ਵਾਰਾਨਸੀ ‘ਚ ਉਸਾਰੀ ਅਧੀਨ ਪੁਲ ਡਿੱਗਣ ਕਾਰਨ 18 ਮੌਤਾਂ

ਵਾਰਾਨਸੀ ‘ਚ ਉਸਾਰੀ ਅਧੀਨ ਪੁਲ ਡਿੱਗਣ ਕਾਰਨ 18 ਮੌਤਾਂ

ਵਾਰਾਨਸੀ/ ਬਿਊਰੋ ਨਿਊਜ਼ :
ਵਾਰਾਨਸੀ ਵਿੱਚ ਉਸਾਰੀ ਅਧੀਨ ਫਲਾਈਓਵਰ ਡਿੱਗਣ ਨਾਲ 18 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਅਤੇ ਮੌਤਾਂ ਦੇ ਵਧਣ ਦਾ ਖ਼ਦਸ਼ਾ ਹੈ। ਇੱਥੇ ਰੇਲਵੇ ਸਟੇਸ਼ਨ ਨੇੜੇਅਚਾਨਕ ਉਸਾਰੀ ਅਧੀਨ ਫਲਾਈਓਵਰ ਡਿੱਗ ਗਿਆ ਅਤੇ ਕਾਫੀ ਲੋਕ ਇਸ ਦੇ ਥੱਲੇ ਆ ਗਏ ਹਨ। ਕਈ ਵਾਹਨ ਵੀ ਮਲਬੇ ਥੱਲੇ ਆ ਕੇ ਤਬਾਹ ਹੋ ਗਏ ਹਨ। ਕੌਮੀ ਆਫਤ ਰਾਹਤ ਬਲ ਦੇ ਅਧਿਕਾਰੀਆਂ ਨੇ 16 ਲਾਸ਼ਾਂ ਲੱਭ ਲੈਣ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਵਾਰਾਨਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਹਲਕਾ ਹੈ।
ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਘਟਨਾ ਬਾਅਦ ਦੁਪਹਿਰ ਵਾਪਰੀ ਹੈ ਅਤੇ ਰਾਹਤ ਟੀਮਾਂ ਘਟਨਾ ਸਥਾਨ ਉੱਤੇ ਪੁੱਜ ਗਈਆਂ ਹਨ। ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਘਟਨਾ ਸਥਾਨ ਉੱਤੇ ਪੁੱਜ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਨੂੰ ਤੇਜ਼ੀ ਨਾਲ ਅੰਜਾਮ ਦੇਣ ਲਈ ਢੁਕਵੇਂ ਯਤਨ ਆਰੰਭਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦੇ ਵੀ ਹੁਕਮ ਦਿੱਤੇ ਹਨ।
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਵਿੱਚ ਉਸਾਰੀ ਅਧੀਨ ਫਲਾਈਓਵਰ ਡਿਗਣ ਦੇ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਸਥਿਤੀ ਉੱਤੇ ਨਜ਼ਰ ਰੱਖਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਟਵਿੱਟਰ ਰਾਹੀਂ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।