ਲੋਕਾਂ ਦੇ ਅਥਾਹ ਇਕੱਠ ਵਲੋਂ ਅਜਮੇਰ ਔਲਖ ਨੂੰ ਆਖ਼ਰੀ ਅਲਵਿਦਾ

ਲੋਕਾਂ ਦੇ ਅਥਾਹ ਇਕੱਠ ਵਲੋਂ ਅਜਮੇਰ ਔਲਖ ਨੂੰ ਆਖ਼ਰੀ ਅਲਵਿਦਾ

ਸਰਧਾਂਜਲੀ ਦੇਣ ਲਈ ਉਨ੍ਹਾਂ ਦੇ ਨਾਟਕਾਂ ਦੇ ਪਾਤਰ ਵੱਡੀ ਗਿਣਤੀ ਵਿਚ ਮਾਨਸਾ ਪੁੱਜੇ
ਜੋਗਿੰਦਰ ਸਿੰਘ ਮਾਨ
ਮਾਨਸਾ:
ਦਸ ਦਿਨ ਪਹਿਲਾਂ ਵਿਛੜੇ ਮਕਬੂਲ ਨਾਟਕਕਾਰ ਪ੍ਰੋ: ਅਜਮੇਰ ਔਲਖ ਨੂੰ ਸਰਧਾਂਜਲੀ ਦੇਣ ਲਈ ਉਸ ਦੇ ਨਾਟਕਾਂ ਦੇ ਪਾਤਰ (ਮਜ਼ਦੂਰ-ਕਿਸਾਨ) ਵੱਡੀ ਗਿਣਤੀ ‘ਚ ਪੁੱਜੇ ਤੇ ਆਪਣੇ ਵਿਛੜੇ ਨਾਟਕਕਾਰ ਨੂੰ ਸੰਗਰਾਮੀ ਸਰਧਾਂਜਲੀਆਂ ਭੇਂਟ ਕੀਤੀਆਂ। ਪ੍ਰੋ: ਔਲਖ ਦੀ ਯਾਦ ‘ਚ ਹੋਏ ਸਰਧਾਂਜਲੀ ਸਮਾਗਮ ਦੌਰਾਨ ਜਿਥੇ ਉਹਨਾਂ ਦੀ ਸਾਹਿਤਕ ਕਲਾਕਾਰਾਂ ਦੀ ਜੋਟੀ ਦਾ ਸੰਦੇਸ਼ ਦੀ ਗੂੰਜਿਆ। ਇੱਥੋਂ ਦੀ ਨਵੀਂ ਦਾਣਾ ਮੰਡੀ ‘ਚ ਲੱਗੇ ਵਿਸ਼ਾਲ ਪੰਡਾਲ ‘ਚ ਜੁੜੇ ਹਜਾਰਾਂ ਲੋਕਾਂ ਵੱਲੋਂ ਪ੍ਰੋ. ਔਲਖ ਦੀ ਯਾਦ ‘ਚ 2 ਮਿੰਟ ਦਾ ਮੋਨ ਧਾਰਨ ਮਗਰੋਂ ਪ੍ਰੋ: ਔਲਖ ਅਮਰ ਰਹੇ ਦੇ ਜੋਰਦਾਰ ਨਾਅਰਿਆਂ ਦੇ ਨਾਲ ਸਮਾਗਮ ਦੀ ਰਸਮੀ ਸ਼ੁਰੂਆਤ ਹੋਈ।
ਕੇਂਦਰੀ ਪੰਜਾਬੀ ਲੇਖਕ ਸਭਾ, ਲੋਕ ਕਲਾ ਮੰਚ ਮਾਨਸਾ ਤੇ ਔਲਖ ਪਰਿਵਾਰ ਵੱਲੋਂ ਜਥੇਬੰਦ ਕੀਤੇ ਗਏ ਸਮਾਗਮ ‘ਚ ਦਰਜਨਾਂ ਸਾਹਿਤਕ ਜਥੇਬੰਦੀਆਂ ਤੇ ਜਨਤਕ ਜਮਹੂਰੀ ਜਥੇਬੰਦੀਆਂ/ਪਲੇਟਫਾਰਮਾਂ ਦੇ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ ਅਤੇ ਦੇਸ਼ੋ-ਵਿਦੇਸ਼ੋ ਵੀ ਦਰਜਨਾਂ ਸ਼ੋਕ-ਸੁਨੇਹੇ ਪੁੱਜੇ। ਪ੍ਰੋ: ਔਲਖ ਦੀ ਅੰਤਿਮ ਇੱਛਾ ਅਨੁਸਾਰ ਜਥੇਬੰਦ ਕੀਤੇ ਗਏ ਸਮਾਗਮ ਨੂੰ ਸੰਖੇਪ ਰੱਖਣ ਦੀ ਜਰੂਰਤ ਕਾਰਨ, ਬੁਲਾਰਿਆਂ ਦੀ ਗਿਣਤੀ ਸੀਮਤ ਸੀ। ਪੰਜਾਬੀ ਸਾਹਿਤ ਜਗਤ ਦੀਆਂ ਨਾਮਵਰ ਹਸਤੀਆਂ ਗੁਰਬਚਨ ਭੁੱਲਰ, ਸੁਰਜੀਤ ਪਾਤਰ, ਆਤਮਜੀਤ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਮੰਚ ਤੋਂ ਪ੍ਰੋ: ਔਲਖ ਨੂੰ ਸਰਧਾਂਜਲੀਆਂ ਦਿੱਤੀਆਂ। ਉਨ੍ਹਾਂ ਪ੍ਰੋ: ਔਲਖ ਨੂੰ ਕਿਰਤੀ ਲੋਕਾਂ ਦਾ ਸਾਹਿਤਕਾਰ ਦੱਸਦਿਆਂ ਉਨ੍ਹਾਂ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਤੇ ਕਲਾ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋ: ਔਲਖ ਲੋਕਾਂ ਤੇ ਸਮਾਜ ਦੀ ਬੇਹਤਰੀ ਲਈ ਪ੍ਰਤੀਬੱਧ ਨਾਟਕਕਾਰ ਸਨ ਤੇ ਪੰਜਾਬੀ ਪੇਂਡੂ ਮਿਹਨਤਕਸ਼ ਜਮਾਤਾਂ ਦਾ ਜੀਵਨ ਚਿਤਰਨ ‘ਚ ਉਨ੍ਹਾਂ ਨੂੰ ਕਮਾਲ ਦੀ ਮੁਹਾਰਤ ਹਾਸਲ ਸੀ। ਉਨ੍ਹਾਂ ਦੀ ਕਲਾ ਵੀ ਜਮਾਤੀ ਸਮਾਜ ਦਾ ਸੱਚ ਬਹੁਤ ਖੂਬਸੂਰਤੀ ਨਾਲ ਉਘਾੜਿਆ ਤੇ ਇਸ ਲੁਟੇਰੇ ਤੇ ਨਾ-ਬਰਾਬਰੀ ਵਾਲੇ ਸਮਾਜ ਦੀ ਤਬਦੀਲੀ ਲਈ ਤਾਂਘ ਨੂੰ ਪ੍ਰਚੰਡ ਕਰਨ ‘ਚ ਅਹਿਮ ਹਿੱਸਾ ਪਾਇਆ।ਅੱਜ ਸਮਾਜ ‘ਚ ਮੌਜੂਦ ਵੱਡੀਆਂ ਚੁਣੌਤੀਆਂ ਦੇ ਸਨਮੁੱਖ ਉਹਨਾਂ ਦੇ ਨਾਟਕਾਂ ਦਾ ਮਹੱਤਵ ਹੋਰ ਜਿਆਦਾ ਵੱਧ ਗਿਆ ਹੈ। ਉਨ੍ਹਾਂ ਪੰਜਾਬੀ ਦੇ ਉਭਰਦੇ ਸਾਹਿਤਕਾਰਾਂ, ਕਲਾਕਾਰਾਂ ਨੂੰ ਪ੍ਰੋ: ਔਲਖ ਦੀਆਂ ਪੈੜਾਂ ਤੇ ਚੱਲ ਕੇ ਅੱਗੇ ਵੱਧਣ ਦਾ ਸੱਦਾ ਦਿੱਤਾ।

pic-ajmer-aoulakh-shardhanjli-a1
