ਇਰਾਨ ਨਾਲ ਸਬੰਧਾਂ ਕਾਰਨ ਸਾਊਦੀ ਅਰਬ ਸਮੇਤ ਚਾਰ ਮੁਲਕਾਂ ਵਲੋਂ ਕਤਰ ਨਾਲੋਂ ਕੂਟਨੀਤਕ ਰਿਸ਼ਤੇ ਖ਼ਤਮ
ਦੁਬਈ/ਬਿਊਰੋ ਨਿਊਜ਼ :
ਸਾਊਦੀ ਅਰਬ, ਮਿਸਰ, ਬਹਿਰੀਨ ਤੇ ਸੰਯੁਕਤ ਅਰਬ ਅਮੀਰਾਤ ਨੇ ਐਲਾਨ ਕੀਤਾ ਕਿ ਉਹ ਕਤਰ ਨਾਲ ਆਪਣੇ ਕੂਟਨੀਤਕ ਰਿਸ਼ਤੇ ਤੋੜ ਰਹੇ ਹਨ। ਉਨ੍ਹਾਂ ਇਸ ਖਾੜੀ ਦੇਸ਼ ‘ਤੇ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਅਤੇ ਇਰਾਨ ਨਾਲ ਰਿਸ਼ਤੇ ਰੱਖਣ ਦਾ ਦੋਸ਼ ਲਾਇਆ ਜਿਸ ਕਾਰਨ ਖਾੜੀ ਅਰਬ ਦੇਸ਼ਾਂ ਦਾ ਆਪਸੀ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਬਹਿਰੀਨ, ਮਿਸਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਕੂਟਨੀਤਕ ਅਧਿਕਾਰੀਆ ਨੂੰ ਕਤਰ ਤੋਂ ਵਾਪਸ ਬੁਲਾ ਲੈਣਗੇ। ਜ਼ਿਕਰਯੋਗ ਹੈ ਕਿ ਕਤਰ ਕੁਦਰਤੀ ਗੈਸ ਭਰਪੂਰ ਦੇਸ਼ ਹੈ ਅਤੇ ਇਥੇ ਸਾਲ 2022 ਵਿਚ ਫੀਫਾ ਵਿਸ਼ਵ ਕੱਪ ਵੀ ਹੋਣਾ ਹੈ। ਸਾਊਦੀ ਅਰਬ ਨੇ ਇਹ ਵੀ ਕਿਹਾ ਹੈ ਕਿ ਯਮਨ ਵਿਚ ਚੱਲ ਰਹੇ ਯੁੱਧ ਵਿਚੋਂ ਕਤਰੀ ਫ਼ੌਜ ਨੂੰ ਵਾਪਸ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ ਇਹ ਦੇਸ਼ ਆਪਣੇ ਖੇਤਰਾਂ ਵਿਚੋਂ ਕਤਰ ਦੇ ਕੂਟਨੀਤਕ ਅਧਿਕਾਰੀਆਂ ਨੂੰ ਬਾਹਰ ਕੱਢ ਰਹੇ ਹਨ। ਇਸ ਤੋਂ ਪਹਿਲਾਂ ਕਤਰ ਨੇ ਅੱਤਵਾਦੀਆਂ ਨੂੰ ਪੈਸਾ ਦੇਣ ਸਬੰਧੀ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਇਹ ਚਾਰੇ ਦੇਸ਼ ਕਤਰ ਨਾਲ ਜ਼ਮੀਨੀ, ਹਵਾਈ ਅਤੇ ਸਮੁੰਦਰੀ ਆਵਾਜਾਈ ਵੀ ਬੰਦ ਕਰਨ ਦੀ ਯੋਜਨਾ ਬਣਾ ਰਹੇ ਹਨ। ਆਊਦੀ ਅਰਬ ਨੇ ਕਿਹਾ ਹੈ ਕਿ ਉਹ ਕਤਰ ਨਾਲ ਜ਼ਮੀਨੀ ਸਰਹੱਦ ਨੂੰ ਵੀ ਸੀਲ ਕਰ ਦੇਵੇਗਾ। ਉਧਰ ਖੇਤਰ ਦੀ ਸਭ ਤੋਂ ਵੱਡੀ ਹਵਾਈ ਸੇਵਾ ਕਤਰ ਏਅਰਵੇਜ਼ ਨੇ ਆਪਣੀ ਅਧਿਕਾਰਕ ਵੈੱਬਸਾਈਟ ‘ਤੇ ਸਾਊਦੀ ਅਰਬ ਨੂੰ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ 27 ਮਈ ਨੂੰ ਕਤਰ ਦੇ ਸ਼ਾਸਕ ਅਮੀਰ ਤਮੀਮ ਬਿਨ ਹਮਾਦ ਅਲ ਥਾਨੀ ਨੇ ਇਰਾਨੀ ਰਾਸ਼ਟਰਪਤੀ ਹਸਨ ਰੁਹਾਨੀ ਨੂੰ ਉਨ੍ਹਾਂ ਦੀ ਦੁਬਾਰਾ ਚੋਣ ‘ਤੇ ਵਧਾਈ ਦੇਣ ਲਈ ਉਨ੍ਹਾਂ ਨੂੰ ਫ਼ੋਨ ਕੀਤਾ ਸੀ। ਇਹ ਫ਼ੋਨ ਸ਼ੀਆ ਸ਼ਾਸਿਤ ਦੇਸ਼ ਖ਼ਿਲਾਫ਼ ਕਤਰ ਨੂੰ ਆਪਣੀ ਸਥਿਤੀ ਅਨੁਸਾਰ ਲਿਆਉਣ ਦੀਆਂ ਸਾਊਦੀ ਅਰਬ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਸੀ, ਜਿਸ ਨੂੰ ਸੁੰਨੀ ਸ਼ਾਸਤ ਸਾਊਦੀ ਅਰਬ ਆਪਣਾ ਨੰਬਰ ਇਕ ਦੁਸ਼ਮਣ ਮੰਨਦਾ ਹੈ ਤੇ ਖੇਤਰ ਦੀ ਸਥਿਰਤਾ ਲਈ ਖਤਰੇ ਦੇ ਤੌਰ ‘ਤੇ ਦੇਖਦਾ ਹੈ। ਕਤਰ ਇਸਲਾਮਿਕ ਗਣਰਾਜ ਇਰਾਨ ਦੇ ਨਾਲ ਵਿਸ਼ਾਲ ਤਟੀ ਗੈਸ ਖੇਤਰ ਸਾਂਝਾ ਕਰਦਾ ਹੈ। ਕਤਰ ‘ਚ ਅਲ-ਉਦੇਡ ਏਅਰ ਬੇਸ ਸਥਿਤ ਹੈ ਜੋ ਕਿ ਅਮਰੀਕੀ ਫ਼ੌਜ ਦੀ ਕੇਂਦਰੀ ਕਮਾਂਡ ਦਾ ਘਰ ਹੈ ਅਤੇ ਇਥੇ ਕਰੀਬ 10 ਹਜ਼ਾਰ ਅਮਰੀਕੀ ਫ਼ੌਜ ਰਹਿੰਦੇ ਹਨ। ਇਹ ਅਜੇ ਸਪਸ਼ਟ ਨਹੀਂ ਹੈ ਕਿ ਇਸ ਫ਼ੈਸਲੇ ਨਾਲ ਅਮਰੀਕੀ ਆਪ੍ਰੇਸ਼ਨ ਪ੍ਰਭਾਵਤ ਹੋਣਗੇ ਜਾਂ ਨਹੀਂ। ਸਾਊਦੀ ਅਰਬ ਨੇ ਕਤਰ ‘ਤੇ ਮੁਸਲਿਮ ਬਰਦਰਹੁੱਡ, ਅਲ ਕਾਇਦਾ ਤੇ ਇਸਲਾਮਿਕ ਸਟੇਟ ਸਮੇਤ ਅੱਤਵਾਦੀ ਅਤੇ ਫਿਰਕੂ ਸੰਗਠਨਾਂ ਅਤੇ ਇਰਾਨ ਦਾ ਸਮਰਥਨ ਪ੍ਰਾਪਤ ਸੰਗਠਨਾਂ ਨਾਲ ਸਬੰਧ ਰੱਖਣ ਦੇ ਦੋਸ਼ ਲਾਏ ਹਨ। ਮਿਸਰ ਦੇ ਵਿਦੇਸ਼ ਮੰਤਰਾਲੇ ਨੇ ਵੀ ਕਤਰ ‘ਤੇ ਉਸ ਪ੍ਰਤੀ ਵਿਰੋਧੀ ਨਜ਼ਰੀਆ ਰੱਖਣ ਦਾ ਦੋਸ਼ ਲਾਇਆ ਹੈ। ਇਸੇ ਤਰ੍ਹਾਂ ਬਹਿਰੀਨ ਨੇ ਕਤਰ ‘ਤੇ ਭੜਕਾਊ ਮੀਡੀਆ, ਇਰਾਨੀ ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਕਰਨ ਤੇ ਖੇਤਰ ਵਿਚ ਅਰਾਜਕਤਾ ਫ਼ੈਲਾਉਣ ਦਾ ਦੋਸ਼ ਲਾਇਆ ਹੈ। ਬਹਿਰੀਨੀ ਨੇ ਆਪਣੇ ਨਾਗਰਿਕਾਂ ਨੂੰ 14 ਦਿਨ ਦੇ ਅੰਦਰ ਕਤਰ ਛੱਡਣ ਦਾ ਹੁਕਮ ਦਿੱਤਾ ਹੈ ਜਦੋਂ ਕਿ ਕਤਰ ਦੇ ਕੂਟਨੀਤਕ ਅਧਿਕਾਰੀਆਂ ਨੂੰ 48 ਘੰਟੇ ਅੰਦਰ ਬਹਿਰੀਨ ਛੱਡਣ ਲਈ ਕਿਹਾ ਹੈ।
ਕਤਰ ਵਲੋਂ ਫ਼ੈਸਲੇ ‘ਤੇ ਇਤਰਾਜ਼ :
ਰਿਆਦ : ਚਾਰ ਦੇਸ਼ਾਂ ਵੱਲੋਂ ਆਪਣੇ ਨਾਲ ਰਿਸ਼ਤੇ ਤੋੜਨ ਦੇ ਫ਼ੈਸਲੇ ਦੀ ਆਲੋਚਨਾ ਕਰਦੇ ਹੋਏ ਕਤਰ ਨੇ ਕਿਹਾ ਕਿ ਇਹ ਅਨਿਆਂ ਪੂਰਨ ਹੈ ਅਤੇ ਇਸ ਦਾ ਉਦੇਸ਼ ਦੋਹਾ ਨੂੰ ‘ਰਾਜਨੀਤਕ ਸਰਪ੍ਰਸਤੀ’ ਤਹਿਤ ਲਿਆਉਣਾ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਸਾਊਦੀ ਅਰਬ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਅਤੇ ਮਿਸਰ ਵੱਲੋਂ ਚੁੱਕੇ ਗਏ ਕਦਮ ਸਬੰਧੀ ਕਿਹਾ ਕਿ ਇਹ ਫ਼ੈਸਲਾ ਝੂਠੇ ਤੇ ਬੇਬੁਨਿਆਦ ਦਾਅਵਿਆਂ ‘ਤੇ ਆਧਾਰਿਤ ਹੈ। ਇਹ ਕਤਰ ਦੀ ਇਕ ਦੇਸ਼ ਵਜੋਂ ਪ੍ਰਭੂਸਤਾ ਦੀ ਉਲੰਘਣਾ ਹੈ।
Comments (0)