ਨਿਰੰਕਾਰੀਆਂ ਦੇ ਸਮਾਗਮ ‘ਤੇ ਗ੍ਰਨੇਡ ਨਾਲ ਹਮਲਾ, 3 ਦੀ ਮੌਤ-ਦਰਜਨਾਂ ਜ਼ਖਮੀ

ਨਿਰੰਕਾਰੀਆਂ ਦੇ ਸਮਾਗਮ ‘ਤੇ ਗ੍ਰਨੇਡ ਨਾਲ ਹਮਲਾ, 3 ਦੀ ਮੌਤ-ਦਰਜਨਾਂ ਜ਼ਖਮੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਾਜਾਸਾਂਸੀ ਕਸਬੇ ਨੇੜਲੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ-ਸਮਾਗਮ ਉਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਹੈ। ਨਿਰੰਕਾਰੀ ਭਵਨ ਵਿਚ ਚੱਲ ਰਹੇ ਸਤਿਸੰਗ ਦੌਰਾਨ ਹੋਏ ਹਮਲੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਗ੍ਰਨੇਡ ਧਮਾਕੇ ਵਿਚ ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਸੰਦੀਪ ਸਿੰਘ ਵਾਸੀ ਰਾਜਾਸਾਂਸੀ, ਸੁਖਦੇਵ ਸਿੰਘ ਵਾਸੀ ਪਿੰਡ ਮੀਰਾਂਕੋਟ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਬੱਗਾ ਕਲਾਂ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ 9 ਔਰਤਾਂ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਤੇ ਹੋਰ ਟੀਮਾਂ ਵੱਲੋਂ ਹਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਮਿਲੇ ਵੇਰਵਿਆਂ ਮੁਤਾਬਕ ਇਹ ਘਟਨਾ ਦੁਪਹਿਰ ਲਗਪਗ 12 ਵਜੇ ਵਾਪਰੀ। ਭਵਨ ਦੇ ਮੁੱਖ ਦਰਵਾਜ਼ੇ ‘ਤੇ ਡਿਊਟੀ ਦੇ ਰਹੇ ਨੌਜਵਾਨ ਗਗਨ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਸਵਾਰ ਦੋ ਹਥਿਆਰਬੰਦ ਨੌਜਵਾਨ ਆਏ ਜਿਨ੍ਹਾਂ ਨੇ ਲੋਈਆਂ ਲਈਆਂ ਹੋਈਆਂ ਸਨ ਅਤੇ ਮੂੰਹ ਢਕੇ ਹੋਏ ਸਨ। ਉਨ੍ਹਾਂ ‘ਚੋਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਈ ਅਤੇ ਉਸ ਨੂੰ ਇਕ ਪਾਸੇ ਲੈ ਗਿਆ ਅਤੇ ਉਸ ਕੋਲੋਂ ਅੰਦਰ ਚੱਲ ਰਹੇ ਸਮਾਗਮ ਬਾਰੇ ਜਾਣਕਾਰੀ ਲਈ। ਇਸ ਦੌਰਾਨ ਉਸ ਦਾ ਦੂਜਾ ਸਾਥੀ ਅੰਦਰ ਗਿਆ ਅਤੇ ਉਸ ਨੇ ਹਾਲ ਵਿਚ ਬੈਠੀ ਸੰਗਤ ‘ਤੇ ਹੈਂਡ ਗ੍ਰਨੇਡ ਸੁੱਟਿਆ। ਧਮਾਕੇ ਨਾਲ ਭੱਜ-ਨੱਠ ਮਚ ਗਈ ਜਿਸ ਵਿਚ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿਚ ਸਫ਼ਲ ਰਹੇ।
ਮੌਕੇ ‘ਤੇ ਹਾਜ਼ਰ ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟਿਆਂ ਨਾਲ ਸਮਾਗਮ ਵਿਚ ਆਇਆ ਸੀ ਅਤੇ ਦੋਵੇਂ ਪਤੀ-ਪਤਨੀ ਧਮਾਕੇ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਮੰਚ ਦੇ ਨੇੜੇ ਬੈਠੇ ਹੋਏ ਸਨ ਅਤੇ ਅਚਨਚੇਤੀ ਕੋਈ ਠੋਸ ਚੀਜ਼ ਡਿੱਗੀ ਜਿਸ ਮਗਰੋਂ ਜ਼ੋਰਦਾਰ ਧਮਾਕਾ ਹੋਇਆ। ਉਸ ਨੇ ਦੱਸਿਆ ਕਿ ਜਦੋਂ ਉਹ ਪਤਨੀ ਅਤੇ ਬੱਚਿਆਂ ਨਾਲ ਹਸਪਤਾਲ ਜਾਣ ਲੱਗਾ ਸੀ ਤਾਂ ਉਸ ਨੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ‘ਤੇ ਫਰਾਰ ਹੁੰਦੇ ਦੇਖਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੀਨੀਅਰ ਪੁਲੀਸ ਅਤੇ ਜ਼ਿਲ੍ਹਾ ਅਧਿਕਾਰੀ ਘਟਨਾ ਸਥਾਨ ‘ਤੇ ਪੁੱਜ ਗਏ ਸਨ। ਜਾਂਚ ਦੌਰਾਨ ਮੀਡੀਆ ਨੂੰ ਨਿਰੰਕਾਰੀ ਭਵਨ ਦੇ ਅੰਦਰ ਨਹੀਂ ਜਾਣ ਦਿਤਾ ਗਿਆ। ਬਾਰਡਰ ਰੇਂਜ ਦੇ ਆਈਜੀ ਐਸ ਪੀ ਐਸ ਪਰਮਾਰ ਨੇ ਦੱਸਿਆ ਕਿ ਫੌਰੀ ਕਹਿਣਾ ਮੁਸ਼ਕਿਲ ਹੈ ਕਿ ਇਹ ਅਤਿਵਾਦੀ ਹਮਲਾ ਹੈ ਪਰ ਇਸ ਸਬੰਧੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਾਲ ਵਿਚ ਧਮਾਕੇ ਸਮੇਂ ਲਗਪਗ 200 ਸ਼ਰਧਾਲੂ ਹਾਜ਼ਰ ਸਨ। ਇਸ ਕੰਪਲੈਕਸ ਵਿਚ ਕਿਸੇ ਵੀ ਥਾਂ ‘ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਹਨ। ਧਮਾਕੇ ਨਾਲ ਜ਼ਮੀਨ ‘ਤੇ ਤਿੰਨ ਇੰਚ ਦੇ ਘੇਰੇ ‘ਚ ਛੋਟਾ ਟੋਆ ਪੈ ਗਿਆ ਜਿਸ ਦੀ ਜਾਂਚ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ। ਗ੍ਰਨੇਡ ਦਾ ਸੇਫਟੀ ਵਾਲਵ ਵੀ ਮਿਲਿਆ ਹੈ ਅਤੇ ਉਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਡੇਰੇ ਦੇ ਪ੍ਰਬੰਧਕਾਂ ਤੇ ਸ਼ਰਧਾਲੂਆਂ ਨੇ ਦੋਸ਼ ਲਾਇਆ ਕਿ ਹਮਲਾ ਪ੍ਰਸ਼ਾਸਨ ਦੀ ਢਿੱਲ ਅਤੇ ਲਾਪਰਵਾਹੀ ਦਾ ਸਿੱਟਾ ਹੈ।
ਜ਼ਖ਼ਮੀਆਂ ‘ਚ ਸੁਰਜੀਤ ਕੌਰ, ਸਿਮਰਨਜੀਤ ਕੌਰ, ਮਹਿਕਜੀਤ ਕੌਰ ਅਤੇ ਰੇਸਾ ਸਿੰਘ ਵਾਸੀ ਪਿੰਡ ਮੀਰਾਂਕੋਟ, ਗਗਨਦੀਪ ਸਿੰਘ, ਅਕਾਸ਼ਦੀਪ ਸਿੰਘ, ਜਸਬੀਰ ਕੌਰ, ਸਰਬਜੀਤ ਸਿੰਘ, ਅਵਤਾਰ ਸਿੰਘ, ਕਸ਼ਮੀਰ ਕੌਰ, ਗੁਰਪਿਆਰ ਸਿੰਘ, ਰਾਜਵੰਤ ਕੌਰ ਅਤੇ ਲਾਲ ਬਿਹਾਰੀ ਰਾਜਾਸਾਂਸੀ ਕਸਬੇ ਦੇ ਹਨ। ਕੁਲਵਿੰਦਰ ਸਿੰਘ ਸ਼ੇਰਾਂਕਲਾਂ, ਹਰਵਿੰਦਰ ਸਿੰਘ ਬੱਗਾ ਖੁਰਦ, ਹਰਜੋਤ ਸਿੰਘ ਅਤੇ ਕੁਲਦੀਪ ਸਿੰਘ ਪਿੰਡ ਕੁੱਕੜਾਂਵਾਲਾ, ਨਿਰਮਲ ਕੌਰ ਘਨੂੰਪੁਰ, ਅਜੀਤ ਸਿੰਘ ਹਰਸ਼ਾ ਛੀਨਾ ਸਿੰਘ ਤੋਂ, ਸੁਖਵਿੰਦਰ ਕੌਰ ਅਤੇ ਦਿਲਸ਼ੇਰ ਸਿੰਘ ਪਿੰਡ ਧੌਲ ਕਲਾਂ ਅਤੇ ਸਤਿੰਦਰ ਕੁਮਾਰ ਲੁਹਾਰਕਾ ਰੋਡ ਤੋਂ ਹਨ। ਇਨ੍ਹਾਂ ਜ਼ਖ਼ਮੀਆਂ ਵਿਚੋਂ 13 ਨੂੰ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠਲੇ ਗੁਰੂ ਨਾਨਕ ਦੇਵ ਹਸਪਤਾਲ ਅਤੇ ਬਾਕੀਆਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ।
