ਅੰਮ੍ਰਿਤਸਰ ਹਵਾਈ ਅੱਡੇ ‘ਤੇ 95 ਲੱਖ ਰੁਪਏ ਦੇ ਮੁੱਲ ਦਾ ਸੋਨਾ ਫੜਿਆ

ਅੰਮ੍ਰਿਤਸਰ ਹਵਾਈ ਅੱਡੇ ‘ਤੇ 95 ਲੱਖ ਰੁਪਏ ਦੇ ਮੁੱਲ ਦਾ ਸੋਨਾ ਫੜਿਆ

ਅੰਮ੍ਰਿਤਸਰ/ਬਿਊਰੋ ਨਿਉਜ਼ ;
ਕਸਟਮ ਵਿਭਾਗ ਨੇ ਵੱਖ ਵੱਖ ਘਟਨਾਵਾਂ ਵਿਚ ਤੁਰਕਮੇਨਿਸਤਾਨ ਅਤੇ ਕੈਨੇਡਾ ਵਾਸੀ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲਗਪਗ 95 ਲੱਖ ਰੁਪਏ ਮੁੱਲ ਦੇ ਸੋਨੇ ਦੇ ਬਿਸਕੁਟ ਅਤੇ ਗਹਿਣੇ ਬਰਾਮਦ ਕੀਤੇ ਹਨ, ਜਿਸ ਨੂੰ ਉਹ ਗੈਰਕਾਨੂੰਨੀ ਢੰਗ ਨਾਲ ਲੈ ਕੇ ਆਏ ਸਨ। ਕਾਬੂ ਕੀਤੇ ਵਿਅਕਤੀਆਂ ਵਿੱਚ 15 ਔਰਤਾਂ ਵੀ ਸ਼ਾਮਲ ਹਨ।
ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਤੁਰਕਮੇਨਿਸਤਾਨ ਦੇ 18 ਨਾਗਰਿਕ ਕਾਬੂ ਕੀਤੇ, ਜਿਨ੍ਹਾਂ ਵਿੱਚ 15 ਔਰਤਾਂ ਸ਼ਾਮਲ ਹਨ। ਇਹ ਸਾਰੇ ਯਾਤਰੂ ਅਸ਼ਕਾਬਾਦ ਤੋਂ ਤੁਰਕਮੇਨਿਸਤਾਨ ਹਵਾਈ ਕੰਪਨੀ ਰਾਹੀਂ ਇਥੇ ਪੁੱਜੇ ਸਨ। ਇਨ੍ਹਾਂ ਕੋਲੋਂ 40 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇੱਕ ਵੱਖਰੀ ਘਟਨਾ ਦੌਰਾਨ ਦੋ ਅੰਤਰਾਸ਼ਟਰੀ ਯਾਤਰੂ, ਜੋ ਦੁਬਈ ਤੋਂ ਏਅਰ ਇੰਡੀਆ ਐਕਸਪ੍ਰੈੱਸ ਹਵਾਈ ਉਡਾਣ ਰਾਹੀਂ ਅੰਮ੍ਰਿਤਸਰ ਪੁੱਜੇ ਸਨ, ਕੋਲੋਂ ਸੋਨੇ ਦੇ 6 ਬਿਸਕੁਟ ਅਤੇ 12 ਬਿਸਕੁਟਾਂ ਦੇ ਟੋਟੇ ਬਰਾਮਦ ਕੀਤੇ ਸਨ। ਇਨ੍ਹਾਂ ਦਾ ਵਜ਼ਨ ਲਗਪਗ 398 ਗਰਾਮ ਹੈ ਅਤੇ ਕੀਮਤ ਲਗਪਗ 44 ਲੱਖ ਰੁਪਏ ਹੈ। ਇਹ ਸਾਰਾ ਸੋਨਾ 24 ਕੈਰੇਟ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਇਹ ਬਿਸਕੁਟ ਅਤੇ ਇਸ ਦੇ ਟੋਟੇ ਤੇ ਇਨ੍ਹਾਂ ਯਾਤਰੂਆਂ ਨੂੰ ਆਪਣੇ ਸਰੀਰ ਵਿੱਚ ਲੁਕਾਏ ਹੋਏ ਸਨ। ਪੁੱਛਗਿੱਛ ਦੌਰਾਨ ਇਨ੍ਹਾਂ ਯਾਤਰੂਆਂ ਨੇ ਇੰਕਸ਼ਾਫ ਕੀਤਾ ਕਿ ਉਹ ਨਾਜਾਇਜ਼ ਢੰਗ ਨਾਲ ਇਹ ਸੋਨਾ ਭਾਰਤ ਲੈ ਕੇ ਆਏ ਹਨ। ਇਸੇ ਤਰ੍ਹਾਂ ਦੁਬਈ ਤੋਂ ਸਪਾਈਸ ਜੈੱਟ ਦੀ ਉਡਾਣ ਰਾਹੀਂ ਭਾਰਤ ਪੁੱਜੇ ਇੱਕ ਕੈਨੇਡਾ ਵਾਸੀ ਵਿਅਕਤੀ ਕੋਲੋਂ ਕਸਟਮ ਵਿਭਾਗ ਨੇ 300 ਗਰਾਮ ਸੋਨੇ ਦੀ ਚੇਨ ਬਰਾਮਦ ਕੀਤੀ ਹੈ। ਉਸ ਦਾ ਮੁੱਲ ਸਾਢੇ 9 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।