ਹਾਈ ਕੋਰਟ ਦੀ ਸਖ਼ਤ ਟਿੱਪਣੀ- ਸਬੂਤ ਕਹਿ ਰਹੇ ਹਨ ਮੁਰਥਲ ‘ਚ ਗੈਂਗਰੇਪ ਹੋਇਆ, ਸਰਕਾਰ ਕਿਉਂ ਕਰ ਰਹੀ ਹੈ ਇਨਕਾਰ

ਹਾਈ ਕੋਰਟ ਦੀ ਸਖ਼ਤ ਟਿੱਪਣੀ- ਸਬੂਤ ਕਹਿ ਰਹੇ ਹਨ ਮੁਰਥਲ ‘ਚ ਗੈਂਗਰੇਪ ਹੋਇਆ, ਸਰਕਾਰ ਕਿਉਂ ਕਰ ਰਹੀ ਹੈ ਇਨਕਾਰ

ਚੰਡੀਗੜ੍ਹ/ਬਿਊਰੋ ਨਿਊਜ਼ :
ਹਰਿਆਣਾ ‘ਚ ਜਾਟ ਰਾਖਵਾਂਕਰਣ ਅੰਦੋਲਨ ਸਮੇਂ ਮੁਰਥਲ ਵਿਚ ਸਮੂਹਕ ਬਲਾਤਕਾਰ ਹੋਏ ਸਨ। ਸਬੂਤ ਇਹ ਕਹਿ ਰਹੇ ਹਨ, ਹਰਿਆਣਾ ਸਰਕਾਰ ਇਸ ਤੋਂ ਇਨਕਾਰ ਨਹੀਂ ਕਰ ਸਕਦੀ। ਅਜਿਹੇ ਵਿਚ ਸਰਕਾਰ ਅਤੇ ਐਸ.ਆਈ.ਟੀ. ਨੂੰ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ 28 ਫਰਵਰੀ ਤਕ ਪੀੜਤ, ਦੋਸ਼ੀ ਅਤੇ ਗਵਾਹਾਂ ਦੀ ਪਛਾਣ ਕਰੇ। ਪੰਜਾਬ-ਹਰਿਆਣਾ ਹਾਈਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ।
ਸੁਣਵਾਈ ਸ਼ੁਰੂ ਹੁੰਦਿਆਂ ਹੀ ਹਰਿਆਣਾ ਸਰਕਾਰ ਵੱਲੋਂ ਦਲੀਲਾਂ ਸ਼ੁਰੂ ਕਰਦਿਆਂ ਮੁਰਥਲ ਬਲਾਤਕਾਰ ਮਾਮਲੇ ‘ਤੇ ਐਸ.ਆਈ.ਟੀ. ਦੀ ਰਿਪੋਰਟ ਪੇਸ਼ ਕੀਤੀ ਗਈ। ਐਸ.ਆਈ.ਟੀ. ਦੀ ਰਿਪੋਰਟ ‘ਚ ਦੱਸਿਆ ਗਿਆ ਕਿ ਅੰਦਰੂਨੀ ਕੱਪੜਿਆਂ ‘ਤੇ ਜਿਹੜਾ ਵੀਰਜ ਮਿਲਿਆ ਸੀ, ਉਨ੍ਹਾਂ ਦਾ ਮੇਲ ਹਿਰਾਸਤ ‘ਚ ਲਏ ਦੋਸ਼ੀਆਂ ਦੇ ਵੀਰਜ ਨਾਲ ਨਹੀਂ ਹੋ ਰਿਹਾ ਸੀ। ਅਜਿਹੇ ਵਿਚ ਉਨ੍ਹਾਂ ਦੋਸ਼ੀਆਂ ‘ਤੇ ਲੱਗੀ ਬਲਾਤਕਾਰ ਦੀ ਧਾਰਾ ਨੂੰ ਹਟਾ ਕੇ ਚਾਲਾਨ ਪੇਸ਼ ਕੀਤਾ ਗਿਆ ਹੈ। ਅਨੁਪਮ ਗੁਪਤਾ ਨੇ ਐਸ.ਆਈ.ਟੀ. ਦੀ ਰਿਪੋਰਟ ਦੇ ਨਾਲ ਹੀ ਸੋਨੀਪਤ ਤੋਂ ਆਈ ਜੁਡੀਸ਼ਲ ਅਫਸਰ ਗਗਨਦੀਪ ਕੌਰ ਦੀ ਰਿਪੋਰਟ ਨੂੰ ਆਧਾਰ ਬਣਾਉਂਦਿਆਂ ਹਰਿਆਣਾ ਸਰਕਾਰ ਨੂੰ ਘੇਰ ਲਿਆ।