ਪਰਿਵਾਰ ਤਰਫੋਂ ਸੰਬੋਧਨ ਕਰਦਿਆਂ ਸੁਭਾਸ਼ ਬਿੱਟੂ, ਪ੍ਰੋ: ਅੱਛਰੂ ਸਿੰਘ, ਜਸਵਿੰਦਰ ਕੌਰ ਗੱਗੂ ਤੇ ਗੁਰਵਿੰਦਰ ਬਰਾੜ ਨੇ ਪ੍ਰੋ: ਔਲਖ ਦੀ ਲੋਕਾਂ ਦੇ ਕਾਜ ਲਈ ਸਮਰਪਣ ਭਾਵਨਾ ਨੂੰ ਸਲਾਮ ਕਰਦਿਆਂ ਉਨ੍ਹਾਂ ਦੀ ਸਾਹਿਤ ਕਲਾ ਦੇ ਮੋਰਚੇ ‘ਤੇ ਘਾਲੀ ਅਣਥੱਕ ਘਾਲਣਾ ਦੀ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬ ਦੇ ਰੰਗਕਰਮੀਆਂ ਤੇ ਲੋਕ ਜਥੇਬੰਦੀਆਂ ਨੂੰ ਪ੍ਰੋ: ਔਲਖ ਦੇ ਨਾਟਕ ਜਨਤਾ ਤੱਕ ਲੈ ਜਾਣ ਦੇ ਵੱਡੇ ਕਾਰਜ ਲਈ ਹੰਭਲਾ ਜਟਾਉਣ ਦੀ ਅਪੀਲ ਵੀ ਕੀਤੀ ਅਤੇ ਆਏ ਲੋਕਾਂ ਦਾ ਧੰਨਵਾਦ ਕੀਤਾ।
ਐਤਵਾਰ 25 ਜੂਨ ਦੇ ਇਸ ਵਿਲੱਖਣ ਸਮਾਗਮ ‘ਚ ਪ੍ਰੋ: ਔਲਖ ਨੂੰ ਸਰਧਾਂਜਲੀ ਵੱਜੋਂ ਜਾਰੀ ਕੀਤਾ ”ਸਲਾਮ” ਮੈਗਜੀਨ ਦਾ ਅੰਕ ਵੀ ਜਾਰੀ ਕੀਤਾ। ਸਲਾਮ ਦੀ ਕਾਪੀ ਚੋਟੀ ਦੇ ਪੰਜਾਬੀ ਕਹਾਣੀਕਾਰ ਗੁਰਬਚਨ ਭੁੱਲਰ ਨੇ ਸ੍ਰੀਮਤੀ ਮਨਜੀਤ ਔਲਖ ਨੂੰ ਨਾਮਵਰ ਪੰਜਾਬੀ ਸਾਹਿਤਕਾਰਾਂ ਤੇ ਸਲਾਮ ਕਾਫਲਾ ਆਗੂਆਂ ਦੀ ਹਾਜਰੀ ‘ਚ ਭੇਂਟ ਕੀਤੀ। ਸਲਾਮ ਕਾਫਲੇ ਵੱਲੋਂ ਦੋ ਵਰ੍ਹੇ ਪਹਿਲਾਂ ਪ੍ਰੋ: ਔਲਖ ਨੂੰ ਵਿਸ਼ਾਲ ਜਨਤਕ ਇਕੱਠ ‘ਚ ਭਾਈ ਲਾਲੋ ਕਲਾ ਸਨਮਾਨ ਨਾਲ ਸਨਮਾਨਿਆ ਗਿਆ ਸੀ। ਉਨ੍ਹਾਂ ਬਾਰੇ ਇਹ ਸਲਾਮ ਦਾ ਤੀਸਰਾ ਅੰਕ ਸੀ।
ਸਰਧਾਂਜਲੀ ਸਮਾਗਮ ‘ਚ ਚਾਹ ਤੇ ਰੋਟੀ ਦੇ ਲੰਗਰ ਦਾ ਇੰਤਜਾਮ ਭਾਰਤੀ ਕਿਸਾਨ ਯੂਨੀਅਨ ਏਕਤਾ (ਉਰਗਾਹਾਂ) ਵੱਲੋਂ ਕੀਤਾ ਗਿਆ ਸੀ। ਕੜਾਹ ਪ੍ਰਸਾਦ ਤੇ ਮਿੱਠੇ ਚੌਲਾਂ ਦੇ ਲੰਗਰ ਨਾਲ ਕਿਰਤੀਆਂ ਨੇ ਆਪਣੇ ਨਾਟਕਕਾਰ ਲਈ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਵੀ ਕੀਤਾ ਤੇ ਕਿਰਤ, ਕਲਾਂ ਤੇ ਸੰਗਰਾਮਾਂ ਦੀ ਜੋਟੀ ਦਾ ਸੰਦੇਸ਼ ਵੀ ਦਿੱਤਾ।
