ਭਾਰਤ ਨੇ ਬੰਗਲਾਦੇਸ਼ ਨੂੰ 208 ਦੌੜਾਂ ਨਾਲ ਹਰਾਇਆ

ਭਾਰਤ ਨੇ ਬੰਗਲਾਦੇਸ਼ ਨੂੰ 208 ਦੌੜਾਂ ਨਾਲ ਹਰਾਇਆ

ਹੈਦਰਾਬਾਦ/ਬਿਊਰੋ ਨਿਊਜ਼ :
ਭਾਰਤ ਦੌਰੇ ‘ਤੇ ਇਕਲੌਤਾ ਟੈਸਟ ਮੈਚ ਖੇਡਣ ਆਈ ਬੰਗਲਾਦੇਸ਼ ਦੀ ਟੀਮ ਨੂੰ ਭਾਰਤ ਨੇ 208 ਦੌੜਾਂ ਨਾਲ ਹਰਾ ਦਿੱਤਾ। ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਭਾਰਤੀ ਗੇਂਦਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੰਗਲਾਦੇਸ਼ ਦੀ ਦੂਜੀ ਪਾਰੀ 250 ਦੌੜਾਂ ‘ਤੇ ਸਮੇਟ ਦਿੱਤੀ। ਇਹ ਭਾਰਤ ਦੀ ਲਗਾਤਾਰ ਛੇਵੀਂ ਲੜੀ ਹੈ। ਇਸ ਦੇ ਇਲਾਵਾ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਪਿਛਲੇ 19 ਮੈਚਾਂ ਵਿਚ ਲਗਾਤਾਰ ਜੇਤੂ ਰਹੀ। ਇਸ ਜਿੱਤ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੁਨੀਲ ਗਵਾਸਕਰ ਦਾ ਰਿਕਾਰਡ ਨੂੰ ਤੋੜ ਦਿੱਤਾ। ਇਕੋ ਟੈਸਟ ਮੈਚ ਖੇਡਣ ਭਾਰਤ ਆਈ ਬੰਗਲਾਦੇਸ਼ ਦੀ ਟੀਮ ਨੂੰ ਭਾਰਤ ਨੇ ਜਿੱਤ ਲਈ 458 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਬੰਗਲਾਦੇਸ਼ ਦੀ ਪੂਰੀ ਟੀਮ 5ਵੇਂ ਦਿਨ ਦੇ ਦੂਜੇ ਸੈਸ਼ਨ ਵਿਚ 250 ਦੌੜਾਂ ‘ਤੇ ਆਊਟ ਹੋ ਗਈ। ਬੰਗਲਾਦੇਸ਼ ਦੀ ਦੂਜੀ ਪਾਰੀ ਵਿਚ ਅਸ਼ਵਿਨ ਅਤੇ ਜਡੇਜਾ ਨੇ 4-4 ਵਿਕਟਾਂ ਲਈਆਂ। ਉਥੇ ਹੀ ਤੇਜ਼ ਗੇਂਦਬਾਜ਼ ਇਸ਼ਾਂਤ ਨੇ ਵੀ 2 ਵਿਕਟਾਂ ਆਪਣੇ ਨਾਂਅ ਕੀਤੀਆਂ। ਬੰਗਲਾਦੇਸ਼ ਦੀ ਦੂਜੀ ਪਾਰੀ ਵਿਚ ਬੰਗਲਾਦੇਸ਼ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਮੁਹੰਮਦਉਲਾ (64) ਨੇ ਬਣਾਈਆਂ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪਹਿਲੀ ਪਾਰੀ 388 ਦੌੜਾਂ ‘ਤੇ ਸਿਮਟ ਗਈ ਸੀ, ਜਦਕਿ ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ 687 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ। ਇਸ ਵਿਚ ਵਿਰਾਟ ਕੋਹਲੀ ਨੇ ਸਭ ਤੋਂ ਜ਼ਿਆਦਾ 204 ਦੌੜਾਂ ਬਣਾਈਆਂ ਸਨ। ਇਸ ਦੇ ਬਾਅਦ ਬੰਗਲਾਦੇਸ਼ ਦੀ ਪਹਿਲੀ ਪਾਰੀ 388 ‘ਤੇ ਸਮੇਟਣ ਬਾਅਦ ਭਾਰਤ ਨੇ ਦੂਜੀ ਪਾਰੀ ਵਿਚ 4 ਵਿਕਟਾਂ ‘ਤੇ 159 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕੀਤਾ। ਵਿਰਾਟ ਕੋਹਲੀ ਨੇ ਲਗਾਤਾਰ ਪਿਛਲੀਆਂ 4 ਟੈਸਟ ਲੜੀਆਂ ਵਿਚ ਦੋਹਰਾ ਸੈਂਕੜਾ ਬਣਾਇਆ ਹੈ। ਉਨ੍ਹਾਂ ਨੂੰ 204 ਦੌੜਾਂ ਦੀ ਇਸ ਫੈਸਲਾਕੁਨ ਪਾਰੀ ਲਈ ‘ਮੈਨ ਆਫ ਦਾ ਮੈਚ’ ਐਲਾਨਿਆ ਗਿਆ। ਵਿਰਾਟ ਦੇ ਇਲਾਵਾ ਇਸ ਮੈਚ ਵਿਚ ਭਾਰਤ ਵਲੋਂ ਮੁਰਲੀ ਵਿਜੈ ਅਤੇ ਵਿਕਟ ਕੀਪਰ ਰਿਦਿਮਾਨ ਸਾਹਾ ਨੇ ਵੀ ਸੈਕੜਾ ਲਾਇਆ ਸੀ। ਉਥੇ ਹੀ ਬੰਗਲਾਦੇਸ਼ ਵਲੋਂ ਕਪਤਾਨ ਮੁਸ਼ਫਿਕੁਰ ਰਹਿਮਾਨ ਨੇ ਪਹਿਲੀ ਪਾਰੀ ਦੇ ਸਕੋਰ ਨੂੰ ਸਨਮਾਨਜਨਕ ਸਕੋਰ ‘ਤੇ ਪਹੁੰਚਾਇਆ ਸੀ। ਦੁਨੀਆ ਦੇ ਨੰਬਰ 1 ਗੇਂਦਬਾਜ ਰਵੀਚੰਦਰਨ ਅਸ਼ਵਿਨ ਲਈ ਇਹ ਟੈਸਟ ਮੈਚ ਬਹੁਤ ਖਾਸ ਰਿਹਾ। ਅਸ਼ਵਿਨ ਨੇ ਇਸ ਮੈਚ ਵਿਚ ਆਪਣੇ ਕੈਰੀਅਰ ਦੇ 250 ਵਿਕਟ ਪੂਰੇ ਕੀਤੇ। ਇਸ ਪ੍ਰਾਪਤੀ ਨਾਲ ਉਹ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ 250 ਵਿਕਟਾਂ ਪੂਰੀਆਂ ਕਰਨ ਵਾਲਾ ਗੇਂਦਬਾਜ਼ ਬਣਿਆ। ਵਰਨਣਯੋਗ ਹੈ ਕਿ ਬੰਗਲਾਦੇਸ਼ ਦੀ ਟੀਮ ਆਪਣੇ 17 ਸਾਲ ਦੇ ਟੈਸਟ ਕੈਰੀਅਰ ਵਿਚ ਪਹਿਲੀ ਵਾਰ ਟੈਸਟ ਮੈਚ ਖੇਡਣ ਲਈ ਭਾਰਤ ਆਈ ਸੀ। ਬੰਗਲਾਦੇਸ਼ ਨੇ ਆਪਣਾ ਪਹਿਲਾ ਟੈਸਟ ਮੈਚ ਢਾਕਾ ਵਿਚ ਨਵੰਬਰ 2000 ਵਿਚ ਭਾਰਤ ਖਿਲਾਫ਼ ਹੀ ਖੇਡਿਆ ਸੀ।

ਕੋਹਲੀ ਨੇ ਸਾਬਕਾ ਚਾਰ ਕਪਤਾਨਾਂ ਦਾ ਤੋੜਿਆ ਰਿਕਾਰਡ :
ਬੰਗਲਾਦੇਸ਼ ਖਿਲਾਫ਼ ਮਿਲੀ ਵੱਡੀ ਜਿੱਤ ਨਾਲ ਵਿਰਾਟ ਕੋਹਲੀ ਨੇ ਇਕੱਠੇ ਹੀ ਚਾਰ ਸਾਬਕਾ ਕਪਤਾਨਾਂ ਦੇ ਰਿਕਾਰਡ ਤੋੜ ਦਿੱਤੇ। ਕੋਹਲੀ ਨੇ ਆਪਣੀ ਕਪਤਾਨੀ ਵਿਚ ਲਗਾਤਾਰ ਛੇਵੀਂ ਲੜੀ ਵਿਚ ਜਿੱਤ ਦਰਜ ਕੀਤੀ ਹੈ ਤੇ ਮਹਿੰਦਰ ਸਿੰਘ ਧੋਨੀ, ਵਰਿੰਦਰ ਸਹਿਵਾਗ ਅਤੇ ਅਨਿਲ ਕੁੰਬਲੇ ਦੇ ਲਗਾਤਾਰ ਪੰਜ ਲੜੀਆਂ ਵਿਚ ਜਿੱਤ ਦਰਜ ਕਰਨ ਦੇ ਰਿਕਾਰਡ ਨੂੰ ਤੋੜ ਦਿੱਤਾ। ਇਸ ਦੇ ਇਲਾਵਾ ਕਪਤਾਨ ਕੋਹਲੀ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਵਾਸਕਰ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਕੋਹਲੀ ਨੇ ਗਵਾਸਕਰ ਦੇ ਲਗਾਤਾਰ 18 ਟੈਸਟ ਮੈਚਾਂ ਵਿਚ ਜਿੱਤ ਦੇ ਰਿਕਾਰਡ ਨੂੰ ਤੋੜ ਕੇ ਲਗਾਤਾਰ 19 ਟੈਸਟ ਮੈਚਾਂ ਵਿਚ ਜਿੱਤ ਦਰਜ ਕੀਤੀ ਹੈ।
ਅਜ਼ਹਰ ਨੂੰ ਪਿੱਛੇ ਛੱਡਿਆ :
ਕੋਹਲੀ ਦੀ ਕਪਤਾਨੀ ਵਿਚ ਭਾਰਤ ਹੁਣ ਤੱਕ 15 ਟੈਸਟ ਜਿੱਤ ਚੁੱਕਾ ਹੈ। ਉਸ ਤੋਂ ਅੱਗੇ ਅਜ਼ਹਰੂਦੀਨ ਸੀ। ਅਜ਼ਹਰੂਦੀਨ ਨੇ 1990 ਤੋਂ 1999 ਦਰਮਿਆਨ ਕਪਤਾਨੀ ਕਰਦੇ ਹੋਏ 14 ਟੈਸਟਾਂ ਵਿਚ ਭਾਰਤ ਨੂੰ ਜਿੱਤ ਦਿਵਾਈ ਸੀ। ਕੋਹਲੀ ਨੇ ਇਹ ਰਿਕਾਰਡ ਤੋੜ ਦਿੱਤਾ।