ਮਿਸ਼ਨ-2019: ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਪਹੁੰਚੇ ‘ਬਾਦਲ ਦਰਬਾਰ’

ਮਿਸ਼ਨ-2019: ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਪਹੁੰਚੇ ‘ਬਾਦਲ ਦਰਬਾਰ’

ਚੰਡੀਗੜ੍ਹ/ਬਿਊਰੋ ਨਿਉਜ਼ :
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਅਗਲੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਬਾਰੇ ਚਰਚਾ ਕਰਦਿਆਂ ਗਿਲੇ-ਸ਼ਿਕਵੇ ਵੀ ਕੀਤੇ ਅਤੇ ਕਿਹਾ ਕਿ ਕਿਸਾਨਾਂ, ਦਲਿਤਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਘੱਟ ਗਿਣਤੀਆਂ ਦਰਮਿਆਨ ਕੇਂਦਰ ਸਰਕਾਰ ਖ਼ਿਲਾਫ਼ ਵਧੀ ਨਾਰਾਜ਼ਗੀ ਨੂੰ ਦੂਰ ਕਰਨ ਦੀ ਲੋੜ ਹੈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਅਕਾਲੀ ਆਗੂਆਂ ਨਾਲ ਡੇਢ ਘੰਟਾ ਮੀਟਿੰਗ ਹੋਣੀ ਸੀ ਪਰ ਇਹ ਦੋ ਘੰਟਿਆਂ ਤੋਂ ਵਧ ਸਮੇਂ ਤਕ ਚੱਲੀ। ਮੀਟਿੰਗ ਦੌਰਾਨ ਅਕਾਲੀ ਆਗੂਆਂ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਵੀ ਤੈਅ ਕੀਤੀ ਗਈ। ਅਕਾਲੀ ਦਲ ਦਾ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗਾ ਅਤੇ ਲੰਗਰ ਤੋਂ ਜੀਐਸਟੀ ਹਟਾਉਣ, ਗੰਨਾ ਉਤਪਾਦਕ ਕਿਸਾਨਾਂ ਨੂੰ ਕੇਂਦਰ ਵੱਲੋਂ ਪੈਕੇਜ ਦੇਣ ਦਾ ਧੰਨਵਾਦ ਕਰਨ ਸਮੇਤ ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮੁੱਦਿਆਂ ਬਾਰੇ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਸ਼ਾਹ ਨਾਲ ਮੀਟਿੰਗ ਦੌਰਾਨ ਅਗਲੀਆਂ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਬਣਾਉਣ ਅਤੇ ਦੋਵੇਂ ਪਾਰਟੀਆਂ ਦਰਮਿਆਨ ਬਿਹਤਰ ਤਾਲਮੇਲ ਲਈ ਕੋਆਰਡੀਨੇਸ਼ਨ ਕਮੇਟੀ ਬਣਾਉਣ ਬਾਰੇ ਚਰਚਾ ਕੀਤੀ ਗਈ। ਦੋਵੇਂ ਪਾਰਟੀਆਂ ਵਿਚਾਲੇ ਮੱਤਭੇਦਾਂ ਅਤੇ ਮੁੱਦਿਆਂ ਬਾਰੇ ਚਰਚਾ ਹੋਣ ‘ਤੇ ਜਦੋਂ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਕਿਹਾ,”ਦੋਵੇਂ ਪਾਰਟੀਆਂ ਵਿਚਾਲੇ ਕੋਈ ਮੱਤਭੇਦ ਨਹੀਂ ਹਨ। ਸਗੋਂ ਅਕਾਲੀ ਦਲ ਐਨਡੀਏ ਦਾ ਸਭ ਤੋਂ ਪੁਰਾਣਾ ਭਾਈਵਾਲ ਹੈ ਅਤੇ ਅੱਗੇ ਵੀ ਬਣਿਆ ਰਹੇਗਾ।” ਉਨ੍ਹਾਂ ਕਿਹਾ ਕਿ ਉਹ ਐਨਡੀਏ ਦੇ ਪੁਰਾਣੇ ਭਾਈਵਾਲਾਂ ਨੂੰ ਅਪੀਲ ਕਰਨਗੇ ਕਿ ਉਹ ਐਨਡੀਏ ਵਿਚ ਬਣੇ ਰਹਿਣ। ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗਲੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਦੋਵੇਂ ਪਾਰਟੀਆਂ ਨੂੰ ਰਲ ਕੇ ਮਿਹਨਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਅਤੇ ਕਿਸਾਨਾਂ, ਦਲਿਤਾਂ, ਕਾਰੋਬਾਰੀਆਂ ਅਤੇ ਘੱਟ ਗਿਣਤੀਆਂ ਦੀ ਕੇਂਦਰ ਸਰਕਾਰ ਤੋਂ ਦੂਰੀ ਸਬੰਧੀ ਬਣੀ ਧਾਰਨਾ ਨੂੰ ਬਦਲਣ ਲਈ ਜ਼ਰੂਰੀ ਕਦਮ ਉਠਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਇਸ ਮੰਤਵ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨੂੰ ਇਕ ਵਫ਼ਦ ਮਿਲੇਗਾ ਜਿਸ ਵਿੱਚ ਅਕਾਲੀ ਦਲ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਹੋਣਗੇ। ਸ਼੍ਰੋਮਣੀ ਅਕਾਲੀ ਦਲ, ਭਾਜਪਾ ਦਾ ਸਭ ਤੋਂ ਪੁਰਾਣਾ ਭਾਈਵਾਲ ਹੈ ਪਰ ਕੇਂਦਰ ਸਰਕਾਰ ‘ਚ ਉਸ ਦੀ ਸੁਣਵਾਈ ਪਿਛਲੀ ਯੂਪੀਏ ਸਰਕਾਰ ਨਾਲੋਂ ਵੀ ਘੱਟ ਹੈ। ਮੋਦੀ ਸਰਕਾਰ ਨੇ ਇਸ ਭਾਈਵਾਲ ਪਾਰਟੀ ਦਾ ਇਕ ਵੀ ਰਾਜਪਾਲ ਨਹੀਂ ਲਾਇਆ ਹੈ ਅਤੇ ਨਾ ਹੀ ਕਿਸੇ ਹੋਰ ਪਾਸੇ ਕੋਈ ਨੁਮਾਇੰਦਗੀ ਦਿੱਤੀ ਹੈ। ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਇਹ ਮੁੱਦੇ ਵੀ ਵਿਚਾਰੇ ਜਾਣ ਦੀ ਸੰਭਾਵਨਾ ਹੈ। ਸ੍ਰੀ ਸ਼ਾਹ ਨਾਲ ਹੋਈ ਮੀਟਿੰਗ ਦੌਰਾਨ ਦੋਵੇਂ ਬਾਦਲਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਸ਼ਾਮਲ ਸਨ। ਭਾਜਪਾ ਵੱਲੋਂ ਮੀਟਿੰਗ ਵਿਚ ਡਾ. ਅਨਿਲ ਜੈਨ, ਪ੍ਰਭਾਤ ਝਾਅ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਕਮਲ ਸ਼ਰਮਾ, ਰਾਜਿੰਦਰ ਭੰਡਾਰੀ, ਮਨੋਰੰਜਨ ਕਾਲੀਆ, ਮਦਨ ਮੋਹਨ ਮਿੱਤਲ ਆਦਿ ਸ਼ਾਮਲ ਸਨ।
ਮੀਟਿੰਗ ਤੋਂ ਪਹਿਲਾਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਚਾਰ ਸਾਲਾਂ ਤਕ ਭਾਜਪਾ ਨੇ ਕਾਂਗਰਸ ਵਾਂਗ ਪੰਜਾਬ ਦੀਆਂ ਮੰਗਾਂ ਨੂੰ ਅਣਗੌਲਿਆ ਕਰੀ ਰੱਖਿਆ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਮੀਟਿੰਗ ਕਾਫੀ ਦੇਰੀ ਨਾਲ ਹੋ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਹੋਰ ਆਗੂ ਮੀਟਿੰਗ ਵਾਲੀ ਥਾਂ ਐਮਐਲਏ ਫਲੈਟ ਪਹੁੰਚੇ ਤਾਂ ਸੁਰੱਖਿਆ ਅਮਲੇ ਨੇ ਉਨ੍ਹਾਂ ਦੀਆਂ ਗੱਡੀਆਂ ਪਹਿਲਾਂ ਹੀ ਰੁਕਵਾ ਲਈਆਂ ਤੇ ਉਨ੍ਹਾਂ ਨੂੰ ਮੀਟਿੰਗ ਵਿਚ ਤੁਰ ਕੇ ਜਾਣਾ ਪਿਆ। ਮੀਟਿੰਗ ਦੌਰਾਨ  ਦੋਵਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਸ੍ਰੀ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਉਤਸਵ ਕੌਮੀ ਤੇ ਕੌਮਾਂਤਰੀ ਪੱਧਰ ਤੇ ਮਨਾਉਣ ਲਈ ਸਹਿਮਤੀ ਵੀ ਬਣੀ ਹੈ। ਪ੍ਰਕਾਸ਼ ਉਤਸਵ ਮਨਾਉਣ ਲਈ ਕੇਂਦਰ ਸਰਕਾਰ ਸਹਿਯੋਗ ਕਰੇਗੀ।