ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਵੜੇ 2382 ਭਾਰਤੀ ਹਨ ਜੇਲ੍ਹਾਂ ਵਿਚ ਬੰਦ

ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਵੜੇ 2382 ਭਾਰਤੀ ਹਨ ਜੇਲ੍ਹਾਂ ਵਿਚ ਬੰਦ

ਵਾਸ਼ਿੰਗਟਨ/ਬਿਊਰੋ ਨਿਊਜ਼ :
ਉਤਰੀ ਅਮਰੀਕਾ-ਪੰਜਾਬੀ ਐਸੋਸੀਏਸ਼ਨ (ਨਾਪਾ) ਅਨੂਸਾਰ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਟੱਪਣ ਦੇ ਦੋਸ਼ ਹੇਠ ਲਗਭਗ 2400 ਭਾਰਤੀ ਅਮਰੀਕਾ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਵਿਚੋਂ ਹਨ। ਨਾਪਾ ਵੱਲੋਂ ਸੂਚਨਾ ਦੀ ਆਜ਼ਾਦੀ ਐਕਟ ਤਹਿਤ ਹਾਸਲ ਕੀਤੀ ਜਾਣਕਾਰੀ ਤੋਂ ਇਹ ਖੁਲਾਸਾ ਹੋਇਆ ਹੈ ਕਿ ਕੁੱਲ 2382 ਭਾਰਤੀ ਅਮਰੀਕਾ ਦੀਆਂ 86 ਜੇਲ੍ਹ ਵਿਚ ਬੰਦ ਹਨ। ਉਹ ਇਹ ਕਹਿ ਕੇ ਇਥੇ ਪਨਾਹ ਮੰਗ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਵਿਚ ਹਿੰਸਾ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਾਪਾ ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਦੇ ਇੰਨੀ ਵੱਡੀ ਗਿਣਤੀ ਲੋਕਾਂ ਦੇ ਇਥੋਂ ਦੀ ਜੇਲ੍ਹਾਂ ਵਿਚ ਬੰਦ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਮਨੁੱਖੀ ਤਸਕਰਾਂ ਅਤੇ ਅਧਿਕਾਰੀਆਂ ਦਾ ਵੱਡਾ ਗੱਠਜੋੜ ਹੈ ਜੋ ਪੰਜਾਬ ਦੇ ਨੌਜਵਾਨਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਕਰਾਉਣ ਦੀ ਹੱਲਾਸ਼ੇਰੀ ਦਿੰਦਾ ਹੈ ਤੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲਦਾ ਹੈ। ਨਾਪਾ ਨੇ ਪੰਜਾਬ ਸਰਕਾਰ ਤੋਂ ਮਨੁੱਖੀ ਤਸਕਰੀ ਰੋਕਣ ਲਈ ਬਣੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਹੈ।