ਸਦਾ ਸੁਲਗਦੀਆਂ ਸਰਹੱਦਾਂ
ਇੱਕ ਤੋਂ ਦੋ ਬਣੇ ਗੁਆਂਢੀ ਮੁਲਕਾਂ ਵਿਚਲੀ ਅਮੁੱਕ ਲੜਾਈ
ਆਪਣੇ ਅੰਗਰੇਜ਼ ਸ਼ਾਸ਼ਕਾਂ ਦੀ ਰਾਜਸੀ ਗੁਲਾਮੀ ਦੀ ਜਕੜ ‘ਚੋਂ ਆਜ਼ਾਦ ਹੋਣ ਲਈ ਇੱਕ ਮੁਲਕ ਵਜੋਂ ਲੜਣ ਬਾਅਦ ਦੋ ਮੁਲਕ ਬਣੇ ਭਾਰਤ ਅਤੇ ਪਾਕਿਸਤਾਨ ਦੀ ਆਪਸੀ ਦੁਸ਼ਮਣੀ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ। ਸਾਂਝੀ ਸਰਹੱਦ ਉੱਤੇ ਹਿੰਸਕ ਝੜਪਾਂ ਦੇ ਰੂਪ ਵਿੱਚ ਵਾਪਰਦੀਆਂ ਦੁਖਦਾਈ ਘਟਨਾਵਾਂ ਅਤੇ ਫੌਜੀਆਂ ਦੀਆਂ ਸ਼ਹਾਦਤਾਂ ਦੇ ਵਰਤਾਰੇ ਦਾ ਮੂਲ ਕਾਰਨ ਦੇਸ਼ ਦੀ ਵਰ੍ਹਿਆਂ ਪਹਿਲਾਂ ਹੋਈ ਵੰਡ ਹੈ। ਭਾਵੇਂ ਦੋਵੇਂ ਮੁਲਕ ਅਜਿਹੀ ਜਾਨ ਲੇਵਾ ਹਿੰਸਾ ਲਈ ਅਕਸਰ ਦੂਜੀ ਧਿਰ ਨੂੰ ਜ਼ੁੰਮੇਵਾਰ ਗਰਦਾਨਦੇ ਹਨ ਪਰ ਇਸ ਪਿੱਛੇ ਕਿਹੜੀਆਂ ਤਾਕਤਾਂ ਅਤੇ ਕਈ ਵਾਰ ਏਜੰਸੀਆਂ ਕੰਮ ਕਰ ਰਹੀਆਂ ਹੁੰਦੀਆਂ ਹਨ, ਉਸ ਬਾਰੇ ਸਪਸ਼ਟ ਰੂਪ ਵਿੱਚ ਸਮਝਣਾ/ਕਹਿਣਾ ਇੰਨਾ ਸੌਖਾ ਨਹੀਂ ਹੁੰਦਾ। ਸਿੱਟੇ ਵਜੋਂ ਨਾ ਕੋਈ ਕਬੂਲ ਕਰਦਾ ਹੈ ਤੇ ਨਾ ਕੋਈ ਹੱਲ ਨਿਕਲਦਾ ਹੈ। ਇਸ ਹਫ਼ਤੇ ਜੰਮੂ ਦੇ ਪੁਣਛ ਖੇਤਰ ਵਿੱਚ ਭਾਰਤੀ ਚੌਕੀ ਉੱਤੇ ਸਰਹੱਦ ਪਾਰੋਂ ਹੋਏ ਹਮਲੇ ਅਤੇ ਦੋ ਜਵਾਨਾਂ ਦੇ ਸ਼ਹੀਦ ਹੋਣ ਦੀ ਤਾਜ਼ਾ ਵਾਰਦਾਤ ਦਾ ਪਿਛੋਕੜ ਵਰ੍ਹਿਆਂ ਪੁਰਾਣਾ ਹੈ। ਅਸਲ ਵਿੱਚ ਸੰਨ 1947 ਦੀ ਦੁਖਦਾਈ ਵੰਡ ਨਾਲ ਭਾਰਤ ਅਤੇ ਪਾਕਿਸਤਾਨ ਵਜੋਂ ਦੋ ਵੱਖਰੇ ਮੁਲਕਾਂ ਵਜੋਂ ਹੋਂਦ ‘ਚ ਆਉਣ ਬਾਅਦ ਦੋਵਾਂ ਵਿਚਾਲੇ ਦੁਸ਼ਮਣੀ ਦਾ ਇਤਿਹਾਸ ਬੜੀਆਂ ਕੌੜੀਆਂ ਯਾਦਾਂ ਨਾਲ ਭਰਿਆ ਹੋਇਆ ਹੈ। ਸਦੀਆਂ ਤੋਂ ਇੱਕ ਰਹੇ ਭਾਈਚਾਰਿਆਂ ਵਿਚਾਲੇ ਵੰਡ ਮੌਕੇ ਅਮਾਨਵੀ ਹਿੰਸਾ ਉਸ ਤੋਂ ਬਾਅਦ ਮੌਕਾ ਬੇਮੌਕਾ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਟਕਰਾਅ ਵਜੋਂ ਉਭਰ ਕੇ ਸਾਹਮਣੇ ਆਉਂਦੀ ਰਹਿੰਦੀ ਹੈ। ਵੰਡ ਮੌਕੇ ਕਸ਼ਮੀਰ ਨੂੰ ਆਪੋ ਆਪਣੇ ਕਬਜ਼ੇ ਵਿੱਚ ਲੈਣ ਮੌਕੇ ਹੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿੱਚ ਵੱਡੀ ਲੜਾਈ ਲਗਦੀ ਲਗਦੀ ਮਸਾਂ ਟਲੀ। ਪਰ ਇਨ੍ਹਾਂ ਕੋਸ਼ਿਸ਼ਾਂ ਨੇ ਕਸ਼ਮੀਰ ਦੇ ਅਜਿਹੇ ਦੋ ਟੁਕੜੇ ਕੀਤੇ ਕਿ ਇਸ ਕਾਰਵਾਈ ਨੇ ਕਸ਼ਮੀਰੀ ਲੋਕਾਂ ਨੂੰ ਬਲਦੀ ਦੇ ਬੁਥੇ ਧੱਕ ਦਿੱਤਾ। ਭਾਰਤ ਤੇ ਪਾਕਿਸਤਾਨ ਵਿਚਾਲੇ ਸੰਨ 1965, 1971 ਅਤੇ ਫਿਰ ਕਾਰਗਿਲ ਯੁੱਧਾਂ ਨੇ ਸਿਰਫ਼ ਕਸ਼ਮੀਰ ਦੇ ਨਹੀਂ ਬਲਕਿ ਦੋਵਾਂ ਮੁਲਕਾਂ ਦੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਭਾਵੇਂ ਇਸ ਅਮੁੱਕ ਲੜਾਈ ਦਾ ਮੂਲ ਕਾਰਨ ਕਸ਼ਮੀਰ ਹੀ ਹੈ, ਵੈਸੇ ਦੋਵਾਂ ਮੁਲਕਾਂ ਵਿਚਾਲੇ ਧਾਰਮਿਕ ਵਖਰੇਂਵਾਂ ਇਸ ਤਣਾਅ ਨੂੰ ਹੋਰ ਵਧਾਉਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਸਾਂਝੇ ਭਾਰਤ ਦੀ ਵੰਡ ਅਸਲ ਵਿੱਚ ਦੋ ਵੱਡੇ ਧਾਰਮਿਕ ਫਿਰਕਿਆਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਇਤਿਹਾਸਕ ਵਿਰੋਧ ਦਾ ਸਿੱਟਾ ਸੀ। ਭਾਵੇਂ ਧਾਰਮਿਕ ਅਤੇ ਸਭਿਆਚਾਰਕ ਤੌਰ ਉੱਤੇ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਇਲਾਵਾ ਸਿੱਖ, ਈਸਾਈ, ਬੋਧੀ, ਜੈਨੀ ਅਤੇ ਹੋਰ ਛੋਟੇ ਮੋਟੇ ਭਾਈਚਾਰਿਆਂ ਦੀ ਵੀ ਸਾਂਝੇ ਮੁਲਕ ਵਿੱਚ ਤਕੜੀ ਹੋਂਦ ਸੀ ਪਰ ਦੋਵਾਂ ਵੱਡੇ ਧਾਰਮਿਕ ਭਾਈਚਾਰਿਆਂ ਵਿਚਲਾ ਪਾੜਾ ਇੰਨਾ ਸਪਸ਼ਟ ਸੀ ਕਿ ਇਕੱਠਿਆਂ ਰਹਿਣਾ ਅਸੰਭਵ ਸੀ। ਅੰਗਰੇਜ਼ਾਂ ਨੇ ਜਿਸ ਆਧਾਰ ਉੱਤੇ ਵੰਡ ਦੀ ਲਕੀਰ ਵਾਹੀ ਉਸ ਨਾਲ ਪੰਜਾਬ ਅਤੇ ਬੰਗਾਲ ਦੇ ਟੋਟੇ ਕਾਨੂੰਨਨ ਕੀਤੇ ਗਏ ਅਤੇ ਕਸ਼ਮੀਰ ਦੀ ਦੋਵਾਂ ਧਿਰਾਂ ਨੇ ‘ਬਾਂਦਰ ਵੰਡ’ ਕਰ ਲਈ। ਭਾਰਤ ਵਿਚਲਾ ਹਿੱਸਾ ਜੰਮੂ ਕਸ਼ਮੀਰ ਵਜੋਂ ਜਾਣਿਆ ਜਾਣ ਲੱਗਾ। ਜਦੋਂ ਕਿ ਪਾਕਿਸਤਾਨ ਵਾਲੇ ਪਾਸੇ ਹਿੱਸੇ ਨੂੰ ਇਸਲਾਮਾਬਾਦ ਸਰਕਾਰ ‘ਆਜ਼ਾਦ’ ਕਸ਼ਮੀਰ ਅਤੇ ਦਿੱਲੀ ਸਰਕਾਰ ‘ਮਕਬੂਜ਼ਾ’ ਕਸ਼ਮੀਰ ਭਾਵ ਦੁਸ਼ਮਣ ਦੇ ਕਬਜ਼ੇ ਹੇਠਲਾ ਕਸ਼ਮੀਰ ਕਹਿੰਦੀ ਹੈ। ਭਾਰਤ ਅਪਣੇ ‘ਅਟੁੱਟ ਅੰਗ’ ਕਸ਼ਮੀਰ ਦੇ ਪਾਕਿਸਤਾਨ ਹੇਠਲੇ ਹਿੱਸੇ ਨੂੰ ਆਜ਼ਾਦ ਕਰਵਾ ਕੇ ਸਮੁੱਚੇ ਕਸ਼ਮੀਰ ਨੂੰ ਇਕੱਠਾ ਕਰਨ ਲਈ ਲਗਾਤਾਰ ਯਤਨਸ਼ੀਲ ਅਤੇ ਕੌਮਾਂਤਰੀ ਪਲੇਟਫਾਰਮਾਂ ਉੱਤੇ ਜਦੋਜ਼ਹਿਦ ਕਰਦਾ ਆ ਰਿਹਾ ਹੈ। ਉਧਰ ਪਾਕਿਸਤਾਨ ਯੂ.ਐਨ.ਓ. ਤੋਂ ਲੈ ਕੇ ਹਰ ਥਾਂ ਆਪਣਾ ਸਟੈਂਡ ਦੁਹਰਾਉਂਦਾ ਹੈ ਕਿ ਭਾਰਤ ਨੇ ਫੌਜੀ ਤਾਕਤ ਦੇ ਜ਼ੋਰ ਕਸ਼ਮੀਰ ਦੀ ਧਰਤੀ ਅਤੇ ਲੋਕਾਂ ਨੂੰ ‘ਗੁਲਾਮ’ ਬਣਾ ਕੇ ਰੱਖਿਆ ਹੈ। ਉਸ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਦੋਵਾਂ ਹਿੱਸਿਆਂ ਦਾ ‘ਆਜ਼ਾਦ ਕਸ਼ਮੀਰ’ ਹੀ ਮਸਲੇ ਦਾ ਅਸਲ ਹੱਲ ਹੈ। ਪਿਛਲੇ 7 ਦਹਾਕਿਆਂ ਤੋਂ ਸਰਹੱਦ ਦੇ ਦੋਵੀਂ ਪਾਸੀਂ ਵਸਦੇ ਕਸ਼ਮੀਰੀ ਲੋਕਾਂ ਨੂੰ ਜਿਨ੍ਹਾਂ ਮੁਸ਼ਕਲਾਂ, ਜ਼ਿਲਤ, ਪੱਖਪਾਤ ਅਤੇ ਹਕੂਮਤੀ ਵਧੀਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਕਿਸੇ ਤੋਂ ਛੁਪੀਆਂ ਨਹੀਂ। ਪਰ ਇਸ ਸਭ ਕੁਝ ਦਾ ਪ੍ਰਤੀਕਰਮ ਅਤੇ ਪ੍ਰਗਟਾ ਭਾਰਤ-ਪਾਕਿ ਸਰਹੱਦ ਉੱਤੇ ਸਮੇਂ ਸਮੇਂ ਦੋਵਾਂ ਮੁਲਕਾਂ ਦੇ ਫੌਜੀ ਜਵਾਨਾਂ ਅਤੇ ਆਮ ਨਾਗਰਿਕਾਂ ਦੀ ਜਾਨ ਲੈਣ ਵਾਲੇ ਹਿੰਸਕ ਟਕਰਾਅ ਦੇ ਰੂਪ ਵਿੱਚ ਸਾਹਮਣੇ ਆਉਂਦਾ ਅਤੇ ਵੇਖਿਆ ਜਾ ਸਕਦਾ ਹੈ। ਕਸ਼ਮੀਰ ਦੀ ‘ਆਜ਼ਾਦੀ’ ਦੀ ਲੜਾਈ ਲੜਣ ਵਾਲੇ ਕਸ਼ਮੀਰੀ ਗਰੁੱਪਾਂ ਵਲੋਂ ਸਰਹੱਦ ਪਾਰੋਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਸਤੇ ਪਾਕਿਸਤਾਨ ਦੀ ਮਦਦ ਲੈਣ ਦੇ ਚਰਚੇ ਕਿਸੇ ਤੋਂ ਛੁਪੇ ਨਹੀਂ। ਜੰਮੂ- ਕਸ਼ਮੀਰ ਵਿੱਚ ਸਮੇਂ ਸਮੇਂ ਲੋਕਰਾਜੀ ਸਰਕਾਰਾਂ ਕਾਇਮ ਹੋਣ ਦੇ ਬਾਵਜੂਦ ਭਾਰਤ ਸਰਕਾਰ ਕਸ਼ਮੀਰੀਆਂ ਦੇ ਦਿਲ ਜਿੱਤਣ ਵਿੱਚ ਨਾਕਾਮ ਰਹੀ ਹੈ। ਪਹਾੜਾਂ ਦੀ ਗੋਦ ਵਿਚਲੀ ਦੁਨੀਆ ਦੀ ਸਭ ਤੋਂ ਹੁਸੀਨ ਸਮਝੀ ਜਾਂਦੀ ‘ਕਸ਼ਮੀਰ ਵਾਦੀ’ ਵਰ੍ਹਿਆਂ ਤੋਂ ਅਮੁੱਕ ਹਿੰਸਾ ਦਾ ਸ਼ਿਕਾਰ ਚਲੇ ਆਉਣ ਦਾ ਕਾਰਨ ਵੀ ‘ਦਿੱਲੀ ਸਰਕਾਰ’ ਦੇ ਵਾਅਦਿਆਂ ਅਤੇ ਇਰਾਦਿਆਂ ਤੋਂ ਕਸ਼ਮੀਰ ਦੇ ਆਮ ਲੋਕਾਂ ਦਾ ਵਿਸ਼ਵਾਸ ਦਿਨੋਂ ਦਿਨ ਉਠਦੇ ਜਾਣਾ ਹੈ। ਦਿੱਲੀ ਵਿਚਲੀਆਂ ਕਾਂਗਰਸੀ ਅਤੇ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ‘ਗੱਲਬਾਤ’ ਰਾਹੀਂ ਮਸਲੇ ਦੇ ਹੱਲ ਲਈ ਜਿਹੜੇ ਵੀ ਯਤਨ ਕੀਤੇ ਹਨ, ਉਨ੍ਹਾਂ ਦੇ ਸਾਰਥਕ ਨਤੀਜੇ ਤਾਂ ਕੀ ਨਿਕਲਣੇ ਸਨ, ਸਗੋਂ ਸਰਕਾਰ ਅਤੇ ਸੰਘਰਸ਼ ਕਰ ਰਹੀਆਂ ਧਿਰਾਂ ਵਿਚਾਲੇ ਅੱਗੋਂ ਸੰਵਾਦ ਦੇ ਦਰ ਹੋਰ ਭੀੜੇ ਹੁੰਦੇ ਜਾ ਰਹੇ ਹਨ। ਦੂਜੇ ਪਾਸੇ ਸਰਹੱਦ ਉੱਤੇ ਭਾਰਤੀ ਦੀਆਂ ਫੌਜੀ ਚੌਕੀਆਂ ਉੱਤੇ ਹਮਲੇ ਅਤੇ ਫੌਜੀ ਜਵਾਨਾਂ ਨੂੰ ਸ਼ਹੀਦ ਕਰਨ ਨਾਲ ਕਸ਼ਮੀਰੀ ਲੋਕਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਸ਼ਮੀਰ ਮਸਲੇ ਦਾ ਹੱਲ ਭਾਵੇਂ ਇੰਨਾ ਸੌਖਾ ਨਜ਼ਰ ਨਹੀਂ ਆਉਂਦਾ ਪਰ ਇਸ ਸਬੰਧੀ ਕੀਤੇ ਕਹੇ ਜਾਂਦੇ ਯਤਨਾਂ ਵਿਚਲੀ ਦੂਰਅੰਦੇਸ਼ੀ ਅਤੇ ਸੁਹਿਰਦਤਾ ਉੱਤੇ ਕਸ਼ਮੀਰੀ ਲੋਕਾਂ ਦੀ ਬੇਯਕੀਨੀ ਵੀ ਬੇਮਾਅਨੀ ਨਹੀਂ। ਖ਼ਾਸ ਕਰ ਜੰਮੂ-ਕਸ਼ਮੀਰ ਵਿੱਚ ਪਿਛਲੀਆਂ ਵਿਧਾਨ ਸਭਾਈ ਚੋਣਾਂ, ਜਿਨ੍ਹਾਂ ‘ਚ ਲੋਕਾਂ ਦੀ ਸ਼ਮੂਲੀਅਤ ਭਰਵੀਂ ਸੀ, ਬਾਅਦ ਪੀਡੀਪੀ ਅਤੇ ਭਾਜਪਾ ਵਾਲੀ ਸਰਕਾਰ ਦੀਆਂ ਕਾਰਵਾਈਆਂ ਨੇ ਕਸ਼ਮੀਰੀਆਂ ਵਿੱਚ ਨਰਿੰਦਰ ਮੋਦੀ ਦੇ ਨਾਲ ਨਾਲ ਮਹਿਬੂਬਾ ਮੁਫ਼ਤੀ ਦੀ ਜਿਹੜੀ ਭੋਰਾ ਕੁ ਭਰੋਸੇਯੋਗਤਾ ਸੀ, ਉਹ ਵੀ ਖ਼ਤਮ ਕਰਕੇ ਰੱਖ ਦਿੱਤੀ ਹੈ। ਫੌਜੀ ਜਵਾਨਾਂ ਦੇ ਮਾਰੇ ਜਾਣ ਨਾਲ ਉਨ੍ਹਾਂ ਦੇ ਪਰਿਵਾਰਾਂ ਉੱਤੇ ਢਹਿੰਦੇ ਮੁਸੀਬਤਾਂ ਦੇ ਪਹਾੜਾਂ ਅਤੇ ਕਸ਼ਮੀਰੀ ਆਵਾਮ ਨੂੰ ਲਗਾਤਾਰ ਝੱਲਣੇ ਪੈ ਰਹੇ ਹਕੂਮਤੀ ਜ਼ੁਲਮਾਂ ਦੇ ਖਾਤਮੇ ਲਈ ਦੋਵਾਂ ਮੁਲਕਾਂ ਨੂੰ ਸੰਕੀਰਣ ਪਹੁੰਚ ਤੋਂ ਉਪਰ ਉੱਠ ਕੇ ਗੰਭੀਰਤਾ ਨਾਲ ਸੋਚਣਾ ਅਤੇ ਅਮਲੀ ਕਾਰਵਾਈ ਕਰਨੀ ਹੋਵੇਗੀ।
Comments (0)