ਸਮਾਗਮ ਦੌਰਾਨ ਪ੍ਰੋ: ਔਲਖ ਨੂੰ ਸਰਧਾਂਜਲੀ ਵੱਜੋ ਗੀਤਾਂ ਦੀ ਲੜੀ ਚੱਲਦੀ ਰਹੀ ਹੈ, ਜਿਸ ਦਾ ਸਿਖਰ ਸਮਾਗਮ ਦੇ ਅੰਤ ਤੇ ਪੇਸ਼ ਹੋਈ ਕੋਰੀਓਗ੍ਰਾਫੀ ਰਾਹੀਂ ਹੋਇਆ। ਕਿਰਤ, ਕਲਾ ਤੇ ਸੰਗਰਾਮਾਂ ਦੀ ਜੋਟੀ ਉਚੀ ਕਰਨ ਦਾ ਹੋਕਾ ਦੇ ਰਹੇ ਗੀਤ ਨੂੰ ਚੇਤਨਾ ਕਲਾ ਕੇਂਦਰ ਬਰਨਾਲਾ ਤੇ ਲੋਕ ਕਲਾ ਮੰਚ ਮਾਨਸਾ ਦੇ ਕਲਾਕਾਰਾਂ ਨੇ ਸਾਂਝੇ ਤੌਰ ‘ਤੇ ਪੇਸ਼ ਕੀਤਾ। ਪ੍ਰੋ: ਔਲਖ ਦੀਆਂ ਤਿੰਨੇ ਧੀਆਂ ਵੱਲੋਂ ਕੋਰੀਓਗ੍ਰਾਫੀ ਦੌਰਾਨ ਭੂਮਿਕਾ ਅਦਾ ਕਰਕੇ, ਉਹਨਾਂ ਦੇ ਰੰਗਮੰਚ ਦੇ ਸਫਰ ਨੂੰ ਜਾਰੀ ਰੱਖਣ ਦਾ ਐਲਾਨ ਨਿਵੇਕਲੇ ਅੰਦਾਜ ‘ਚ ਕੀਤਾ। ਇਹ ਗੀਤ ਦੋ ਵਰ੍ਹੇ ਪਹਿਲਾਂ ਪ੍ਰੋ: ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਭੇਂਟ ਕਰਨ ਵੇਲੇ ਵਿਸ਼ੇਸ਼ ਤੌਰ ‘ਤੇ ਲਿਖਿਆ ਗਿਆ ਸੀ ਤੇ ਮੰਚ ਤੋਂ ਪੇਸ਼ ਹੋਇਆ ਸੀ।
ਸਮਾਗਮ ਦੇ ਅੰਤ ‘ਤੇ ਇਕ ਵਿਸ਼ਾਲ ਕਾਫਲਾ ਉਨ੍ਹਾਂ ਦੀਆਂ ਅਸਥੀਆਂ ਲੈ ਕੇ, ਉਹਨਾਂ ਦੇ ਜੱਦੀ ਪਿੰਡ ਕਿਸ਼ਨਗੜ੍ਹ ਫਰਵਾਹੀ ਵੱਲ ਰਵਾਨਾ ਹੋਇਆ, ਜਿਥੇ ਪਿੰਡ ਦੇ ਲੋਕਾਂ ਵੱਲੋਂ ਕਾਫਲੇ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪਿੰਡ ਦੇ ਸਕੂਲ ‘ਚ ਹੋਏ ਸੰਖੇਪ ਸਮਾਗਮ ਮਗਰੋਂ ਅਸਥੀਆਂ ਪਿੰਡ ਕੋਲੋਂ ਲੰਘਦੀ ਨਹਿਰ ‘ਚ ਜਲ ਪ੍ਰਵਾਹ ਕੀਤੀਆਂ ਗਈਆਂ।