ਦਿੱਲੀ ਸਰਕਾਰ ਦੇ ਮੰਤਰੀਆਂ ਨੇ ਲਾਏ ਪੰਜਾਬ ਵਿਚ ਡੇਰੇ

ਦਿੱਲੀ ਸਰਕਾਰ ਦੇ ਮੰਤਰੀਆਂ ਨੇ ਲਾਏ ਪੰਜਾਬ ਵਿਚ ਡੇਰੇ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਸਰਕਾਰ ਪੰਜਾਬ ਜਿੱਤਣ ਲਈ ਸਮੂਹ 117 ਵਿਧਾਨ ਸਭਾ ਹਲਕਿਆਂ ਵਿੱਚ ਡਟ ਗਈ ਹੈ। ‘ਆਪ’ ਨੇ ਚੋਣਾਂ ਦੇ ਅਖੀਰਲੇ ਪੜਾਅ ਵਿੱਚ ਵੱਡਾ ਸਿਆਸੀ ਹੱਲਾ ਮਾਰਦਿਆਂ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਉਥੋਂ ਦੇ ਪ੍ਰਮੁੱਖ ਮੰਤਰੀਆਂ ਨੂੰ ਪੰਜਾਬ ਵਿੱਚ ਚੋਣ ਮੈਦਾਨ ਸਰ ਕਰਨ ਲਈ ਭੇਜਿਆ ਹੈ।
ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਪੂਰੀ ਤਰ੍ਹਾਂ ਪੰਜਾਬ ਦੇ ਚੋਣ ਪ੍ਰਚਾਰ ਵਿੱਚ ਮਸਰੂਫ ਹਨ। ਹੁਣ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਪਾਰਟੀ ਦੇ ਹੱਕ ਪ੍ਰਚਾਰ ਲਈ ਪੰਜਾਬ ਪੁੱਜ ਗਏ ਹਨ। ‘ਆਪ’ ਵੱਲੋਂ 40 ਸਟਾਰ ਪ੍ਰਚਾਰਕਾਂ ਦੀ ਜਾਰੀ ਕੀਤੀ ਸੂਚੀ ਵਿੱਚ 15 ਸ਼ਖ਼ਸੀਅਤਾਂ ਦਿੱਲੀ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਦਿੱਲੀ ਸਰਕਾਰ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਮੇਤ ਦੋ ਮੰਤਰੀ ਅਤੇ ਸੱਤ ਵਿਧਾਇਕ ਸ਼ਾਮਲ ਹਨ। ਦਿੱਲੀ ਵਿਧਾਨ ਸਭਾ ਦੀ ਡਿਪਟੀ ਸਪੀਕਰ ਰਾਖੀ ਬਿਰਲਾ, ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਜਲ ਸਰੋਤ ਮੰਤਰੀ ਕਪਿਲ ਮਿਸ਼ਰਾ ਤੋਂ ਇਲਾਵਾ ਦਿੱਲੀ ਦੇ ਸੱਤ ਵਿਧਾਇਕ ਪੰਜਾਬ ਵਿੱਚ  ਡਟੇ ਹੋਏ ਹਨ। ਮਹਿਰੌਲੀ ਹਲਕੇ ਦੇ ਵਿਧਾਇਕ ਜਰਨੈਲ ਸਿੰਘ, ਜੋ ਪੰਜਾਬ ਇਕਾਈ ਦੇ ਸਹਿ ਇੰਚਾਰਜ ਵੀ ਹਨ, ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਲੰਬੀ ਵਿਧਾਨ ਸਭਾ ਹਲਕੇ ਵਿੱਚ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਕਾਲਕਾਜੀ ਦੱਖਣੀ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਕਾਲਕਾ, ਤਿਲਕ ਨਗਰ ਹਲਕੇ ਦੇ ਵਿਧਾਇਕ ਜਰਨੈਲ, ਹਲਕਾ ਕਸਤੂਰਬਾ ਨਗਰ ਦੇ ਵਿਧਾਇਕ ਮਦਨ ਲਾਲ, ਮਰਾੜੀ ਹਲਕੇ ਦੇ ਵਿਧਾਇਕ ਸੰਜੀਵ ਝਾਅ, ਵਿਧਾਇਕ ਸੋਮਨਾਥ ਭਾਰਤੀ ਅਤੇ ਗਰੇਟਰ ਕੈਲਾਸ਼ ਹਲਕੇ ਦੇ ਵਿਧਾਇਕ ਸੌਰਭ ਭਾਰਦਵਾਜ ਦੀ ਵੀ ਪੰਜਾਬ ਚੋਣਾਂ ਵਿੱਚ ਡਿਊਟੀ ਲਾਈ ਗਈ ਹੈ। ਦਿੱਲੀ ਨਾਲ ਹੀ ਸਬੰਧਿਤ ਪਾਰਟੀ ਦੇ ਐਨਆਰਆਈ ਵਿੰਗ ਦੇ ਕੌਮੀ ਕਨਵੀਨਰ ਕੁਮਾਰ ਵਿਸ਼ਵਾਸ ਅਤੇ ਤਰਜਮਾਨ ਪੂਨਮ ਆਜ਼ਾਦ ਦੀ ਵੀ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਡਿਊਟੀ ਲਾਈ ਗਈ ਹੈ। ਦਿੱਲੀ ਨਾਲ ਸਬੰਧਿਤ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਹੀ ਪੰਜਾਬ ਵਿੱਚ ਹੀ ਡਟੇ ਹਨ। ‘ਆਪ’ ਦੇ 40 ਸਟਾਰ ਕੰਪੇਨਰਾਂ ਵਿੱਚ ਪੰਜਾਬ ਵਿੱਚੋਂ ਸੁਨਾਮ ਤੋਂ ਚੋਣ ਲੜ ਰਹੇ ਅਮਨ ਅਰੋੜਾ, ਬਲਾਚੌਰ ਦੇ ਉਮੀਦਵਾਰ ਬ੍ਰਿਗੇਡੀਅਰ ਰਾਜ ਕੁਮਾਰ ਅਤੇ ਤਰਜਮਾਨ ਚੰਦਰ ਸੁਤਾ ਡੋਗਰਾ ਸ਼ਾਮਲ ਹਨ। ਸਾਲ 2014 ਵਿੱਚ ‘ਆਪ’ ਦੀ ਟਿਕਟ ਤੋਂ ਚੰਡੀਗੜ੍ਹ ਤੋਂ ਲੋਕ ਸਭਾ ਦੀ ਚੋਣ ਲੜਨ ਉਪਰੰਤ ਨਿਰੰਤਰ ਸਿਆਸੀ ਪਿੜ ਵਿੱਚੋਂ ਗਾਇਬ  ਮਾਡਲ ਗੁਲ ਪਨਾਗ ਨੂੰ ਵੀ ਸਟਾਰ ਕੰਪੇਨਰ ਬਣਾਇਆ ਹੈ। ਸੀਪੀਆਈ ਐਮਐਲ ਲਿਬਰੇਸ਼ਨ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਬੰਤ ਸਿੰਘ ਨੂੰ ਵਿਆਪਕ ਪੱਧਰ ‘ਤੇ ਚੋਣ ਪ੍ਰਚਾਰ ਵਿੱਚ ਉਤਾਰਿਆ ਹੈ। ਗਾਇਕ ਜੱਸੀ ਜਸਰਾਜ ਅਤੇ ਸੁਖਵਿੰਦਰ ਸੁੱਖੀ ਵੀ ‘ਆਪ’ ਦੇ ਹੱਕ ਵਿੱਚ ਸੁਰਾਂ ਅਲਾਪ ਰਹੇ ਹਨ।

ਕੇਜਰੀਵਾਲ ਨੇ ਟਿੱਪਣੀ ਦੁਹਰਾਉਣ ਦੀ ਆਗਿਆ ਮੰਗੀ :  
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੂੰ ਭੇਜੇ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ”ਹੋਰ ਪਾਰਟੀਆਂ ਤੋਂ ਪੈਸੇ ਲੈ ਕੇ ‘ਆਪ’ ਨੂੰ ਵੋਟ ਪਾਉਣ” ਦੀ ਟਿੱਪਣੀ ਦੁਹਰਾਉਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਇਹ ਟਿੱਪਣੀ ਭ੍ਰਿਸ਼ਟਾਚਾਰ ਰੋਕਣ ਲਈ ਕੀਤੀ ਗਈ ਸੀ। ਸ੍ਰੀ ਕੇਜਰੀਵਾਲ ਨੇ ਚੋਣ ਕਮਿਸ਼ਨਰ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਵੱਲੋਂ ਚੋਣਾਂ ਵਿੱਚ ਰਿਸ਼ਵਤਖੋਰੀ ਰੋਕਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਉਨ੍ਹਾਂ (ਕੇਜਰੀਵਾਲ) ਨੂੰ ਚੋਣ ਕਮਿਸ਼ਨ ਦਾ ਪ੍ਰਚਾਰਕ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਟਿੱਪਣੀਆਂ ਕਰਨ ਤੋਂ ਰੋਕਣ ਨਾਲ ਚੋਣ ਕਮਿਸ਼ਨ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਿਆ ਨਹੀਂ ਜਾ ਰਿਹਾ ਬਲਕਿ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਚੋਣ ਕਮਿਸ਼ਨ ਵੱਲੋਂ ਇਸ ਮਾਮਲੇ ‘ਤੇ ਮੁੜ ਗੌਰ ਕੀਤੀ ਜਾਵੇਗੀ।