ਅਨੁਪਮ ਨੇ ਕਿਹਾ ਕਿ ਜਿਨ੍ਹਾਂ ਪੰਜ ਦੋਸ਼ੀਆਂ ਦੇ ਵਿਰੁੱਧ ਚਾਲਾਨ ਪੇਸ਼ ਕੀਤੇ ਗਏ ਗਏ, ਉਨ੍ਹਾਂ ‘ਚ ਸਰਕਾਰ ਨੇ ਗੈਂਗਰੇਪ ਦੀ ਧਾਰਾ ਐਫ.ਆਈ.ਆਰ. ਤੋਂ ਬਾਹਰ ਕਰ ਦਿੱਤੀ ਹੈ। ਹਾਈਕੋਰਟ ਨੇ ਇਸ ‘ਤੇ ਸਖਤ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਕਿਵੇਂ ਗੈਂਗਰੇਪ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਸਰਕਾਰ ਨੇ ਕਿਹਾ ਕਿ ਇਹ ਸ਼ਬਦੀ ਗਲਤੀ ਹੈ। ਇਸ ‘ਤੇ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਟ੍ਰਾਇਲ ਕੋਰਟ ਸਾਹਮਣੇ ਹਲਫਨਾਮਾ ਦਾਖਲ ਕਰ ਕੇ ਸਪਸ਼ਟੀਕਰਨ ਦੇਣ ਨੂੰ ਕਿਹਾ।
ਜੇ ਬਲਾਤਕਾਰ ਨਹੀਂ ਤਾਂ ਫਿਰ ਹੋਇਆ ਕੀ ਸੀ? : ਐਮਿਕਸ ਕਿਊਰੀ ਨੇ ਕਿਹਾ ਕਿ ਜੇ ਮੁਰਥਲ ‘ਚ ਗੈਂਗਰੇਪ ਨਹੀਂ ਹੋਇਆ ਸੀ ਤਾਂ ਆਖਰ ਕੀ ਹੋਇਆ ਸੀ। ਕਿਉਂ ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜ ਗਏ ਸਨ ਅਤੇ ਉਨ੍ਹਾਂ ਨੂੰ ਕਿਸ ਨੇ ਫੋਨ ਕਰ ਕੇ ਬੁਲਾਇਆ ਸੀ। ਅਨੁਪਮ ਗੁਪਤਾ ਨੇ ਕਿਹਾ ਕਿ ਉਸ ਰਾਤ ਮੌਜੂਦ ਸਾਰੇ ਅਧਿਕਾਰੀਆਂ ਦੀ ਫੋਨ ਕਾਲ ਡਿਟੇਲ ਮੈਨੂੰ ਦਿੱਤੀ ਜਾਵੇ। ਇਸ ਦੀ ਜਾਂਚ ਤੋਂ ਬਾਅਦ ਪਤਾ ਚੱਲ ਜਾਵੇਗਾ ਕਿ ਆਖਰ ਉਸ ਰਾਤ ਹੋਇਆ ਕੀ ਸੀ। ਹਾਈਕੋਰਟ ਨੇ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਜਿਸ ਤਰ੍ਹਾਂ ਦੀ ਸਥਿਤੀ ਹੈ ਅਤੇ ਹਾਲੇ ਤਕ ਜਿਹੜੇ ਗਵਾਹ ਮੌਜੂਦ ਹਨ, ਉਹ ਦੱਸ ਰਹੇ ਹਨ ਕਿ ਗੈਂਗਰੇਪ ਹੋਇਆ ਹੈ ਅਤੇ ਹਰਿਆਣਾ ਸਰਕਾਰ ਇਸ ਤੋਂ ਇਨਕਾਰ ਨਹੀਂ ਕਰ ਸਕਦੀ। ਅਜਿਹੇ ‘ਚ ਸਰਕਾਰ ਅਤੇ ਐਸ.ਆਈ.ਟੀ. ਨੂੰ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ 28 ਫਰਵਰੀ ਤਕ ਪੀੜਤ, ਦੋਸ਼ੀ ਅਤੇ ਗਵਾਹਾਂ ਦੀ ਪਛਾਣ ਕਰੇ ਅਤੇ ਜਾਂਚ ਨੂੰ ਵਧੀਆ ਬਣਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰ ਦੇਵੇ।

