ਅਮਰੀਕਾ ਦੀਆਂ 67 ਜੇਲ੍ਹਾਂ ਵਿਚ ਅਜੇ ਵੀ ਭਾਰਤੀ ਮੂਲ ਲੋਕ ਨਜ਼ਰਬੰਦ : ਸਤਨਾਮ ਸਿੰਘ ਚਾਹਲ

ਅਮਰੀਕਾ ਦੀਆਂ 67 ਜੇਲ੍ਹਾਂ ਵਿਚ ਅਜੇ ਵੀ ਭਾਰਤੀ ਮੂਲ ਲੋਕ ਨਜ਼ਰਬੰਦ : ਸਤਨਾਮ ਸਿੰਘ ਚਾਹਲ

ਜਲੰਧਰ/ਬਿਊਰੋ ਨਿਊਜ਼ :
ਅਮਰੀਕਾ ਦੀਆਂ ਵੱਖ ਵੱਖ 67 ਜੇਲ੍ਹਾਂ ਵਿਚ ਇਮੀਗਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਅਜੇ ਵੀ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਨਜ਼ਰਬੰਦ ਹਨ ਜਿਨ੍ਹਾਂ ਵਿਚੋਂ ਜ਼ਿਆਦਾ ਗਿਣਤੀ ਪੰਜਾਬੀ ਮੂਲ ਦੇ ਨਜ਼ਰਬੰਦ ਲੋਕਾਂ ਦੀ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਇੱਥੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ. ਸਤਨਾਮ ਸਿੰਘ ਚਾਹਲ ਨੇ ਪ੍ਰੈੱਸ ਬਿਆਨ ਰਾਹੀਂ ਦਿੱਤੀ। ਸ. ਚਾਹਲ ਨੇ ਦੱਸਿਆ ਕਿ ਅਮਰੀਕਾ ਦੇ ਇਮੀਗਰੇਸ਼ਨ ਵਿਭਾਗ ਵਲੋਂ ਫਰੀਡਮ ਆਫ਼ ਇਨਫਰਮੇਸ਼ਨ ਤੇ ਪ੍ਰਾਈਵੇਸੀ ਐਕਟ ਤਹਿਤ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਅਮਰੀਕਾ ਦੀਆਂ ਜਿਨ੍ਹਾਂ ਪ੍ਰਮੁੱਖ ਜੇਲ੍ਹਾਂ ਵਿਚ ਭਾਰਤੀ ਮੂਲ ਦੇ ਲੋਕ ਨਜ਼ਰਬੰਦ ਹਨ, ਉਨ੍ਹਾਂ ਜੇਲ੍ਹਾਂ ਵਿਚ ਯੂਬਾ ਕਾਊਂਟੀ ਜੇਲ੍ਹ, ਯੌਰਕ ਕਾਊਂਟੀ ਜੇਲ੍ਹ, ਵੈਸਟ ਟੈਕਸਾਸ ਡਿਟੈਨਸ਼ਨ ਸੈਂਟਰ, ਟੁਲਸਾ ਕਾਊਂਟੀ ਜੇਲ੍ਹ, ਸਾਊਥ ਟੈਕਸਾਸ ਡਿਟੈਨਸ਼ਨ ਜੇਲ੍ਹ, ਜੌਹਨਸਨ ਕਾਊਂਟੀ ਜੇਲ੍ਹ, ਬੇਕਰ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਜੇਲ੍ਹ, ਬਟਲਰ ਕਾਊਂਟੀ ਜੇਲ੍ਹ, ਕਲੇਅ ਕਾਊਂਟੀ ਜਸਟਿਸ ਸੈਂਟਰ, ਡੈਨਵਰ ਕਾਊਂਟੀ ਡਿਟੈਨਸ਼ਨ ਸੈਂਟਰ, ਐਲਪਾਸੋ ਸਰਵਿਸ ਸੈਂਟਰ, ਫਲੋਰੈਂਸ ਸਰਵਿਸ ਸੈਂਟਰ, ਹੁਡਸਨ ਕਾਊਂਟੀ ਜੇਲ੍ਹ ਤੇ ਕੌਂਟਰਾ ਕੌਸਟਾ ਕਾਊਂਟੀ ਜੇਲ੍ਹ ਦੇ ਨਾਮ ਵਰਨਣਯੋਗ ਹਨ। ਸ. ਚਾਹਲ ਨੇ ਦੱਸਿਆ ਕਿ ਜਿਹੜੇ ਲੋਕ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਦਾ ਬਾਰਡਰ ਪਾਰ ਕਰਦਿਆਂ ਫੜੇ ਜਾਂਦੇ ਹਨ, ਉਨ੍ਹਾਂ ਨੂੰ ਵੀ ਇਮੀਗਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰਕੇ ਜੇਲ੍ਹਾਂ ਵਿਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਸ. ਚਾਹਲ ਨੇ ਇਸ ਗੱਲ ‘ਤੇ ਦੁੱਖ ਪਰਗਟ ਕੀਤਾ ਕਿ ਪੰਜਾਬ ਵਿਚ ਗੈਰ ਕਾਨੂੰਨੀ ਮਨੁੱਖੀ ਤਸਕਰੀ ਨੂੰ ਰੋਕਣ ਲਈ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਪੰਜਾਬ ਅਜੇ ਤਕ ਗੈਰ ਕਾਨੂੰਨੀ ਮਨੁੱਖੀ ਤਸਕਰੀ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਦੇ ਜਾਲ ਵਿਚ ਭੋਲੇ ਭਾਲੇ ਲੋਕ ਫਸ ਕੇ ਆਰਥਿਕ ਤੇ ਮਾਨਸਿਕ ਤੌਰ ‘ਤੇ ਬਰਬਾਦ ਹੋ ਰਹੇ ਹਨ। ਸ. ਚਾਹਲ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਵਿਚੋਂ ਗੈਰ ਕਾਨੂੰਨੀ ਮਨੁੱਖੀ ਤਸਕਰੀ ਨੂੰ ਰੋਕਣ ਲਈ ਅਸਰਦਾਰ ਤਰੀਕੇ ਨਾਲ ਯਤਨ ਕੀਤੇ ਜਾਣ।