ਬਰਤਾਨੀਆ ਦੇ ਸਿੱਖ ਚੈਨਲ ਕੇਟੀਵੀ ਨੂੰ ਸਿੱਖ ਸੰਘਰਸ਼ ਸਬੰਧੀ ਪ੍ਰੋਗਰਾਮ ਚਲਾਉਣ ਕਰਕੇ 50000 ਯੂਰੋ ਦਾ ਜ਼ੁਰਮਾਨਾ

ਬਰਤਾਨੀਆ ਦੇ ਸਿੱਖ ਚੈਨਲ ਕੇਟੀਵੀ ਨੂੰ ਸਿੱਖ ਸੰਘਰਸ਼ ਸਬੰਧੀ ਪ੍ਰੋਗਰਾਮ ਚਲਾਉਣ ਕਰਕੇ 50000 ਯੂਰੋ ਦਾ ਜ਼ੁਰਮਾਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਰਤਾਨੀਆ ਦੇ ਸਿੱਖ ਚੈਨਲ ਕੇਟੀਵੀ ਯੂਕੇ 'ਤੇ ਬਰਤਾਨੀਆ ਦੀ ਟੀਵੀ ਨਿਯਮਾਂ ਦੀ ਨਿਗਰਾਨੀ ਰੱਖਣ ਵਾਲੀ ਸੰਸਥਾ ਆਫਕਾਮ ਨੇ 50,000 ਯੂਰੋ ਦਾ ਜ਼ੁਰਮਾਨਾ ਲਾਇਆ ਹੈ। ਕੇਟੀਵੀ ਜਾਂ ਕਹਿ ਲਈਏ ਖਾਲਸਾ ਟੀਵੀ 'ਤੇ ਇਹ ਜ਼ੁਰਮਾਨਾ ਸਿੱਖ ਸੰਘਰਸ਼ ਨਾਲ ਸਬੰਧਤ ਇਕ ਸੰਗੀਤ ਵੀਡੀਓ ਚਲਾਉਣ ਅਤੇ ਪੰਥਕ ਮਸਲੇ ਨਾਮੀਂ ਇਕ ਵਿਚਾਰ ਚਰਚਾ ਪ੍ਰੋਗਰਾਮ ਦੌਰਾਨ ਕੀਤੀ ਗਈ ਗੱਲਬਾਤ ਦੇ ਅਧਾਰ 'ਤੇ ਲਾਇਆ ਗਿਆ ਹੈ। 

ਬਰਤਾਨੀਆਂ ਸਰਕਾਰ ਦੁਆਰਾ ਮਨਜ਼ੂਰ ਮੀਡੀਆ ਰੈਗੂਲੇਟਰੀ ਅਥਾਰਟੀ 'ਕਮਿਊਨੀਕੇਸ਼ਨਜ਼ ਆਫਿਸ' (ਔਫਕਾਮ) ਨੇ ਆਪਣੀ ਜਾਂਚ ਵਿਚ ਪਾਇਆ ਕਿ ਜੁਲਾਈ 2018 ਵਿਚ ਚੈਨਲ 'ਤੇ ਇਕ ਸੰਗੀਤ ਵੀਡੀਓ ਚਲਾਇਆ ਗਿਆ ਸੀ ਜੋ ਅਜ਼ਾਦ ਸਿੱਖ ਰਾਜ ਲਈ ਹਥਿਆਰਬੰਦ ਸੰਘਰਸ਼ ਕਰਨ ਵਾਲੀ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫਰੰਟ ਬਾਰੇ ਸੀ। ਦੱਸ ਦਈਏ ਕਿ ਇਹ ਗੀਤ 'ਬੱਗਾ ਅਤੇ ਸ਼ੇਰਾ' ਸੀ ਜੋ ਭਾਰਤੀ ਜੇਲ੍ਹ ਵਿਚ ਬੰਦ ਦੋ ਜੁਝਾਰੂ ਸਿੱਖ ਨੌਜਵਾਨਾਂ ਦੀ ਸਿਫਤ ਵਿਚ ਗਾਇਆ ਗਿਆ ਹੈ। ਔਫਕਾਮ ਨੇ ਆਪਣੀ ਜਾਂਚ ਵਿਚ ਕਿਹਾ ਕਿ ਇਹ ਗੀਤ ਅਸਿੱਧੇ ਰੂਪ ਵਿਚ ਬਰਤਾਨੀਆ ਰਹਿੰਦੇ ਸਿੱਖਾਂ ਨੂੰ ਹਿੰਸਕ ਕਾਰਵਾਈਆਂ ਲਈ ਪ੍ਰੇਰਦਾ ਹੈ। ਔਫਕਾਮ ਨੇ ਇਸ ਗੀਤ 'ਤੇ 20,000 ਯੂਰੋ ਦਾ ਜ਼ੁਰਮਾਨਾ ਕੀਤਾ ਹੈ।