ਸਰਕਾਰ ਨੇ ਕਿਹਾ – ਨਾ ਪੀੜਤਾ ਹੈ, ਨਾ ਚਸ਼ਮਦੀਦ ਗਵਾਹ :
ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਹਾਲੇ ਤਕ ਦੀ ਜਿਹੜੀ ਸਥਿਤੀ ਹੈ, ਉਸ ਅਨੁਸਾਰ ਨਾ ਤਾਂ ਕੋਈ ਪੀੜਤਾ ਹੈ ਅਤੇ ਨਾ ਹੀ ਕੋਈ ਚਸ਼ਮਦੀਦ ਗਵਾਹ। ਅਜਿਹੇ ‘ਚ ਗੈਂਗਰੇਪ ਦੀ ਗੱਲ ਹਾਲੇ ਤਕ ਸਾਬਤ ਨਹੀਂ ਹੁੰਦੀ ਹੈ, ਪਰ ਜਾਂਚ ਜਾਰੀ ਹੈ। ਐਮਿਕਸ ਕਿਊਰੀ ਅਨੁਪਮ ਗੁਪਤਾ ਨੇ ਐਸ.ਆਈ.ਟੀ. ਦੇ ਇਸ ਬਿਆਨ ‘ਤੇ ਉਨ੍ਹਾਂ ਨੂੰ ਕਰੜੇ ਹੱਥੀਂ ਲੈਂਦਿਆਂ ਇਕ ਟੈਕਸੀ ਡਰਾਈਵਰ ਦੇ ਬਿਆਨ ਨੂੰ ਕੋਰਟ ਸਾਹਮਣੇ ਪੇਸ਼ ਕੀਤਾ। ਰਾਮ ਕੁਮਾਰ ਨਾਂ ਦੇ ਟੈਕਸੀ ਡਰਾਈਵਰ ਨੇ ਉਸ ਰਾਤ ਦੀ ਘਟਨਾ ਆਪਣੇ ਬਿਆਨ ‘ਚ ਦੱਸੀ ਹੈ ਅਤੇ ਇਹ ਸਾਬਤ ਕਰਨ ਲਈ ਕਾਫੀ ਹੈ ਕਿ ਗੈਂਗਰੇਪ ਹੋਇਆ ਸੀ। ਐਸ.ਆਈ.ਟੀ. ਵੱਲੋਂ ਗਵਾਹ ਦੇ ਬਿਆਨਾਂ ‘ਤੇ ਸ਼ੱਕ ਜਤਾਉਂਦਿਆਂ ਕਿਹਾ ਗਿਆ ਕਿ ਬਿਆਨ ਦਰਜ ਕਰਵਾਉਣ ਸਮੇਂ ਰਾਜ ਕੁਮਾਰ ਨੇ ਕਿਹਾ ਸੀ ਕਿ ਉਹ ਇਕ ਵਿਅਕਤੀ ਨੂੰ ਪਛਾਣ ਸਕਦਾ ਹੈ, ਜੋ ਉਸ ਸਮੇਂ ਘਟਨਾ ਵਾਲੀ ਥਾਂ ‘ਤੇ ਮੌਜੂਦ ਸੀ। ਇਸ ਤੋਂ ਇਲਾਵਾ ਉਹ ਘਟਨਾ ਵਾਲੀ ਥਾਂ ਨੂੰ ਵੀ ਪਛਾਣ ਸਕਦਾ ਹੈ, ਜਿੱਥੇ ਇਹ ਘਟਨਾ ਵਾਪਰੀ ਸੀ। ਇਸ ‘ਤੇ ਉਸ ਨੂੰ ਮਿਲਣ ਲਈ ਬੁਲਾਇਆ ਗਿਆ ਸੀ, ਪਰ ਜਦੋਂ ਉਹ ਪੁੱਜਾ ਤਾਂ ਉਸ ਨੇ ਕਿਹਾ ਕਿ ਉਸ ਨੇ ਅੰਦਾਜ਼ਾ ਲਗਾਇਆ ਸੀ।

ਸੀ.ਬੀ.ਆਈ. ਦਾ ਜਾਂਚ ਤੋਂ ਇਨਕਾਰ :
ਮਾਮਲੇ ਦੀ ਸੁਣਵਾਈ ਸਮੇਂ ਐਮਿਕਸ ਕਿਊਰੀ ਅਨੁਪਮ ਗੁਪਤਾ ਨੇ ਕਿਹਾ ਕਿ ਜਿਸ ਤਰ੍ਹਾਂ ਐਸ.ਆਈ.ਟੀ. ਦੀ ਜਾਂਚ ਚੱਲ ਰਹੀ ਹੈ, ਉਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਹੀ ਜਾਂਚ ਕਰਨ ‘ਚ ਐਸ.ਆਈ.ਟੀ. ਕਾਬਲ ਨਹੀਂ ਹੈ। ਅਜਿਹੇ ‘ਚ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਜਾਵੇ। ਹਾਈਕੋਰਟ ਨੇ ਇਸ ‘ਤੇ ਸੀ.ਬੀ.ਆਈ. ਦਾ ਜਵਾਬ ਮੰਗਿਆ। ਸੀ.ਬੀ.ਆਈ. ਨੇ ਕਿਹਾ ਕਿ ਪਹਿਲਾਂ ਹੀ ਉਨ੍ਹਾਂ ‘ਤੇ ਕੰਮ ਦਾ ਵਾਧੂ ਬੋਝ ਹੈ ਅਤੇ ਅਜਿਹੇ ‘ਚ ਉਹ ਇਸ ਮਾਮਲੇ ਦੀ ਜਾਂਚ ਨਹੀਂ ਕਰ ਸਕਦੇ। ਜੇ ਹਾਈਕੋਰਟ ਆਦੇਸ਼ ਜਾਰੀ ਕਰਦਾ ਹੈ ਤਾਂ ਅਸੀਂ ਜਾਂਚ ਲਈ ਤਿਆਰ ਹਾਂ, ਪਰ ਇਸ ਲਈ ਬੁਨਿਆਦੀ ਢਾਂਚਾ ਜ਼ਰੂਰੀ ਹੈ।

ਜਾਂਚ ‘ਚ ਥੋੜ੍ਹਾ ਦਿਮਾਗ ਲਗਾਉਣਾ ਚਾਹੀਦਾ ਸੀ :
ਸਰਕਾਰੀ ਵਕੀਲ ਨੇ ਕਿਹਾ ਕਿ ਜਦੋਂ ਟੈਕਸੀ ਡਰਾਈਵਰ ਦੇ ਬਿਆਨ ਲਏ ਗਏ ਸਨ ਤਾਂ ਫਿਰ ਗਵਾਹ ਨੂੰ ਮਮਤਾ ਸਿੰਘ ਨੇ ਕਿਉਂ ਬੁਲਾਇਆ? ਦੁਬਾਰਾ ਬੁਲਾਉਣ ਤੋਂ ਬਾਅਦ ਵੀ ਗਵਾਹ ਦਾ ਫਿਰ ਤੋਂ ਮੈਜਿਸਟ੍ਰੇਟ ਸਾਹਮਣੇ ਬਿਆਨ ਕਰਵਾਇਆ ਗਿਆ। ਇਹ ਐਸ.ਆਈ.ਟੀ. ਵੱਲੋਂ ਕੀਤਾ ਗਿਆ ਗਲਤ ਕੰਮ ਸੀ। ਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ ਦਿਮਾਗ ‘ਚ ਐਸ.ਆਈ.ਟੀ. ਲਈ ਵਿਸ਼ਵਾਸ ਘੱਟ ਗਿਆ ਹੈ। ਮਮਤਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਸਰਵਿਸ ਰਿਕਾਰਡ ਇਮਾਨਦਾਰੀ ਦਾ ਗਵਾਹ ਹੈ। ਅਜਿਹੇ ‘ਚ ਉਨ੍ਹਾਂ ‘ਤੇ ਕੋਈ ਸ਼ੱਕ ਨਹੀਂ ਕੀਤਾ ਜਾਣਾ ਚਾਹੀਦਾ। ਹਾਈਕੋਰਟ ਨੇ ਵੀ ਇਸ ‘ਤੇ ਐਸ.ਆਈ.ਟੀ. ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਸਾਨੂੰ ਐਸ.ਆਈ.ਟੀ. ਦੀ ਨੀਅਤ ‘ਤੇ ਕੋਈ ਸ਼ੱਕ ਨਹੀਂ ਹੈ, ਪਰ ਜਿਸ ਤਰ੍ਹਾਂ ਜਾਂਚ ਹੋ ਰਹੀ ਹੈ, ਉਸ ਨੂੰ ਵੇਖ ਕੇ ਇਹ ਲੱਗਦਾ ਹੈ ਕਿ ਐਸ.ਆਈ.ਟੀ. ਨੂੰ ਜਾਂਚ ਨੂੰ ਅੱਗੇ ਵਧਾਉਂਦਿਆਂ ਥੋੜ੍ਹਾ ਦਿਮਾਗ ਲਗਾਉਣਾ ਚਾਹੀਦਾ ਸੀ।