11 ਹਜ਼ਾਰ ਡਾਲਰ ਤੋਂ ਵੱਧ ਦਾ ਵਿਕਿਆ ਦੋ ਸੌ ਸਾਲ ਪੁਰਾਣੇ ਭਾਰਤੀ ਰੈਸਤਰਾਂ ਦਾ ਮੈਨਿਊ ਕਾਰਡ

11 ਹਜ਼ਾਰ ਡਾਲਰ ਤੋਂ ਵੱਧ ਦਾ ਵਿਕਿਆ ਦੋ ਸੌ ਸਾਲ ਪੁਰਾਣੇ ਭਾਰਤੀ ਰੈਸਤਰਾਂ ਦਾ ਮੈਨਿਊ ਕਾਰਡ
ਭਾਰਤੀ ਰੋਸਤਰਾਂ ਦਾ ਦੋ ਸੌ ਸਾਲ ਪੁਰਾਣਾ ਮੈਨਿਊ ਕਾਰਡ।

ਲੰਡਨ/ਬਿਊਰੋ ਨਿਊਜ਼ :

ਬਰਤਾਨੀਆ ਵਿੱਚ ਅੱਜ ਤੋਂ ਦੋ ਸੌ ਸਾਲ ਤੋਂ ਵੀ ਵੱਧ ਸਮੇਂ ਤੋਂ ਸਥਾਪਤ ਪਹਿਲੇ ਭਾਰਤੀ ਰੈਸਤਰਾਂ ਦੇ ਇਕ ਦੁਰਲੱਭ ਮੈਨਿਊ ਕਾਰਡ ਦੀ ਨਿਲਾਮੀ 11,344 ਅਮਰੀਕੀ ਡਾਲਰ ‘ਚ ਹੋਈ।
‘ਪਾਈਨ-ਐਪਲ ਪੁਲਾਵ’ ਅਤੇ ‘ਚਿਕਨ ਕਰੀ’ ਜਿਹੇ ਪਕਵਾਨ ਇਸ ਰੈਸਤਰਾਂ ਦੀ ਖ਼ਾਸੀਅਤ ਸਨ। ਹਿੰਦੁਸਤਾਨੀ ਡਿਨਰ ਅਤੇ ਹੁੱਕਾ ਸਮੋਕਿੰਗ ਕਲੱਬ ਦੀ ਸਥਾਪਨਾ ਸ਼ੇਖ਼ ਦੀਨ ਮੁਹੰਮਦ ਨੇ 1809 ਵਿੱਚ ਲੰਡਨ ਪੋਰਟਮੈਨ ਸਕੁਏਅਰ ‘ਚ ਕੀਤੀ ਸੀ। ਮੂਲ ਰੂਪ ਵਿੱਚ ਬਿਹਾਰ ਦਾ ਸ਼ੇਖ਼ ਦੀਨ ਮੁਹੰਮਦ ਸੈਲਾਨੀ ਅਤੇ ਕਾਰੋਬਾਰੀ ਸੀ। ਉਹ ਉਨ੍ਹਾਂ ਸ਼ੁਰੂਆਤੀ ਪਰਵਾਸੀਆਂ ਵਿਚੋਂ ਸੀ ਜੋ ਭਾਰਤ ਤੋਂ ਇੰਗਲੈਂਡ ਗਏ ਸਨ।
ਬਰਤਾਨੀਆ ਦੇ ਲੋਕਾਂ ਦੀ ਭਾਰਤੀ ਪਕਵਾਨਾਂ ਦੇ ਸਵਾਦ ਨਾਲ ਜਾਣ ਪਛਾਣ ਕਰਾਉਣ ਲਈ ਉਸ ਨੇ ਇਹ ਰੈਸਤਰਾਂ ਖ਼ੋਲ੍ਹਿਆ ਸੀ। ਦੀਨ ਮੁਹੰਮਦ ਦਾ ਇਹ ਰੈਸਤਰਾਂ ਜ਼ਿਆਦਾ ਦਿਨ ਤੱਕ ਨਹੀਂ ਚੱਲ ਸਕਿਆ।  1812 ਵਿੱਚ ਉਸ ਦਾ ਦੀਵਾਲਾ ਨਿਕਲ ਗਿਆ। ਉਸ ਦੇ ਨਵੇਂ ਪ੍ਰਬੰਧਕਾਂ ਨੇ ਬਾਅਦ ਵਿੱਚ ਉਸ ਨੂੰ ‘ਹਿਦੁਸਤਾਨੀ ਕਾਫ਼ੀ ਹਾਊਸ’ ਨਾਂ ਨਾਲ 20 ਸਾਲ ਹੋਰ ਚਲਾਇਆ ਪਰ ਅੰਤ ਵਿੱਚ 1833 ਵਿੱਚ ਉਹ ਵੀ ਬੰਦ ਹੋ ਗਿਆ।
ਇਸ ਰੈਸਤਰਾਂ ਦਾ ਇਕ ਹੱਥ ਲਿਖਿਆ ਮੈਨਿਊ ਕਾਰਡ ਇਥੇ ਇਕ ਪੁਸਤਕ ਮੇਲੇ ਵਿੱਚ 8500 ਪੌਂਡ ਯਾਨੀ 11344 ਡਾਲਰ ਦਾ ਵਿਕਿਆ। ਇਸ ‘ਤੇ ਲਿਖੇ ਹੋਰ ਪਕਵਾਨਾਂ  ਵਿੱਚ ‘ਮੱਕੀ ਪੁਲਾਵ’, ‘ਲੌਬਸਟਰ ਕਰੀ’, ‘ਕੁਲਮਾਹ ਆਫ਼ ਲੈਂਬ ਜਾਂ ਵੀਲ’ ਆਦਿ ਸ਼ਾਮਲ ਹਨ। ਕੁੱਲ 25 ਭਾਰਤੀ ਪਕਵਾਨਾਂ ਦੇ ਨਾਂ ਇਸ ਕਾਰਡ ‘ਤੇ ਹਨ ਜਿਨ੍ਹਾਂ ਦੇ ਰੇਟ ਵੀ ਲਿਖੇ ਹੋਏ  ਹਨ।