ਮੋਦੀ ਸਰਕਾਰ ਨੇ ਰਾਫੇਲ ਜੰਗੀ ਜਹਾਜ਼ ਖ਼ਰੀਦ-ਮਾਮਲੇ ‘ਚ ਕੀਤਾ 41 ਹਜ਼ਾਰ ਕਰੋੜ ਦਾ ਘਪਲਾ

ਮੋਦੀ ਸਰਕਾਰ ਨੇ ਰਾਫੇਲ ਜੰਗੀ ਜਹਾਜ਼ ਖ਼ਰੀਦ-ਮਾਮਲੇ ‘ਚ ਕੀਤਾ 41 ਹਜ਼ਾਰ ਕਰੋੜ ਦਾ ਘਪਲਾ

ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ।

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਦੋਸ਼ ਲਾਇਆ ਕਿ ਇਸ ਨੇ ਰਾਫੇਲ ਜੰਗੀ ਜਹਾਜ਼ ਖ਼ਰੀਦਣ ਦੇ ਮਾਮਲੇ ਵਿਚ ਰਿਲਾਇੰਸ ਗਰੁੱਪ ਰਾਹੀਂ ਇਕਤਾਲੀ ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ  ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਦੇ ਨਾਅਰੇ ਦੇ ਉਲਟ ਜਾ ਕੇ ਕੇਂਦਰ ਸਰਕਾਰ ਨੇ 536 ਕਰੋੜ ਰੁਪਏ ਵਾਲਾ ਜੰਗੀ ਜਹਾਜ਼ 1670 ਕਰੋੜ ਵਿੱਚ ਖਰੀਦਿਆ ਗਿਆ। ਇਸ ਤਰ੍ਹਾਂ 36 ਜੰਗੀ ਜਹਾਜ਼ ਖਰੀਦੇ ਗਏ ਹਨ। ਇਹ ਜਹਾਜ਼ ਫਰਾਂਸ ਦੀ ਇਕ ਕੰਪਨੀ ਤੋਂ ਅੰਬਾਨੀ ਦੀ ਕੰਪਨੀ ਰਾਹੀਂ ਖਰੀਦੇ ਗਏ ਹਨ। ਜਹਾਜ਼ ਖ਼ਰੀਦਣ ਦੇ ਆਰਡਰ 10 ਅਪਰੈਲ 2015 ਨੂੰ ਦਿੱਤੇ ਸਨ।
ਆਰਡਰ ਦੇਣ ਤੋਂ 12 ਦਿਨ ਪਹਿਲਾਂ ਹੀ ਕੰਪਨੀ ਵਜੂਦ ਵਿਚ ਆਈ ਸੀ, ਜਿਸ ਤੋਂ ਜ਼ਾਹਿਰ ਹੈ ਕਿ ਮੋਦੀ ਸਰਕਾਰ ਨੇ ਰਿਲਾਇੰਸ ਗਰੁੱਪ ਨਾਲ ਕਥਿਤ ਮਿਲੀਭੁਗਤ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਰਗਿਲ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਜੰਗੀ ਜਹਾਜ਼ ਖ਼ਰੀਦਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਬੰਧਤ ਮੁਲਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਅਡਾਨੀ ਅਤੇ ਅੰਬਾਨੀ ਗਰੁੱਪ ਨੂੰ ਬਹੁਤ ਸਾਰੇ ਵਿੱਤੀ ਲਾਭ ਪਹੁੰਚਾਏ ਹਨ, ਜਿਸ ਤੋਂ ਜ਼ਾਹਿਰ ਹੈ ਕਿ ਕੇਂਦਰ ਦੀ ਸਰਕਾਰ ਉਦਯੋਗਪਤੀਆਂ ਦੀ ਹੀ ਸਰਕਾਰ ਹੈ।
ਉਨ੍ਹਾਂ ਕਿਹਾ ਕਿ ਜਹਾਜ਼ ਖਰੀਦਣ ਦਾ ਮਾਮਲਾ ਦੇਸ਼ ਦੀ ਸੁਰੱਖਿਅਤ ਨਾਲ ਜੁੜਿਆ ਹੋਇਆ ਹੈ ਤੇ ਸੁਰੱਖਿਆ ਦੇ  ਮਾਮਲੇ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਇਹ ਮਾਮਲਾ ਪਾਰਲੀਮੈਂਟ ਵਿਚ ਉਠਾਉਣ ਦਾ ਯਤਨ ਕੀਤਾ ਸੀ ਪਰ ਇਸ ਨੂੰ ਉਠਾਉਣ ਦੀ ਆਗਿਆ ਨਹੀਂ ਦਿਤੀ ਗਈ ਤੇ ਕਾਂਗਰਸ ਪਾਰਟੀ ਇਸ ਮੁੱਦੇ ਤੇ ਚੁੱਪ ਕਰਕੇ ਨਹੀਂ ਬੈਠੇਗੀ ਤੇ ਇਸ ਮਾਮਲੇ ਨੂੰ ਪੂਰੀ ਸ਼ਿਦਤ ਨਾਲ ਉਭਾਰੇਗੀ।