ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ 188ਵੀਂ ਅਰਦਾਸ ਹੋਈ

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ 188ਵੀਂ ਅਰਦਾਸ ਹੋਈ

ਬਟਾਲਾ/ਬਿਊਰੋ ਨਿਊਜ਼ :
ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੱਕ ਡੇਰਾ ਬਾਬਾ ਨਾਨਕ ਸਰਹੱਦ ਤੋਂ ਬਿਨਾਂ ਵੀਜ਼ਾ ਰਾਹ ਖੋਲ੍ਹੇ ਜਾਣ ਦੀ ਮੰਗ ਸਬੰਧੀ ਸੰਗਤ ਵਲੋਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿੱਚ 188ਵੀਂ ਅਰਦਾਸ ਕੀਤੀ ਗਈ। ਇਸ ਤੋਂ ਪਹਿਲਾਂ ਸੰਗਤ ਕਸਬੇ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਤਰ ਹੋਈ ਤੇ ਜਾਪ ਕਰਦੀ ਕੌਮਾਂਤਰੀ ਸਰਹੱਦ ‘ਤੇ ਪੁੱਜੀ। ਇੱਥੇ ਦਰਸ਼ਨ ਅਸਥਾਨ ‘ਤੇ ਖੜ੍ਹੇ ਹੋ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਖੁੱਲ੍ਹੇ ਲਾਂਘੇ ਲਈ ਅਰਦਾਸ ਕੀਤੀ ਗਈ।
ਜਥੇਦਾਰ ਵਡਾਲਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸੰਗਤ ਵਲੋਂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਹਰ ਮੱਸਿਆ ‘ਤੇ ਇੱਥੇ ਅਰਦਾਸ ਕੀਤੀ ਜਾਂਦੀ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੂਰੀ ਦੁਨੀਆ ਤੋਂ ਸੰਗਤ ਦੀਆਂ ਨਜ਼ਰਾਂ ਇਸ ਇਤਿਹਾਸਕ ਸਥਾਨ ਦੇ ਲਾਂਘੇ ਵੱਲ ਟਿਕੀਆਂ ਹੋਈਆਂ ਹਨ। ਇਸ ਮੌਕੇ ਜਥੇਦਾਰ ਜਸਬੀਰ ਸਿੰਘ ਜਫਰਵਾਲ, ਹਰਭਜਨ ਸਿੰਘ, ਬਲਕਾਰ ਸਿੰਘ ਭਗਵਾਨਪੁਰ, ਪ੍ਰੀਤਮ ਸਿੰਘ ਵਦਾਨ, ਪਵਨ ਕੁਮਾਰ ਜਲੰਧਰ, ਮਨਦੀਪ ਸਿੰਘ ਸਾਗਰਪੁਰ ਹਾਜ਼ਰ ਸਨ।