ਇਸ ਗੀਤ ਤੋਂ ਇਲਾਵਾ ਜਿਹੜੀ ਵਿਚਾਰ ਚਰਚਾ 'ਤੇ ਜ਼ੁਰਮਾਨਾ ਕੀਤਾ ਗਿਆ ਹੈ ਉਹ ਚੈਨਲ 'ਤੇ 30 ਮਾਰਚ, 2019 ਨੂੰ ਚਲਾਈ ਗਈ ਸੀ। ਔਫਕਾਮ ਨੇ ਆਪਣੀ ਜਾਂਚ ਵਿਚ ਕਿਹਾ ਕਿ ਇਸ ਵਿਚਾਰ ਚਰਚਾ ਦੇ ਪਲੈਟਫਾਰਮ ਤੋਂ ਹਿੰਸਕ ਕਾਰਵਾਈ ਲਈ ਭੜਕਾਇਆ ਗਿਆ ਅਤੇ ਇਸ ਵਿਚ ਬੱਬਰ ਖਾਲਸਾ ਜਥੇਬੰਦੀ ਦਾ ਹਵਾਲਾ ਦਿੰਦਿਆਂ ਉਸ ਦੀ ਵਕਾਲਤ ਕੀਤੀ ਗਈ। ਇਸ ਵਿਚਾਰ ਚਰਚਾ ਲਈ ਚੈਨਲ 'ਤੇ 30,000 ਯੂਰੋ ਦਾ ਜ਼ੁਰਮਾਨਾ ਲਾਇਆ ਗਿਆ ਹੈ। 

ਦੱਸ ਦਈਏ ਕਿ ਕੇਟੀਵੀ ਦੇ ਯੂਟਿਊਬ ਅਤੇ ਫੇਸਬੁੱਕ ਖਾਤਿਆਂ ਨੂੰ ਭਾਰਤ ਸਰਕਾਰ ਨੇ ਕਈ ਵਾਰ ਬੰਦ ਕੀਤਾ ਹੈ। ਕੇਟੀਵੀ ਦੇ ਪੱਤਰਕਾਰ ਜਸਬੀਰ ਸਿੰਘ ਨੂੰ ਕੁਝ ਦਿਨ ਪਹਿਲਾਂ ਭਾਰਤ ਦੀ ਜਾਂਚ ਅਜੈਂਸੀ ਐਨਆਈਏ ਵੱਲੋਂ ਇਕ ਮਾਮਲੇ 'ਚ ਜਾਂਚ ਸੰਮਨ ਵੀ ਭੇਜੇ ਗਏ ਸਨ। ਕੇਟੀਵੀ ਭਾਰਤ ਵਿਚ ਵਾਪਰਦੀਆਂ ਘਟਨਾਵਾਂ ਦੀ ਨਿਰਪੱਖ ਪੱਤਰਕਾਰੀ ਲਈ ਜਾਣਿਆ ਜਾਂਦਾ ਹੈ ਅਤੇ ਸਰਕਾਰ ਦੀਆਂ ਨੀਤੀਆਂ ਖਿਲਾਫ ਖੁੱਲ੍ਹ ਕੇ ਅਵਾਜ਼ ਚੁੱਕਦਾ ਹੈ।