ਪੰਜਾਬ: ਪੰਚਾਇਤ ਚੋਣਾਂ ਵਿਚ ਹਿੰਸਾ ਦੇ ਬਾਵਜੂਦ 80 ਫ਼ੀਸਦੀ ਤੋਂ ਵੱਧ ਪੋਲਿੰਗ

ਪੰਜਾਬ: ਪੰਚਾਇਤ ਚੋਣਾਂ ਵਿਚ ਹਿੰਸਾ ਦੇ ਬਾਵਜੂਦ 80 ਫ਼ੀਸਦੀ ਤੋਂ ਵੱਧ ਪੋਲਿੰਗ

ਬਨੂੜ ਨੇੜਲੇ ਪਿੰਡ ਫਤਹਿਪੁਰ ਗੜੀ ਵਿਚ ਅਕਾਲੀ ਸਮਰਥਕਾਂ ਦੀ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕਰਦੀ ਹੋਈ ਪੁਲੀਸ।
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀਆਂ ਪੰਚਾਇਤ ਚੋਣਾਂ ਦੌਰਾਨ ਕੁਝ ਥਾਵਾਂ ‘ਤੇ ਹਿੰਸਕ ਝੜਪਾਂ ਹੋਣ ਦੀ ਖਬਰ ਹੈ। । ਇਸ ਦੇ ਬਾਵਜੂਦ ਚੋਣ ਕਮਿਸ਼ਨ ਮੁਤਾਬਕ 80 ਫ਼ੀਸਦੀ ਤੋਂ ਵੱਧ ਪੋਲਿੰਗ ਹੋਈ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਲਖਮੀਰ ਕੇ ਹਿਠਾੜ ਪਿੰਡ ਵਿਚ ਅਣਪਛਾਤੇ ਵਿਅਕਤੀਆਂ ਨੇ ਬੈਲੇਟ ਬਕਸੇ ਨੂੰ ਅੱਗ ਲਾ ਕੇ ਵੋਟਰ ਪਰਚੀਆਂ ਸਾੜ ਦਿੱਤੀਆਂ ਅਤੇ ਕਾਰ ਭਜਾ ਕੇ ਜਾਂਦੇ ਸਮੇਂ 60 ਸਾਲ ਦੇ ਵਿਅਕਤੀ ਨੂੰ ਦਰੜ ਕੇ ਮਾਰ ਦਿੱਤਾ। ਢਾਈ ਦਰਜਨ ਤੋਂ ਵੱਧ ਪਿੰਡਾਂ ਵਿਚ ਲੜਾਈ-ਝਗੜੇ ਅਤੇ ਬੂਥਾਂ ‘ਤੇ ਕਬਜ਼ੇ ਦੀਆਂ ਰਿਪੋਰਟਾਂ ਮਿਲੀਆਂ ਹਨ। ਇਸੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਪਿੰਡਾਂ, ਲੁਧਿਆਣਾ ਦੇ ਦੇਤਵਾਲ, ਪਟਿਆਲਾ ਦੇ ਲਾਛੜੂ ਕਲਾਂ, ਮੋਹਾਲੀ ਦੇ ਇਕ ਪਿੰਡ ਸਮੇਤ ਅੱਠ ਪਿੰਡਾਂ ‘ਚ ਮੁੜ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਕੋਲ ਸਿਫ਼ਾਰਸ਼ਾਂ ਆਈਆਂ ਹਨ।
ਵੋਟਿੰਗ ਦਾ ਕੰਮ ਸ਼ਾਮ ਨੂੰ ਮੁਕੰਮਲ ਹੁੰਦਿਆਂ ਸਾਰ ਹੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ। ਦੇਰ ਰਾਤ ਤਕ ਸਾਰੀਆਂ ਪੰਚਾਇਤਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ ਅਤੇ ਜੇਤੂ ਪੰਚਾਂ, ਸਰਪੰਚਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਕੜਾਕੇ ਦੀ ਠੰਢ ਵਿਚ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਬਹੁਤੀਆਂ ਪੰਚਾਇਤਾਂ ਵਿਚ ਕਾਂਗਰਸ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਜਿੱਤਣ ਦੀਆਂ ਰਿਪੋਰਟਾਂ ਹਨ।
ਬਾਦਲ ਪਿੰਡ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਉਦੇਵੀਰ ਢਿੱਲੋਂ ਕਾਂਗਰਸ ਹਮਾਇਤੀ ਉਮੀਦਵਾਰ ਕੋਲੋਂ ਸਰਪੰਚੀ ਦੀ ਚੋਣ ਹਾਰ ਗਏ ਹਨ। ਪੰਜਾਬੀ ਗਾਇਕ ਸਿੱਧੂ ਮੂਸਾਵਾਲੇ ਦੀ ਮਾਤਾ ਚਰਨ ਕੌਰ ਚੋਣ ਜਿੱਤ ਗਏ ਹਨ। ‘ਆਪ’ ਦੇ ਬਾਗ਼ੀ ਆਗੂ ਸੁਖਪਾਲ ਖਹਿਰਾ ਦੀ ਨਜ਼ਦੀਕੀ ਰਿਸ਼ਤੇਦਾਰ ਕਿਰਨਬੀਰ ਕੌਰ ਸਰਪੰਚੀ ਦੀ ਚੋਣ ਹਾਰ ਗਏ ਹਨ।
ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਮਮਦੋਟ ਬਲਾਕ ਦੇ ਲਖਮੀਰ ਕੇ ਹਿਠਾੜ ਪਿੰਡ ਦੇ ਪੋਲਿੰਗ ਬੂਥ ਵਿਚ ਧੱਕੇ ਨਾਲ ਵੜ ਗਏ ਅਤੇ ਬੈਲੇਟ ਬਕਸੇ ਨੂੰ ਅੱਗ ਲਾ ਦਿੱਤੀ। ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤੇ ਜਾਣ ਬਾਅਦ ਉਹ ਭੱਜ ਨਿਕਲੇ ਅਤੇ ਜਾਂਦੇ ਸਮੇਂ ਪਿੰਡ ਵਾਸੀ ਮਹਿੰਦਰ ਸਿੰਘ ਨੂੰ ਕਾਰ ਹੇਠਾਂ ਦਰੜ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਸਕਾਰਪੀਓ ਉਲਟ ਗਈ ਅਤੇ ਉਹ ਮੌਕੇ ‘ਤੇ ਹੀ ਉਸ ਨੂੰ ਛੱਡ ਕੇ ਭੱਜ ਗਏ। ਇਸ ਪਿੰਡ ਦੀ ਚੋਣ ਰੱਦ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਪਟਿਆਲਾ, ਲੁਧਿਆਣਾ, ਜਲੰਧਰ, ਮੋਗਾ, ਗੁਰਦਾਸਪੁਰ, ਅੰਮ੍ਰਿਤਸਰ ਵਿਚ ਕੁਝ ਬੂਥਾਂ ‘ਤੇ ਕਬਜ਼ੇ ਅਤੇ ਹਿੰਸਕ ਝੜਪਾਂ ਹੋਈਆਂ ਜਿਨ੍ਹਾਂ ਵਿਚ ਕੁਝ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਇਕੱਲੇ ਪਟਿਆਲਾ ਵਿਚ ਦਰਜਨ ਦੇ ਕਰੀਬ ਪਿੰਡਾਂ ਵਿਚ ਇੱਟਾਂ-ਪੱਥਰ ਚੱਲਣ ਦੀਆਂ ਰਿਪੋਰਟਾਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜ੍ਹੀ ਦੇ ਪਿੰਡ ਫਤਹਿਪੁਰ ਗੜ੍ਹੀ ‘ਚ ਪੋਲਿੰਗ ਬੂਥ ‘ਤੇ ਕੁਝ ਬਾਹਰਲੇ ਵਿਅਕਤੀਆਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਅਕਾਲੀ ਆਗੂ ਵੱਲੋਂ ਵਿਰੋਧ ਕੀਤੇ ਜਾਣ ‘ਤੇ ਧੱਕਾ-ਮੁੱਕੀ ਵਿਚ ਉਸ ਦੀ ਪੱਗ ਵੀ ਲਹਿ ਗਈ। ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਚੋਣ ਅਮਲੇ ਦੇ ਵਾਹਨ ਭੰਨ ਦਿੱਤੇ। ਇਸ ਪਿੰਡ ਤੋਂ ਅਕਾਲੀ ਆਗੂ ਦੀ ਪਤਨੀ ਸਰਪੰਚੀ ਦੀ ਚੋਣ ਲੜ ਰਹੀ ਹੈ। ਪਟਿਆਲਾ ਸ਼ਹਿਰ ਤੋਂ ਤਕਰੀਬਨ ਨੌਂ ਕਿਲੋਮੀਟਰ ਦੂਰ ਪੈਂਦੇ ਪਿੰਡ ਹੀਰਾਗੜ੍ਹ ਦੇ ਪੋਲਿੰਗ ਬੂਥ ਵਿਚ ਬਾਹਰਲੇ ਬੰਦਿਆਂ ਨੇ ਦਾਖ਼ਲ ਹੋਣ ਦਾ ਯਤਨ ਕੀਤਾ ਤਾਂ ਪਿੰਡ ਵਾਸੀਆਂ ਨੇ ਤਿੰਨ ਬੰਦਿਆਂ ਨੂੰ ਫੜ ਕੇ ਕਮਰੇ ਵਿਚ ਬੰਦ ਕਰ ਦਿੱਤਾ। ਜ਼ਿਲ੍ਹੇ ਦੇ ਝੁਗੀਆਂ, ਰਾਏਪੁਰ, ਧਰੇੜੀ ਜੱਟਾਂ, ਮਰਦਾਂਹੇੜੀ ਅਤੇ ਬੌਸਰ ਕਲਾਂ ਪਿੰਡ ਵਿਚ ਝਗੜੇ ਹੋਣ ਅਤੇ ਧੱਕੇ ਨਾਲ ਵੋਟਾਂ ਪਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਮੋਗਾ ਜ਼ਿਲ੍ਹੇ ਦੇ ਦੀਨਾ ਪਿੰਡ ਵਿਚ ਗੋਲੀ ਚੱਲਣ ਅਤੇ ਮੁੱਲਾਂਪੁਰ ਦਾਖਾ ਵਿਚ ਕੁਝ ਬੂਥਾਂ ‘ਤੇ ਕਬਜ਼ੇ ਦੀਆਂ ਰਿਪੋਰਟਾਂ ਹਨ। ਸੁਲਤਾਨਪੁਰ ਲੋਧੀ ‘ਚ ਵੀ ਅਜਿਹੀਆਂ ਰਿਪੋਰਟਾਂ ਹਨ। ਪੁਲੀਸ ਨੇ ਪੋਲਿੰਗ ਬੂਥ ਤੋਂ ਬਾਹਰ ਪਿਸਤੌਲ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਧੱਕੇਸ਼ਾਹੀ ਵਿਰੁੱਧ ਵੱਖ ਵੱਖ ਥਾਵਾਂ ‘ਤੇ ਨਾਅਰੇਬਾਜ਼ੀ ਕੀਤੀ ਅਤੇ ਧਰਨੇ ਲਗਾਏ। ਪਟਿਆਲਾ-ਰਾਜਪੁਰਾ ਜੀਟੀ ਰੋਡ ਵੀ ਰੋਕੀ ਗਈ। ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਸ਼ਕੜੀ ਪਿੰਡ ਵਿਚ ਇਕ ਅਕਾਲੀ ਆਗੂ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ।
ਪਿੰਡ ਲੱਖੇਵਾਲੀ ਵਿੱਚ ਗਿਣਤੀ ਦੌਰਾਨ ਜਦੋਂ ਸਥਾਨਕ ਆਗੂਆਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਾਲਤ ਤਣਾਅ ਵਾਲੀ ਬਣ ਗਈ। ਇਸ ਦੌਰਾਨ ਦੋ ਧਿਰਾਂ ਵਿੱਚ ਪੱਥਰਬਾਜ਼ੀ ਹੋਈ ਅਤੇ ਡਾਗਾਂ ਵੀ ਚੱਲੀਆਂ। ਪ੍ਰਤੱਖਦਰਸ਼ੀਆਂ ਅਨੁਸਾਰ ਗਿਣਤੀ ਕੇਂਦਰ ਜੰਗ ਦਾ ਮੈਦਾਨ ਬਣ ਗਿਆ ਸੀ ਜਿਸ ਕਾਰਨ ਗਿਣਤੀ ਰੋਕਣੀ ਪੈ ਗਈ। ਸ੍ਰੀ ਮੁਕਤਸਰ ਸਾਹਿਬ ਤੋਂ ਐੱਸਡੀਐੱਮ ਰਾਜਪਾਲ ਸਿੰਘ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਜੀਤ ਸਿੰਘ ਢੇਸੀ ਨੇ ਗਿਣਤੀ ਦਾ ਕੰਮ ਮੁੜ ਸ਼ੁਰੂ ਕਰਵਾਇਆ।
ਮੋਗਾ ਨੇੜਲੇ ਪਿੰਡ ਧੱਲੇਕੇ ‘ਚ ਐਤਵਾਰ ਰਾਤ ਕਰੀਬ ਨੌਂ ਵਜੇ ਇੱਕ ਧਿਰ ਵੱਲੋਂ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਇੱਕ ਧਿਰ ਨੇ ਆਪਣੀ ਹਾਰ ਹੁੰਦੀ ਦੇਖੀ ਤਾਂ ਉਸ ਦੇ ਸਮਰਥਕਾਂ ਨੇ ਦੂਜੀ ਧਿਰ ਦੇ ਮੈਂਬਰਾਂ ‘ਤੇ ਪਥਰਾਅ ਸ਼ੁਰੂ ਕਰ ਦਿੱਤਾ ਤੇ ਚੋਣ ਅਮਲੇ ਨੂੰ ਵੀ ਖਦੇੜਨ ਦੀ ਕੋਸ਼ਿਸ਼ ਕੀਤੀ। ਭੀੜ ਨੂੰ ਖਿੰਡਾਉਣ ਲਈ ਪੁਲੀਸ ਨੂੰ ਹਵਾਈ ਫਾਇਰ ਕਰਨੇ ਪਏ। ਇਸ ਦੌਰਾਨ ਪੱਥਰ ਵੱਜਣ ਕਾਰਨ ਪੁਲੀਸ ਮੁਲਾਜ਼ਮ ਰਸ਼ਪਾਲ ਸਿੰਘ ਜ਼ਖਮੀ ਹੋ ਗਿਆ।
ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਸੰਘਰ ‘ਚ ਬੂਥ ਨੰਬਰ 112 ‘ਤੇ ਗਿਣਤੀ ਹੋਣ ਉਪਰੰਤ ਕੁਝ ਵਿਅਕਤੀਆਂ ਨੇ ਵੋਟਾਂ ਵਾਲੇ ਬਕਸਿਆਂ ‘ਤੇ ਕਬਜ਼ਾ ਕਰ ਲਿਆ। ਪੁਲੀਸ ਵੱਲੋਂ ਲੋਕਾਂ ਨੂੰ ਖਦੇੜਨ ਲਈ ਫਾਇਰਿੰਗ ਕੀਤੀ ਗਈ ਅਤੇ ਲਾਠੀਚਾਰਜ ਕੀਤਾ ਗਿਆ। ਪ੍ਰਤੱਖਦਰਸ਼ੀਆਂ ਅਨੁਸਾਰ ਪੁਲੀਸ ਨੇ ਕਰੀਬ ਡੇਢ ਦਰਜਨ ਹਵਾਈ ਫਾਇਰ ਕੀਤੇ ਜਿਸ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਰਪੰਚ ਉਮੀਦਵਾਰ ਅਮਰਜੀਤ ਕੌਰ ਦੇ ਪਤੀ ਰਘਬੀਰ ਸਿੰਘ ਸਾਹੂ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਬੰਦਿਆਂ ਨੇ ਬੈਲੇਟ ਬਾਕਸ ‘ਤੇ ਕਬਜ਼ਾ ਕੀਤਾ ਕਿਉਂਕਿ ਉਹ ਅੱਗੇ ਚੱਲ ਰਹੇ ਸਨ।
ਮਾਛੀਵਾੜਾ ਬਲਾਕ ਦੇ ਪਿੰਡ ਸ਼ਰਬਤਗੜ੍ਹ ‘ਚ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਆਏ ਉਸ ਵਿਚ ਸਰਪੰਚੀ ਲਈ ਉਮੀਦਵਾਰ ਗੁਰਮੀਤ ਕੌਰ ਨੂੰ 128 ਅਤੇ ਮਨਦੀਪ ਕੌਰ ਨੂੰ ਵੀ 128 ਵੋਟਾਂ ਪਈਆਂ। ਸਰਪੰਚੀ ਦੀ ਜਿੱਤ ਹਾਰ ਦਾ ਫ਼ੈਸਲਾ ਇਹ ਹੋਇਆ ਕਿ ਢਾਈ-ਢਾਈ ਸਾਲ ਲਈ ਦੋਵੇਂ ਸਰਪੰਚ ਬਣਨਗੇ ਪਰ ਹੁਣ ਪਹਿਲਾਂ ਢਾਈ ਸਾਲ ਕੌਣ ਸਰਪੰਚ ਬਣੇਗਾ ਉਸ ਲਈ ਟਾਸ ਕਰਨ ਦਾ ਫੈਸਲਾ ਲਿਆ ਗਿਆ। ਸਿੱਕੇ ਦੀ ਟਾਸ ‘ਚ ਗੁਰਮੀਤ ਕੌਰ ਜਿੱਤ ਗਈ ਅਤੇ ਪਹਿਲੇ ਢਾਈ ਸਾਲ ਲਈ ਉਹ ਸਰਪੰਚ ਚੁਣੀ ਗਈ।
ਜਲੰਧਰ ਜ਼ਿਲ੍ਹੇ ਦੇ ਬੇਗਮਪੁਰਾ ਪਿੰਡ ਵਿਚ ਸਰਪੰਚੀ ਦੇ ਤਿਕੋਨੇ ਅਤੇ ਦਿਲਚਸਪ ਮੁਕਾਬਲੇ ਵਿਚ ਨੂੰਹ ਕਮਲਜੀਤ ਕੌਰ ਨੇ ਆਪਣੀ ਸੱਸ ਬਿਮਲਾ ਦੇਵੀ ਨੂੰ ਹਰਾ ਦਿੱਤਾ ਹੈ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਈਸ਼ਰ ਸਿੰਘ ਵਾਲਾ ਪਿੰਡ ਵਿਚ ਦਰਾਣੀ ਨੇ ਆਪਣੀ ਜਠਾਣੀ ਨੂੰ ਹਰਾ ਦਿੱਤਾ।
ਲਹਿਰਾਗਾਗਾ ਸਬ ਡਿਵੀਜ਼ਨ ਅਧੀਨ ਆਉਂਦੇ ਪਿੰਡ ਖੋਖਰ ਕਲਾਂ ‘ਚ ਬੂਥ ਨੰਬਰ 33 ‘ਤੇ ਤਾਇਨਾਤ ਇੱਕ ਪ੍ਰੀਜਾਈਡਿੰਗ ਅਧਿਕਾਰੀ ਪ੍ਰਸ਼ੋਤਮ ਦਾਸ ਪੁੱਤਰ ਗੁਰਚਰਨ ਸਿੰਘ ਦੀ ਪੋਲਿੰਗ ਦੌਰਾਨ ਭੇਤਭਰੀ ਹਾਲਤ ‘ਚ ਮੌਤ ਹੋ ਗਈ। ਉਹ ਸਰਕਾਰੀ ਹਾਈ ਸਕੂਲ ਖੰਡੇਬਾਦ ‘ਚ ਅਧਿਆਪਕ ਵਜੋਂ ਤਾਇਨਾਤ ਸੀ ਅਤੇ ਚੋਣਾਂ ਲਈ ਪ੍ਰੀਜਾਈਡਿੰਗ ਅਧਿਕਾਰੀ ਵਜੋਂ ਪਿੰਡ ਖੋਖਰ ਕਲਾਂ ‘ਚ ਤਾਇਨਾਤ ਸੀ। ਐਸਡੀਐਮ ਸੂਬਾ ਸਿੰਘ ਨੇ ਦੱਸਿਆ ਕਿ ਕਲਸਟਰ ਦੇ ਰਿਟਰਨਿੰਗ ਅਧਿਕਾਰੀ ਨੇ ਉਸਦੀ ਤਬੀਅਤ ਨੂੰ ਦੇਖਦੇ ਹੋਏ ਬਦਲਵਾਂ ਪ੍ਰੀਜਾਈਡਿੰਗ ਅਧਿਕਾਰੀ ਲਾ ਦਿੱਤਾ ਸੀ।
ਪੰਜਾਬ ਸਰਕਾਰ ਵੱਲੋਂ ਪੰਚਾਇਤ ਚੋਣਾਂ ਨਿਰਪੱਖ ਕਰਵਾਉਣ ਦੇ ਫੋਕੇ ਦਾਅਵਿਆਂ ਦਾ ਸ਼ਿਕਾਰ ਸੂਬੇ ਦੇ ਵਜ਼ੀਰ-ਏ-ਖ਼ਜ਼ਾਨਾ ਹੋ ਗਏ ਹਨ। ਪਿੰਡ ਬਾਦਲ ਵਿਖੇ ਅੱਜ ਚੋਣ ਬੂਥ 103 ‘ਤੇ ਵਾਰਡ ਅੱਠ ਦੀ ਵੋਟ ਨੰਬਰ 14 ਦੀ ਜਾਅਲੀ ਵੋਟ ਭੁਗਤ ਗਈ। ਇਹ ਵੋਟ ਨੰਬਰ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਹੈ ਜੋ ਪੰਜਾਬ ਤੋਂ ਬਾਹਰ ਕਿਸੇ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਗਏ ਹੋਏ ਹਨ। ਮਨਪ੍ਰੀਤ ਸਿੰਘ ਬਾਦਲ ਦੀ ਵੋਟ ਜਾਅਲੀ ਭੁਗਤਣ ਦਾ ਖ਼ੁਲਾਸਾ ਹੋਣ ‘ਤੇ ਚੋਣ ਬੂਥ ਵਿੱਚ ਅਮਲੇ ਅਤੇ ਪੋਲਿੰਗ ਏਜੰਟਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਚੋਣ ਅਮਲੇ ਅਤੇ ਪ੍ਰੀਜ਼ਾਇਡਿੰਗ ਅਫ਼ਸਰ ਦੇਵ ਵਰਤ ਨੇ ਆਖਿਆ ਕਿ ਮਨਪ੍ਰੀਤ ਸਿੰਘ ਵੋਟ ਪਾਉਣ ਲਈ ਨਹੀਂ ਪੁੱਜੇ ਪਰ ਪਤਾ ਨਹੀਂ ਕਿ ਉਨ੍ਹਾਂ ਦੀ ਕੌਣ ਵੋਟ ਪਾ ਗਿਆ ਹੈ। ਇੰਨਾ ਜ਼ਰੂਰ ਹੈ ਕਿ ਸਾਰੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਨੇ ਆਪਸੀ ਸਹਿਮਤੀ ਨਾਲ ਵਜ਼ੀਰ-ਏ-ਖ਼ਜ਼ਾਨਾ ਦੀ ਵੋਟ ਭੁਗਤਾਈ ਹੈ।
ਪੰਜਾਬ ਚੋਣ ਕਮਿਸ਼ਨ ਨੇ ਚੋਣ ਬੇਨਿਯਮੀਆਂ ਦੇ ਮਾਮਲੇ ਵਿਚ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਵਿਚ ਪਟਿਆਲਾ ਦੇ ਦੋਣ ਪਿੰਡ ਦੇ ਪ੍ਰੀਜ਼ਾਈਡਿੰਗ ਅਧਿਕਾਰੀ ਹੈੱਡਮਾਸਟਰ ਆਜ਼ਾਦ ਸਿੰਘ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਬਸੀ ਪਠਾਣਾਂ ਦੇ ਸੁਪਰਡੈਂਟ ਸੁਖਵਿਦਰ ਸਿੰਘ ਅਤੇ ਬਠਿੰਡਾ ਦੇ ਈਓ ਚਰਨ ਦਾਸ, ਜੋ ਗੋਨੇਆਣਾ ਦੇ ਰਿਟਰਨਿੰਗ ਅਧਿਕਾਰੀ ਸਨ, ਸ਼ਾਮਲ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਭਿੱਟੇਵੱਡ ਵਡਾਲਾ ਵਿਚ ਬੈਲੇਟ ਪੇਪਰ ਸਮੇਂ ਸਿਰ ਨਾ ਪੁੱਜਣ ਅਤੇ ਲਿਦੇਹ ਪਿੰਡ ਵਿਚ ਵੋਟਾਂ ਪਾਉਣ ਸਮੇਂ ਕਾਫੀ ਗੜਬੜ ਹੋਣ ਕਰਕੇ ਦੋਵੇਂ ਪਿੰਡਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਵੋਟਾਂ ਦੀ ਤਰੀਕ ਤੈਅ ਕਰਕੇ ਉਥੇ ਵੋਟਾਂ ਪੁਆਈਆਂ ਜਾਣਗੀਆਂ। ਗੁਰਦਾਸਪੁਰ ਜ਼ਿਲ੍ਹੇ ਦੇ ਦੋ ਪਿੰਡਾਂ, ਲੁਧਿਆਣਾ ਦੇ ਦੇਤਵਾਲ, ਪਟਿਆਲਾ ਦੇ ਲਾਛੜੂ ਕਲਾਂ, ਮੋਹਾਲੀ ਦੇ ਇਕ ਪਿੰਡ ਸਮੇਤ ਅੱਠ ਪਿੰਡਾਂ ‘ਚ ਮੁੜ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਕੋਲ ਸਿਫ਼ਾਰਸ਼ਾਂ ਆਈਆਂ ਹਨ ਅਤੇ ਕਮਿਸ਼ਨ ਇਨ੍ਹਾਂ ਬਾਰੇ ਭਲਕੇ ਫ਼ੈਸਲਾ ਕਰੇਗਾ। ਸਕੱਤਰ ਕਮਲ ਗਰਗ ਨੇ ਪੰਚਾਇਤ ਚੋਣਾਂ ਵਿਚ 80 ਫ਼ੀਸਦੀ ਤੋਂ ਵੱਧ ਵੋਟਾਂ ਪਾਉਣ ਲਈ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਾਰਤੀ ਅਨਸਰਾਂ ਨੇ ਚੋਣਾਂ ਵਿਚ ਵਿਘਨ ਪਾਉਣ ਦਾ ਯਤਨ ਕੀਤਾ ਹੈ, ਉਨ੍ਹਾਂ ਖਿਲਾਫ਼ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਾਨਸਾ ਵਿਚ 88 ਫ਼ੀਸਦੀ, ਪਟਿਆਲਾ ਵਿਚ 82 ਫ਼ੀਸਦੀ, ਬਠਿੰਡਾ ਵਿਚ 86.95, ਫਾਜ਼ਿਲਕਾ 86, ਮੁਕਤਸਰ 78, ਸੰਗਰੂਰ 81, ਫਤਿਹਗੜ੍ਹ ਸਾਹਿਬ 77.2, ਅੰਮ੍ਰਿਤਸਰ 68, ਤਰਨਤਾਰਨ 65, ਗੁਰਦਾਸਪੁਰ 80, ਪਠਾਨਕੋਟ 80, ਜਲੰਧਰ 74.5, ਕਪੂਰਥਲਾ 75, ਹੁਸ਼ਿਆਰਪੁਰ 70 ਅਤੇ ਨਵਾਂਸ਼ਹਿਰ ‘ਚ 77.4 ਫ਼ੀਸਦੀ ਵੋਟਾਂ ਪਈਆਂ ਹਨ।