨੀ ਸਿੱਖ ਆਗੂ ਸ. ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਸਾਲ ਪਹਿਲਾਂ ਪਹਿਲੀ ਜਮਾਤ ਤੋਂ 7ਵੀਂ ਜਮਾਤ ਦੇ ਹਿੰਦੂ ਸਿੱਖ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਹਿੱਤ ਪਿਸ਼ਾਵਰ ਵਿਚ ‘ਦੀ ਰਾਈਜ਼ਿੰਗ ਹੋਪ ਪਬਲਿਕ ਸਕੂਲ’ ਸ਼ੁਰੂ ਕੀਤਾ ਗਿਆ ਸੀ। ਸਕੂਲ ਦੀ ਆਪਣੀ ਨਿੱਜੀ ਇਮਾਰਤ ਨਾ ਹੋਣ ਕਰਕੇ ਉਪਰੋਕਤ ਸਕੂਲ ਨੂੰ ਪਿਛਲੇ ਦੋ ਸਾਲ ਵਿਚ ਤਿੰਨ ਵੱਖ-ਵੱਖ ਜਗ੍ਹਾ ‘ਤੇ ਤਬਦੀਲ ਹੋਣਾ ਪਿਆ ਹੈ ਅਤੇ ਮੌਜੂਦਾ ਸਮੇਂ ਇਹ ਸਕੂਲ ਪਿਸ਼ਾਵਰ ਦੇ ਏਸ਼ੀਆ ਗੇਟ ਦੇ ਅੰਦਰ ਮੁਹੱਲਾ ਜੋਗਣ ਸ਼ਾਹ ਵਿਚ ਕਿਰਾਏ ਦੀ ਇਮਾਰਤ ਵਿਚ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਇਮਾਰਤ ਦੇ ਮਾਲਕ ਵੱਲੋਂ ਲਗਾਤਾਰ ਸਕੂਲ ਬੰਦ ਕਰਨ ਜਾਂ ਇਮਾਰਤ ਦੀ ਬਣਦੀ ਕੀਮਤ 75 ਲੱਖ ਰੁਪਏ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਪਿਸ਼ਾਵਰੀ ਸਿੱਖ ਸੰਗਤ ਨੇ ਰਵੀ ਕੁਮਾਰ ਪਾਸੋਂ ਮੰਗ ਕੀਤੀ ਸੀ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੇਖਦਿਆਂ ਇਹ ਸਕੂਲ ਮੁਹੱਲਾ ਜੋਗਣ ਸ਼ਾਹ ਵਿਚ ਹੀ ਗੁਰਦੁਆਰਾ ਭਾਈ ਜੋਗਾ ਸਿੰਘ ਦੇ ਪਾਸ ਸਿੱਖ ਭਾਈਚਾਰੇ ਦੀਆਂ ਖ਼ਾਲੀ ਪਈਆਂ ਇਮਾਰਤਾਂ ਵਿਚ ਖੁੱਲ੍ਹਵਾਇਆ ਜਾਵੇ ਜਿਸ ਨਾਲ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ ਪਰ ਅਜੇ ਤਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।