ਘਟਨਾ ਤੋਂ ਬਾਅਦ ਕੈਬਨਿਟ ਮੰਤਰੀ ਓ ਪੀ ਸੋਨੀ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਵਿਧਾਇਕ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ ਅਤੇ ਹੋਰਨਾਂ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਵਿਚ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਤੇ ਬਿਹਤਰੀਨ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਇਸ ਹਮਲੇ ਵਿਚ ਆਈਐਸਆਈ ਅਧਾਰਿਤ ਖਾਲਿਸਤਾਨੀ ਜਾਂ ਕਸ਼ਮੀਰੀ ਖਾੜਕੂ ਗਰੁੱਪਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ। ਗ੍ਰਹਿ ਮੰਤਰੀ ਨੇ ਇਸ ਹਮਲੇ ਨੂੰ ਭਿਆਨਕ ਦੱਸਦਿਆਂ ਇਸ ਹਮਲੇ ‘ਚ ਹੋਈਆਂ ਮੌਤਾਂ ‘ਤੇ ਦੁਖ ਜ਼ਾਹਿਰ ਕੀਤਾ।
ਪੰਜਾਬ ਪੁਲੀਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਆਖਿਆ ਕਿ ਪੁਲੀਸ ਇਸ ਨੂੰ ਅਤਿਵਾਦੀ ਹਮਲੇ ਵਜੋਂ ਦੇਖ ਰਹੀ ਹੈ ਅਤੇ ਇਸੇ ਨਜ਼ਰੀਏ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਦੀ ਜਾਂਚ ਵਾਸਤੇ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਵੀ ਦਿੱਲੀ ਤੋਂ ਇਥੇ ਪੁੱਜ ਰਹੀ ਹੈ। ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਮੀਡੀਆ ਨਾਲ ਸੰਖੇਪ ਗੱਲਬਾਤ ‘ਚ ਡੀਜੀਪੀ ਨੇ ਆਖਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਧਮਾਕੇ ਲਈ ਹੈਂਡ ਗ੍ਰਨੇਡ ਦੀ ਵਰਤੋਂ ਕੀਤੀ ਗਈ। ਪਾਕਿਸਤਾਨੀ ਅਤਿਵਾਦੀ ਜ਼ਾਕਿਰ ਮੂਸਾ ਦਾ ਹਮਲੇ ਪਿੱਛੇ ਹੱਥ ਹੋਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਆਖਿਆ ਕਿ ਅਜੇ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਠਾਨਕੋਟ ਕੋਲੋਂ ਕੁਝ ਸ਼ੱਕੀ ਵਿਅਕਤੀਆਂ ਨੇ ਇਨੋਵਾ ਕਾਰ ਖੋਹੀ ਸੀ ਅਤੇ ਉਨ੍ਹਾਂ ਬਾਰੇ ਅਜੇ ਤਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਪਹਿਲਾਂ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਵੀ ਪੰਜਾਬ ਵਿਚ ਹਾਲਾਤ ਖ਼ਰਾਬ ਹੋਣ ਦਾ ਖਦਸ਼ਾ ਪ੍ਰਗਟਾ ਚੁੱਕੇ ਹਨ।
ਨਿਰੰਕਾਰੀ ਭਵਨ ‘ਚ ਹੋਏ ਬੰਬ ਧਮਾਕੇ ਤੋਂ ਬਾਅਦ ਜਲੰਧਰ ਜ਼ਿਲ੍ਹੇ ਵਿੱਚ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ ਤੇ ਵੱਖ ਵੱਖ ਥਾਵਾਂ ‘ਤੇ ਬੈਰੀਅਰ ਲਗਾ ਕੇ ਆਉਣ ਜਾਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।ਇਥੋਂ ਦੇ ਰੇਲਵੇ ਸਟੇਸ਼ਨ ‘ਤੇ ਕਸ਼ਮੀਰੀ ਅਤਿਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਲਗਾਏ ਗਏ ਹਨ ਤਾਂ ਜੋ ਇਸ ਬਾਰੇ ਕੋਈ ਜਾਣਕਾਰੀ ਮਿਲ ਸਕੇ।